ਕੈਪਟਨ ਨੇ ਕੋਰੋਨਾ ਦੇ ਵਧਦੇ ਕੇਸਾਂ ਤੋਂ ਬਾਅਦ 1 ਮਾਰਚ ਤੋਂ ਅੰਦਰੂਨੀ ਤੇ ਬਾਹਰੀ ਇਕੱਠਾਂ ‘ਤੇ ਬੰਦਿਸ਼ਾਂ ਲਾਉਣ ਦੇ ਹੁਕਮ

  • ਟੈਸਟਾਂ ਦੀ ਗਿਣਤੀ ਵਧਾ ਕੇ ਪ੍ਰਤੀ ਦਿਨ 30,000 ਕਰਨ ਦੇ ਆਦੇਸ਼
  • ਡਿਪਟੀ ਕਮਿਸ਼ਨਰਾਂ ਨੂੰ ਹਾਟ-ਸਪਾਟ ਇਲਾਕਿਆਂ ਵਿੱਚ ਲੋੜ ਪੈਣ ‘ਤੇ ਰਾਤ ਦਾ ਕਰਫਿਊ ਲਾਉਣ ਲਈ ਅਧਿਕਾਰਤ ਕੀਤਾ
  • ਵਿਦਿਆਰਥੀਆਂ ਦਰਮਿਆਨ ਮਾਮਲੇ ਵਧਣ ਦੇ ਮੱਦੇਨਜ਼ਰ ਸੁਰੱਖਿਆ ਉਪਾਵਾਂ ਦੇ ਅਮਲ ਲਈ ਸਕੂਲਾਂ ਵਿੱਚ ਅਧਿਆਪਕ ਨੋਡਲ ਅਫਸਰ ਮਨੋਨੀਤ ਕੀਤੇ

ਚੰਡੀਗੜ੍ਹ, 23 ਫਰਵਰੀ 2021 – ਸੂਬੇ ਵਿੱਚ ਕੋਵਿਡ ਦੇ ਵਧ ਰਹੇ ਕੇਸਾਂ ‘ਤੇ ਚਿੰਤਾ ਵਧਣ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਦਰੂਨੀ ਤੇ ਬਾਹਰੀ ਇਕੱਠਾਂ ਉਪਰ ਬੰਦਿਸ਼ਾਂ ਲਾਉਂਦੇ ਹੋਏ ਇਕ ਮਾਰਚ ਤੋਂ ਅੰਦਰੂਨੀ ਇਕੱਠਾਂ ਦੀ ਗਿਣਤੀ 100 ਤੱਕ ਅਤੇ ਬਾਹਰੀ ਇਕੱਠਾਂ ਦੀ ਗਿਣਤੀ 200 ਤੱਕ ਸੀਮਤ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਮਾਸਕ/ਸਮਾਜਿਕ ਦੂਰੀ ਦਾ ਸਖ਼ਤੀ ਨਾਲ ਪਾਲਣ ਕਰਨ ਅਤੇ ਟੈਸਟਿੰਗ ਵੀ ਵਧਾ ਕੇ ਪ੍ਰਤੀ ਦਿਨ 30,000 ਤੱਕ ਕਰਨ ਦੇ ਨਿਰਦੇਸ਼ ਦਿੱਤੇ ਹਨ।

ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਉਚ-ਪੱਧਰੀ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਕਮਿਸ਼ਨਰਾਂ ਨੂੰ ਸਬੰਧਤ ਜ਼ਿਲ੍ਹਿਆਂ ਵਿੱਚ ਹਾਟ-ਸਪਾਟ ਇਲਾਕਿਆਂ ਵਿੱਚ ਲੋੜ ਪੈਣ ‘ਤੇ ਰਾਤ ਦਾ ਕਰਫ਼ਿਊ ਲਾਉਣ ਲਈ ਅਧਿਕਾਰਤ ਕੀਤਾ ਹੈ ਅਤੇ ਮਾਈਕ੍ਰੋ ਕੰਟੇਨਮੈਂਟ ਰਣਨੀਤੀ ਵੀ ਅਪਣਾਈ ਜਾਵੇਗੀ। ਉਨ੍ਹਾਂ ਨੇ ਪੁਲੀਸ ਨੂੰ ਮਾਸਕ ਪਹਿਨਣ, ਸਾਰੇ ਰੈਸਟੋਰੈਂਟਾਂ ਤੇ ਮੈਰਿਜ ਪੈਲੇਸਾਂ ਵੱਲੋਂ ਕੋਵਿਡ ਨਿਗਰਾਨ ਲਾਉਣ ਬਾਰੇ ਜਾਰੀ ਨੋਟੀਫਿਕੇਸ਼ਨ ਦਾ ਸਖ਼ਤੀ ਨਾਲ ਪਾਲਣ ਕਰਵਾਉਣ ਦੇ ਵੀ ਨਿਰਦੇਸ਼ ਦਿੱਤੇ ਹਨ ਅਤੇ ਇਸ ਉਦੇਸ਼ ਲਈ ਕਰ ਤੇ ਆਬਕਾਰੀ ਵਿਭਾਗ ਨੂੰ ਨੋਡਲ ਏਜੰਸੀ ਹੋਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਸਿਨੇਮਾ ਘਰਾਂ ਵਿੱਚ ਗਿਣਤੀ ਘੱਟ ਕਰਨ ਦਾ ਫੈਸਲਾ ਇਕ ਮਾਰਚ ਤੋਂ ਬਾਅਦ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਦਫ਼ਤਰਾਂ ਅਤੇ ਰੈਸਟੋਰੈਂਟਾਂ ਨੂੰ ਸਾਰੇ ਮੁਲਾਜ਼ਮਾਂ ਲਈ ਕਰੋਨਾ ਟੈਸਟਾਂ ਦੀ ਤਾਜ਼ਾ ਰਿਪੋਰਟ ਡਿਸਪਲੇਅ ਕਰਨ ਲਈ ਉਤਸ਼ਾਹਤ ਕੀਤਾ ਜਾਵੇਗਾ।
ਟੈਸਟਿੰਗ ਵਧਾਉਣ ਦੇ ਆਦੇਸ਼ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਹਰੇਕ ਪਾਜ਼ੇਟਿਵ ਵਿਅਕਤੀ ਦੇ ਸੰਪਰਕ ਵਿੱਚ ਆਏ 15 ਵਿਅਕਤੀਆਂ ਦੀ ਲਾਜ਼ਮੀ ਟੈਸਟਿੰਗ ਕਰਵਾਉਣ ਦੇ ਹੁਕਮ ਦਿੱਤੇ ਹਨ ਅਤੇ ਇਸ ਦੀ ਨਿਗਰਾਨੀ ਸੀ.ਪੀ.ਟੀ.ਓਜ਼ ਵੱਲੋਂ ਕੀਤੀ ਜਾਵੇਗੀ ਜਦਕਿ ਸਿਹਤ ਵਿਭਾਗ ਪ੍ਰਗਤੀ ਦਾ ਜਾਇਜ਼ਾ ਲਵੇਗਾ।

ਮੁੱਖ ਮੰਤਰੀ ਨੇ ਟੀਕਾਕਰਨ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਸੂਚਨਾ, ਸਿੱਖਿਆ ਤੇ ਸੰਚਾਰ (ਆਈ.ਈ.ਸੀ.) ਮੁਹਿੰਮ ਜਾਰੀ ਰੱਖਣ ਦੀ ਲੋੜ ‘ਤੇ ਜ਼ੋਰ ਦਿੱਤਾ ਤਾਂ ਕਿ ਸਾਰੇ ਸਿਹਤ ਸੰਭਾਲ ਕਾਮਿਆਂ ਅਤੇ ਮੂਹਰਲੀ ਕਤਾਰ ਦੇ ਵਰਕਰਾਂ ਨੂੰ ਟੀਕਾਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ। ਉਨ੍ਹਾਂ ਨੇ ਸਿਹਤ ਵਿਭਾਗ ਨੂੰ ਬਜ਼ੁਰਗ ਆਬਾਦੀ ਅਤੇ ਸਹਿ-ਬਿਮਾਰੀਆਂ ਨਾਲ ਪੀੜਤ ਵਸੋਂ ਲਈ ਵੈਕਸੀਨ ਵਾਸਤੇ ਵੀ ਰੂਪ-ਰੇਖਾ ਲਈ ਵੀ ਯੋਜਨਾ ਉਲੀਕਣ ਦੇ ਹੁਕਮ ਦਿੱਤੇ।

3.23 ਸੀ.ਐਫ.ਆਰ. ਉਪਰ ਚਿੰਤਾ ਜ਼ਾਹਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਮ੍ਰਿਤਕਾਂ ਦੀ ਪੜਚੋਲ ਦੀਆਂ ਲੱਭਤਾਂ ਦਾ ਨੋਟਿਸ ਲਿਆ ਕਿ ਇਨ੍ਹਾਂ ਵਿੱਚੋਂ ਬਹੁਤੀਆਂ ਮੌਤਾਂ ਦਾਖ਼ਲ ਰਹਿਣ ਦੇ 2-14 ਦਿਨ ਦੇ ਦਰਮਿਆਨ ਹੋਈਆਂ ਹਨ। ਉਨ੍ਹਾਂ ਨੇ ਸਹਿ-ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਖਾਸ ਕਰਕੇ ਪ੍ਰਾਈਵੇਟ ਸੰਸਥਾਵਾਂ ਵਿੱਚ ਦਾਖ਼ਲ ਮਰੀਜ਼ਾਂ ਲਈ ਪ੍ਰੋਟੋਕਾਲ ਦੀ ਨਿਰੰਤਰ ਨਿਗਾਰਨੀ ਦੀ ਲੋੜ ‘ਤੇ ਜ਼ੋਰ ਦਿੱਤਾ। ਕੁਝ ਮੌਤਾਂ ਦੇ ਘਰਾਂ ਵਿੱਚ ਹੋਣ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਨੂੰ ਹੁਕਮ ਦਿੱਤੇ ਕਿ ਘਰੇਲੂ ਇਕਾਂਤਵਾਸ ਵਾਲੇ ਮਾਮਲਿਆਂ ਖਾਸ ਕਰਕੇ ਸਹਿ-ਬਿਮਾਰੀਆਂ ਨਾਲ ਪੀੜਤਾਂ ਦੀ ਢੁਕਵੀਂ ਨਿਗਰਾਨੀ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਹਦਾਇਤ ਕੀਤੀ ਕਿ ਸਵੈ-ਨਿਗਰਾਨੀ ਦੀਆਂ ਹਦਾਇਤਾਂ ‘ਤੇ ਅਧਾਰਿਤ ਫਤਹਿ ਕਿੱਟਾਂ ਨੂੰ ਸਬੰਧਤ ਵਿਅਕਤੀਆਂ ਦੇ ਪਾਜ਼ੇਟਿਵ ਆ ਜਾਣ ਵਾਲੇ ਦਿਨ ਹੀ ਘਰੇਲੂ ਏਕਾਂਤਵਾਸ ਵਿੱਚ ਉਨ੍ਹਾਂ ਤੱਕ ਪਹੁੰਚਾ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।

ਮੁੱਖ ਮੰਤਰੀ ਨੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗਾਂ ਨੂੰ ਕਿਹਾ ਕਿ ਸਾਰੀਆਂ ਅਸਾਮੀਆਂ, ਜਿਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਭਰਨ ਦੀ ਇਜਾਜ਼ਤ ਦਿੱਤੀ ਗਈ ਹੈ, ਨੂੰ ਛੇਤੀ ਤੋਂ ਛੇਤੀ ਭਰਿਆ ਜਾਵੇ।
ਸੁਰੱਖਿਆ ਉਪਾਵਾਂ ਦੀ ਪਾਲਣ ਲਈ ਪੰਜਾਬ ਪੁਲੀਸ ਵੱਲੋਂ ਚੁੱਕੇ ਕਦਮਾਂ ਬਾਰੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਉਂਦਿਆਂ ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਰੋਕਾਂ ਨੂੰ ਸਖ਼ਤੀ ਨਾਲ ਅਮਲ ਵਿੱਚ ਲਿਆਉਣ ਲਈ ਫੀਲਡ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ।

ਇਸ ਤੋਂ ਪਹਿਲਾਂ ਸਿਹਤ ਵਿਭਾਗ ਦੇ ਸਕੱਤਰ ਹੁਸਨ ਲਾਲ ਨੇ ਜਾਣਕਾਰੀ ਦਿੱਤੀ ਕਿ ਅੰਮ੍ਰਿਤਸਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਪਟਿਆਲਾ, ਐਸ.ਏ.ਐਸ. ਨਗਰ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਵਿੱਚ ਹਾਲ ਹੀ ਦੇ ਦਿਨਾਂ ਦੌਰਾਨ ਕੋਵਿਡ ਦੇ ਕੇਸਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ ਜਿਸ ਨਾਲ ਸੂਬੇ ਵਿੱਚ ਦੂਜੀ ਸੰਭਾਵੀ ਲਹਿਰ ਉੱਠਣ ਦੇ ਖਦਸ਼ੇ ਪ੍ਰਗਟਾਏ ਜਾਣ ਲੱਗੇ ਹਨ।
ਟੀਕਾਕਰਨ ਦੇ ਮੁੱਦੇ ਸਬੰਧੀ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਹੁਣ ਤੱਕ ਟੀਕਾ ਲਾਏ ਜਾਣ ਪਿੱਛੋਂ ਮਾਮੂਲੀ ਮਾੜੇ ਪ੍ਰਭਾਵ ਦੇ 61 ਮਾਮਲੇ ਸਾਹਮਣੇ ਆਏ ਸਨ ਜਦੋਂ ਕਿ ਛੇ ਮਾਮਲੇ ਅਤਿ ਗੰਭੀਰ ਅਤੇ 14 ਗੰਭੀਰ ਮਾਮਲੇ ਸਾਹਮਣੇ ਆਏ ਸਨ। ਇਹ ਸਾਰੇ ਹੁਣ ਠੀਕ ਹੋ ਚੁੱਕੇ ਹਨ।

ਸੂਬਾ ਸਰਕਾਰ ਦੇ ਕੋਵਿਡ ਬਾਰੇ ਮਾਹਿਰਾਂ ਦੇ ਗਰੁੱਪ ਦੇ ਮੁਖੀ ਡਾ. ਕੇ.ਕੇ. ਤਲਵਾੜ ਨੇ ਕਿਹਾ ਕਿ ਪਾਜ਼ੇਟਿਵਿਟੀ ਦਰ ਵਿੱਚ ਹਾਲ ਹੀ ਦੌਰਾਨ ਹੋਏ ਵਾਧੇ ਬਾਰੇ ਵਿਸਥਾਰਿਤ ਅਧਿਐਨ ਕੀਤਾ ਜਾ ਰਿਹਾ ਹੈ ਜਿਸ ਤੋਂ ਨੌਜਵਾਨਾਂ ਵਿੱਚ ਵਧਦੇ ਮਾਮਲਿਆਂ ਦੀ ਗੱਲ ਸਾਹਮਣੇ ਆਈ ਹੈ। ਮੌਜੂਦਾ ਦਰ ਨੂੰ ਵੇਖਦੇ ਹੋਏ ਪਾਜ਼ੇਟਿਵਿਟੀ ਦਰ ਦੋ ਹਫਤਿਆਂ ਵਿੱਚ ਚਾਰ ਫੀਸਦੀ ਤੱਕ ਵੱਧ ਸਕਦੀ ਹੈ ਜਿਸ ਦਾ ਅਰਥ ਹੋਵੇਗਾ ਇਕ ਦਿਨ ਵਿੱਚ 800 ਮਾਮਲੇ ਹੋਣਗੇ। ਉਨ੍ਹਾਂ ਨੇ ਇਸ ਦੀ ਰੋਕਥਾਮ ਲਈ ਫੌਰੀ ਤੌਰ ‘ਤੇ ਕਦਮ ਚੁੱਕੇ ਜਾਣ ਦੀ ਲੋੜ ‘ਤੇ ਜ਼ੋਰ ਦਿੱਤਾ।
ਮੁੱਖ ਸਕੱਤਰ ਵਿਨੀ ਮਹਾਜਨ ਨੇ ਸਰਕਾਰੀ ਸਕੂਲਾਂ ਨੂੰ ਮੁੜ ਬੰਦ ਕੀਤੇ ਜਾਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਲਈ ਵਿਭਾਗ ਵੱਲੋਂ ਸਾਰੇ ਕਦਮ ਚੁੱਕੇ ਜਾ ਰਹੇ ਹਨ।

ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਇਸ ਮੌਕੇ ਕਿਹਾ ਕਿ ਅਧਿਆਪਕਾਂ ਨੂੰ ਸਕੂਲਾਂ ਵਿੱਚ ਨੋਡਲ ਅਧਿਕਾਰੀ ਬਣਾਇਆ ਗਿਆ ਹੈ ਤਾਂ ਜੋ ਵਿਦਿਆਰਥੀਆਂ ਨੂੰ ਕੋਵਿਡ ਦੇ ਮੱਦੇਨਜ਼ਰ ਸੰਜਮੀ ਵਿਵਹਾਰ ਯਕੀਨੀ ਬਣਾਉਣ ਅਤੇ ਮਾਸਕ ਦਾ ਢੁਕਵਾਂ ਇਸਤੇਮਾਲ ਕਰਨ ਬਾਰੇ ਦਿਸ਼ਾ-ਨਿਰਦੇਸ਼ ਦਿੱਤੇ ਜਾ ਸਕਣ। ਇਹ ਕਦਮ ਇਸ ਲਈ ਚੁੱਕੇ ਗਏ ਹਨ ਕਿਉਂਜੋ ਹਾਲ ਹੀ ਦੌਰਾਨ ਮੁੜ ਖੋਲ੍ਹ÷ ੇ ਗਏ ਸਕੂਲਾਂ ਖਾਸ ਕਰਕੇ ਲੁਧਿਆਣਾ (3.1 ਫੀਸਦੀ) ਅਤੇ ਬਠਿੰਡਾ (2.9 ਫੀਸਦੀ) ਵਿੱਚ ਵੱਡੀ ਗਿਣਤੀ ਵਿੱਚ ਪਾਜ਼ੇਟਿਵ ਦਰ ਵਿੱਚ ਵਾਧਾ ਹੋਇਆ ਸੀ।
ਡਾ. ਤਲਵਾੜ ਨੇ ਅੱਗੇ ਕਿਹਾ ਕਿ ਅਜੇ ਤੱਕ ਪੰਜਾਬ ਵਿੱਚ ਕਰੋਨਾ ਵਾਇਰਸ ਦੇ ਨਵੇਂ ਰੂਪ ਦੀ ਆਮਦ ਨਹੀਂ ਹੋਈ ਪਰ ਨਵੇਂ ਸੈਂਪਲ ਜਾਂਚ ਲਈ ਭੇਜੇ ਗਏ ਹਨ ਅਤੇ ਨਤੀਜੇ ਅਗਲੇ ਹਫ਼ਤੇ ਆਉਣਗੇ।
ਡਾ. ਰਾਜ ਬਹਾਦਰ ਨੇ ਵੀ ਇਸ ਮੌਕੇ ਮੌਜੂਦਾ ਸਥਿਤੀ ਅਤੇ ਕੋਵਿਡ ਦੇ ਫੈਲਾਅ ਨੂੰ ਨੱਥ ਪਾਉਣ ਲਈ ਚੁੱਕੇ ਜਾ ਰਹੇ ਕਦਮਾਂ ਸਬੰਧੀ ਚਾਨਣਾ ਪਾਇਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬਲਬੀਰ ਸਿੰਘ ਸਿੱਧੂ ਨੇ ਭੀੜ ਵਾਲੇ ਇਲਾਕਿਆਂ ਵਿੱਚ ਐਮਰਜੈਂਸੀ ਸੇਵਾਵਾਂ ਦੇਣ ਲਈ 22 ਐਂਬੂਲੈਂਸਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜਿਆ ਗਿਆ ਦੀਪ ਸਿੱਧੂ