- ਦਿੱਲੀ ਹੀ ਨਹੀਂ ਦੇਸ਼ ਤੇ ਦੁਨੀਆਂ ਦਾ ਸਭ ਤੋਂ ਸਸਤਾ ਸੈਂਟਰ ਹੈ ਬੰਗਲਾ ਸਾਹਿਬ ਐਮ ਆਰ ਆਈ ਸੈਂਟਰ
ਨਵੀਂ ਦਿੱਲੀ, 23 ਜੂਨ 2021 – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਵਿਚ ਸ਼ੁਰੂ ਕੀਤੇ ਗਏ ਬੰਗਲਾ ਸਾਹਿਬ ਐਮ ਆਰ ਆਰ ਆਈ ਸੈਂਟਰ ਵਿਚ ਸਿਰਫ ਤਿੰਨ ਮਹੀਨਿਆਂ ਅੰਦਰ 3500 ਮਰੀਜ਼ਾਂ ਨੂੰ ਕਰੋੜਾਂ ਰੁਪਏ ਦਾ ਲਾਭ ਪ੍ਰਾਪਤ ਹੋਇਆ ਹੈ।
ਇਹ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਹ ਸੈਂਟਰ 16 ਮਾਰਚ ਨੂੰ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਕੇ ਸ਼ੁਰੂ ਕੀਤਾ ਗਿਆ ਸੀ। ਇਸ ਵਿਚ ਗਰੀਬੀ ਰੇਖਾ ਤੋਂ ਹੇਠਲੇ ਯਾਨੀ ਬੀ ਪੀ ਐਲ ਪਰਿਵਾਰਾਂ ਲਈ 50 ਰੁਪਏ ਵਿਚ ਐਮ ਆਰ ਆਈ ਤੇ ਸੀ ਟੀ ਸਕੈਨ ਕੀਤਾ ਜਾ ਰਿਹਾ ਹੈ ਜਦਕਿ ਆਮ ਲੋਕਾਂ ਲਈ 1400 ਵਿਚ ਐਮ ਆਰ ਆਈ ਤੇ 700 ਰੁਪਏ ਵਿਚ ਸੀ ਟੀ ਸਕੈਨ ਕੀਤਾ ਜਾ ਰਿਹਾ ਹੈ ਜਦੋਂ ਕਿ ਬਜ਼ਾਰ ਵਿਚ ਇਹ ਟੈਸਟ 8 ਤੋਂ 10 ਹਜ਼ਾਰ ਰੁਪਏ ਵਿਚ ਕੀਤੇ ਜਾਂਦੇ ਹਨ।
ਸ੍ਰੀ ਸਿਰਸਾ ਨੇ ਦੱਸਿਆ ਕਿ ਤਿੰਨ ਮਹੀਨੇ ਅੰਦਰ ਹੁਣ ਤੱਕ 3500 ਲੋਕਾਂ ਨੇ ਇਹ ਟੈਸਟ ਕਰਵਾਏ ਹਨ । ਉਹਨਾਂ ਦੱਸਿਆ ਕਿ ਹੁਣ ਤੱਕ 2200 ਐਮ ਆਰ ਆਈ ਹੋਏ ਹਨ ਜਿਸ ਵਿਚੋਂ 1400 ਬੀ ਪੀ ਐਲ ਮਰੀਜ਼ਾਂ ਦੇ ਹੋਏ ਹਨ। ਉਹਨਾਂ ਦੱਸਿਆ ਕਿ 1300 ਸੀ ਟੀ ਸਕੈਨ ਹੋਏ ਹਨ ਜਿਸ ਵਿਚੋਂ 650 ਸੀ ਟੀ ਸਕੈਨ ਬੀ ਪੀ ਐਲ ਮਰੀਜ਼ਾਂ ਦੇ ਹੋਏ ਹਨ। ਉਹਨਾਂ ਦੱਸਿਆ ਕਿ ਇਸ ਤਰੀਕੇ ਇਹ ਟੈਸਟ ਕਰਵਾਉਣ ਵਾਲੇ ਮਰੀਜ਼ਾਂ ਨੂੰ ਕਰੋੜਾਂ ਰੁਪਏ ਦਾ ਫਾਇਦਾ ਮਿਲਿਆ ਹੈ। ਉਹਨਾਂ ਦੱਸਿਆ ਕਿ ਇੰਨੇ ਸੀਮਤ ਸਮੇਂ ਵਿਚ ਇੰਨੀ ਵੱਡੀ ਗਿਣਤੀ ਵਿਚ ਮਰੀਜ਼ਾਂ ਨੂੰ ਇੰਨਾ ਵੱਡਾ ਲਾਭ ਮਿਲਣ ਦਾ ਇਹ ਆਪਣੇ ਆਪ ਵਿਚ ਇਕ ਰਿਕਾਰਡ ਹੈ ਜੋ ਗੁਰੂ ਸਾਹਿਬ ਦੇ ਆਸ਼ੀਰਵਾਦ ਦੀ ਬਦੌਲਤ ਸੰਭਵ ਹੋਇਆ ਹੈ।
ਉਹਨਾਂ ਦੱਸਿਆ ਕਿ ਪਹਿਲਾਂ ਇਹ ਸੈਂਟਰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਕੰਮ ਕਰਦਾ ਸੀ ਤੇ ਹੁਣ ਇਸਦੇ ਸਮੇਂ ਵਿਚ ਜਲਦੀ ਹੀ ਵਾਧਾ ਕੀਤਾ ਜਾਵੇਗਾ ਤੇ ਇਹ ਸੈਂਟਰ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਕੰਮ ਕਰੇਗਾ।
ਉਹਨਾਂ ਕਿਹਾ ਕਿ ਗੁਰੂ ਸਾਹਿਬ ਦੀ ਰਹਿਮਤ ਤੇ ਬਖਸ਼ਿਸ਼ ਨਾਲ ਲੋਕਾਂ ਨੁੰ ਇਸ ਕੋਰੋਨਾ ਕਾਲ ਵਿਚ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਭ ਤੋਂ ਮੋਹਰੀ ਹੈ। ਉਹਨਾਂ ਦੱਸਿਆ ਕਿ ਜਿਥੇ 4 ਬਾਲਾ ਪ੍ਰੀਤਮ ਦਵਾਖਾਨਿਆਂ ਤੋਂ ਲੋਕਾਂ ਨੇ ਸਸਤੀਆਂ ਦਵਾਈਆਂ ਦਾ ਵੱਡਾ ਲਾਭ ਲਿਆ ਹੈ, 100 ਬੈਡ ਦੇ ਮੁਫਤ ਡਾਇਲਸਿਸ ਹਸਪਤਾਲ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਮੁਫਤ ਸਹੂਲਤ ਲਈ ਹੈ, 400 ਬੈਡਾਂ ਦੇ ਗੁਰੂ ਤੇਗ ਬਹਾਦਰ ਕੋਰੋਨਾ ਕੇਅਰ ਸੈਂਟਰ ਵਿਚ ਸੈਂਕੜੇ ਮਰੀਜ਼ ਮਹਾਮਾਰੀ ਨੂੰ ਮਾਤ ਦੇ ਕੇ ਘਰਾਂ ਨੁੰ ਪਰਤੇ ਹਨ, ਉਥੇ ਹੀ 125 ਬੈਡਾਂ ਦਾ ਹਸਪਤਾਲ ਵੀ ਜਲਦ ਹੀ ਸੰਗਤ ਦੀ ਸੇਵਾ ਨੂੰ ਸਮਰਪਿਤ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਦੁਨੀਆਂ ਭਰ ਵਿਚ ਅੱਜ ਸਿੱਖਾਂ ਦੀ ਪਛਾਣ ਨਿਵੇਕਲੀ ਤੇ ਨਿਆਰੀ ਬਣੀ ਹੈ। ਉਹਨਾਂ ਕਿਹਾ ਕਿ ਇਹ ਪਛਾਣ ਲੱਖਾਂ ਕਿਤਾਬਾਂ ਪੜਾ ਕੇ ਵੀ ਨਹੀਂ ਬਣ ਸਕਦੀ ਸੀ ਜੋ ਦਿੱਲੀ ਕਮੇਟੀ ਵੱਲੋਂ ਦਿੱਤੀਆਂ ਜਾ ਰਹੀਆਂ ਮੈਡੀਕਲ ਸਹੂਲਤਾਂ ਸਦਕਾ ਬਣੀ ਹੈ।