ਚੰਡੀਗੜ੍ਹ, 4 ਨਵੰਬਰ 2022 – ਰੁਝੇਵਿਆਂ ਭਰੀ ਜੀਵਨ ਸ਼ੈਲੀ ਅਤੇ ਮਾੜੀ ਜੀਵਨ ਸ਼ੈਲੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਰਹੀ ਹੈ। ਪਰ ਕੋਰੋਨਾ ਮਹਾਮਾਰੀ ਨੇ ਸਾਨੂੰ ਸਾਰਿਆਂ ਨੂੰ ਸਿਹਤ ਦੀ ਮਹੱਤਤਾ ਬਾਰੇ ਚੰਗੀ ਤਰ੍ਹਾਂ ਸਿਖਾਇਆ ਹੈ। ਜ਼ਿਆਦਾਤਰ ਲੋਕ ਆਪਣੀ ਸਿਹਤ ਨੂੰ ਲੈ ਕੇ ਸੁਚੇਤ ਹੋ ਗਏ ਹਨ। ਖਾਣ-ਪੀਣ ਦੀਆਂ ਵਸਤੂਆਂ ਜੋ ਕਦੇ ਆਯੁਰਵੇਦ ਦੇ ਬਹੁਤ ਸਾਰੇ ਉਪਚਾਰਾਂ ’ਚ ਹੀ ਦਿਖਾਈ ਦਿੰਦੀਆਂ ਸੀ, ਉਹ ਅੱਜ ਪ੍ਰਸਿੱਧ ਹੋ ਗਈਆਂ ਹਨ। ਇਨ੍ਹਾਂ ’ਚੋਂ ਇੱਕ ਹੈ ਆਂਵਲਾ। ਇਹ ਫਲ ਬਹੁਤ ਸਾਰੇ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ।
ਆਂਵਲੇ ਵਿੱਚ ਵਿਟਾਮਿਨ-ਸੀ, ਆਇਰਨ, ਕੈਲਸ਼ੀਅਮ, ਐਂਟੀ-ਆਕਸੀਡੈਂਟ, ਆਦਿ ਗੁਣ ਹੁੰਦੇ ਹਨ। ਇਸ ਤੋਂ ਇਲਾਵਾ ਇਸ ਨੂੰ ਆਯੁਰਵੇਦਿਕ ਜੜੀ-ਬੂਟੀ ਵੀ ਕਿਹਾ ਜਾਂਦਾ ਹੈ। ਇਸ ਦੇ ਸੇਵਨ ਨਾਲ ਇਮਿਊਨਿਟੀ ਮਜ਼ਬੂਤ ਹੋਣ ਦੇ ਨਾਲ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਸ ਕਾਰਨ ਕੋਰੋਨਾ ਕਾਲ ’ਚ ਇਮਿਊਨਿਟੀ ਵਧਾਉਣ ਲਈ ਮਾਹਿਰਾਂ ਵੱਲੋਂ ਇਸ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਗਈ ਸੀ।
ਰੋਜ਼ਾਨਾ ਆਂਵਲਾ ਕਿਉਂ ਖਾਣਾ ਚਾਹੀਦਾ ਹੈ?
ਆਂਵਲੇ ਨੂੰ ਸੰਸਕ੍ਰਿਤ ’ਚ ਅਮਲਕੀ ਕਿਹਾ ਜਾਂਦਾ ਹੈ, ਜਿਸ ਦਾ ਅਰਥ ਹੈ ਜੀਵਨ ਦਾ ਅਮ੍ਰਿਤ। ਆਂਵਲੇ ’ਚ ਔਜੂਦ ਤੱਤ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ, ਪਾਚਨ ਕਿਰਿਆ ’ਚ ਸੁਧਾਰ, ਮੇਟਾਬੋਲਿਜ਼ਮ ਅਤੇ ਅੰਤੜੀਆਂ ਦੀ ਸਿਹਤ ’ਚ ਸੁਧਾਰ ਕਰਨ ਦਾ ਕੰਮ ਕਰਦੇ ਹਨ। ਇਹ ਮੌਸਮੀ ਜ਼ੁਕਾਮ ਅਤੇ ਖੰਘ ਤੋਂ ਛੁਟਕਾਰਾ ਦਵਾਉਣ ਦੇ ਨਾਲ ਅੱਖਾਂ, ਚਮੜੀ ਅਤੇ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰਦਾ ਹੈ। ਇਸ ਦਾ ਕੱਚਾ, ਆਚਾਰ, ਮੁਰੱਬਾ ਅਤੇ ਜੂਸ ਦੇ ਰੂਪ ਵਿੱਚ ਸੇਵਨ ਕੀਤਾ ਜਾਂਦਾ ਹੈ।
ਜੇਕਰ ਆਂਵਲੇ ਦੇ ਜੂਸ ਦੀ ਗੱਲ ਕਰੀਏ ਤਾਂ ਸਵੇਰੇ ਖਾਲੀ ਪੇਟ ਇਸ ਨੂੰ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ। ਨਾਲ ਹੀ ਇਸ ਨੂੰ ਰੋਜ਼ਾਨਾ 10 ਤੋਂ 20 ਮਿਲੀਗ੍ਰਾਮ ਪੀਣਾ ਚਾਹੀਦਾ ਹੈ। ਮਾਹਿਰਾਂ ਅਨੁਸਾਰ, ਇੱਕ ਬਾਲਗ ਨੂੰ 75-90 ਮਿਲੀਗ੍ਰਾਮ ਆਂਵਲੇ ਦਾ ਸੇਵਨ ਕਰਨਾ ਚਾਹੀਦਾ ਹੈ। 100 ਗ੍ਰਾਮ ਆਂਵਲੇ ‘ਚ 300 ਮਿਲੀਗ੍ਰਾਮ ਵਿਟਾਮਿਨ-ਸੀ, ਡਾਇਟਰੀ ਫਾਈਬਰ, ਕੈਲਸ਼ੀਅਮ, ਆਇਰਨ ਤੇ ਐਂਟੀਆਕਸੀਡੈਂਟ ਮੌਜੂਦ ਹੁੰਦੇ ਹਨ। ਇਸ ‘ਚ ਮੌਜੂਦ ਵਿਟਾਮਿਨ-ਏ ਅੱਖਾਂ ਦੀ ਸਿਹਤ ਨੂੰ ਵੀ ਲਾਭ ਪਹੁੰਚਾਉਂਦਾ ਹੈ।