- ਮੰਤਰੀ ਮੰਡਲ ਨੇ ਕਾਮਨ ਕਾਡਰ ਦੀਆਂ ਸੇਵਾਵਾਂ ਦੇ ਮਾਮਲਿਆਂ ਦੇ ਕਾਰਗਰ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਦਿੱਤੀ ਮਨਜ਼ੂਰੀ
ਚੰਡੀਗੜ੍ਹ, 24 ਫਰਵਰੀ 2021 – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਦੇ ਕਾਮਨ ਕਾਡਰ ਦੀ ਵੰਡ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਦਾ ਉਦੇਸ਼ ਦੋਵਾਂ ਵਿਭਾਗਾਂ ਦੀ ਕੰਟਰੋਲਿੰਗ ਅਥਾਰਟੀ ਅਤੇ ਨਿਯਮਾਂ ਦੀ ਵੰਡ ਰਾਹੀਂ ਇਨ੍ਹਾਂ ਦੋਵਾਂ ਵਿਭਾਗਾਂ ਦਰਮਿਆਨ ਕਾਡਰ ਦੇ ਮਾਮਲਿਆਂ ਨਾਲ ਪੈਦਾ ਹੁੰਦੇ ਵਿਵਾਦ ਦੇ ਹੱਲ ਵਿੱਚ ਤੇਜ਼ੀ ਲਿਆਉਣਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੀ ਹੋਂਦ ਸਮੇਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਇਕੋ ਵਿਭਾਗ ਸਨ ਅਤੇ ਸਾਲ 1945 ਦੇ ਨਿਯਮ ਸਾਂਝੇ ਸਨ।
ਬਾਅਦ ਵਿੱਚ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਵੱਖੋ-ਵੱਖ ਹੋ ਗਏ ਅਤੇ ਡਾਇਰੈਕਟੋਰੇਟ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਤੇ ਡਾਇਰੈਕਟੋਰੇਟ, ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੀ ਸਥਾਪਨਾ ਹੋਈ ਸੀ।
ਮੈਡੀਕਲ ਸਿੱਖਿਆ ਤੇ ਖੋਜ ਵਿਭਾਗ 2 ਅਪ੍ਰੈਲ, 1973 ਵਿੱਚ ਹੋਂਦ ਵਿੱਚ ਆਇਆ ਪਰ ਡਾਇਰੈਕਟੋਰੇਟ, ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਅਧੀਨ ਪੈਰਾ-ਮੈਡੀਕਲ ਸਟਾਫ ਦੀਆਂ ਵੱਖ-ਵੱਖ ਕੈਟਾਗਰੀਆਂ ਨਾਲ ਸਬੰਧਤ ਅਮਲੇ ਦੀ ਕਾਡਰ ਕੰਟਰੋਲਿੰਗ ਅਥਾਰਟੀ ਅਜੇ ਵੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਹੈ ਅਤੇ ਦਫ਼ਤਰੀ ਅਮਲੇ ਦਰਜਾ-3 ਅਤੇ ਦਰਜਾ-4 ਦੀ ਡਾਇਰੈਕਟੋਰੇਟ, ਸਿਹਤ ਤੇ ਪਰਿਵਾਰ ਭਲਾਈ, ਵਿੱਚ ਸਾਂਝੀ ਸੀਨੀਅਰਤਾ ਹੈ।