ਕੈਲੀਫੋਰਨੀਆ, 17 ਮਾਰਚ 2021 – ਅਮਰੀਕਾ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਹਰਾਉਣ ਲਈ ਟੀਕਾਕਰਨ ਮੁਹਿੰਮ ਜਾਰੀ ਹੈ। ਦੇਸ਼ ਵਿੱਚ ਕੋਰੋਨਾ ਟੀਕੇ ਦੀ ਮੋਹਰੀ ਕੰਪਨੀ ਮੋਡਰਨਾ ਨੇ ਇਸਦੇ ਟੀਕਿਆਂ ਦਾ ਅਧਿਐਨ ਬੱਚਿਆਂ ਵਿੱਚ ਸ਼ੁਰੂ ਕੀਤਾ ਹੈ। ਇਸ ਸੰਬੰਧੀ ਮੋਡਰਨਾ ਨੇ ਮੰਗਲਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਪਨੀ ਨੇ ਛੇ ਮਹੀਨੇ ਤੋਂ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਕੋਵਿਡ -19 ਦੇ ਟੀਕੇ, ਐਮ ਆਰ ਐਨ ਏ -1273 ਦਾ ਅਧਿਐਨ ਸ਼ੁਰੂ ਕੀਤਾ ਹੈ।
ਇਸ ਅਧਿਐਨ ਵਿੱਚ ਐਮ ਆਰ ਐਨ ਏ -1273 ਦੀਆਂ ਦੋ ਖੁਰਾਕਾਂ ਦੀ ਸੁਰੱਖਿਆ ਅਤੇ ਪ੍ਰਭਾਵ ਦਾ ਮੁਲਾਂਕਣ ਕੀਤਾ ਜਾਵੇਗਾ ਜੋ ਕਿ 28 ਦਿਨਾਂ ਦੇ ਫਰਕ ਨਾਲ ਦਿੱਤੀਆਂ ਜਾਣਗੀਆਂ। ਕੰਪਨੀ ਅਨੁਸਾਰ ਇਸ ਅਧਿਐਨ ਵਿੱਚ ਅਮਰੀਕਾ ਅਤੇ ਕੈਨੇਡਾ ਵਿੱਚ ਤਕਰੀਬਨ 6,750 ਬੱਚਿਆਂ ਨੂੰ ਦਾਖਲ ਕਰਨ ਦਾ ਇਰਾਦਾ ਹੈ। ਅਮਰੀਕਾ ਵਿੱਚ ਮੋਡਰਨਾ ਦਾ ਕੋਰੋਨਾ ਵਾਇਰਸ ਟੀਕਾ ਪਹਿਲਾਂ ਹੀ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਐਮਰਜੈਂਸੀ ਵਰਤੋਂ ਲਈ ਅਧਿਕਾਰਤ ਕੀਤਾ ਗਿਆ ਹੈ।