ਮੁੱਖ ਸਕੱਤਰ ਵੱਲੋਂ ਮੌਤ ਦਰ `ਤੇ ਕਾਬੂ ਪਾਉਣ ਲਈ ਰੋਜ਼ਾਨਾ 2 ਲੱਖ ਵਿਅਕਤੀਆਂ ਦੇ ਟੀਕਾਰਕਰਨ ਦਾ ਟੀਚਾ

  • ਵਾਇਰਸ ਨਾਲ ਨਜਿੱਠਣ ਲਈ ਹਰੇਕ ਜ਼ਿਲ੍ਹੇ ਵਾਸਤੇ ਇਕ-ਇਕ ਕਰੋੜ ਰੁਪਏ ਦੇ ਫੰਡ ਦਾ ਐਲਾਨ
  • ਵੱਡੇ ਪੱਧਰ `ਤੇ ਟੀਕਾਕਰਨ ਲਈ ਮੰਗਲਵਾਰ ਅਤੇ ਸ਼ੁੱਕਰਵਾਰ ਦੇ ਦਿਨ ਕੀਤੇ ਨਿਰਧਾਰਿਤ; ਹਰੇਕ ਹਫ਼ਤੇ 16 ਲੱਖ ਤੋਂ ਵੱਧ ਵਿਅਕਤੀਆਂ ਦੇ ਟੀਕਾਕਰਨ ਦਾ ਉਦੇਸ਼; ਸੰਪਰਕ ਟਰੇਸਿੰਗ ਵਿੱਚ ਲਿਆਂਦੀ ਜਾਵੇਗੀ ਤੇਜ਼ੀ; ਸੂਬੇ ਵਿੱਚ ਟੀਕੇ ਦੀ ਕੋਈ ਕਮੀ ਨਹੀਂ

ਚੰਡੀਗੜ੍ਹ, 10 ਅਪ੍ਰੈਲ 2021 – ਪੰਜਾਬ ਵਿੱਚ ਮੌਤ ਦਰ `ਤੇ ਕਾਬੂ ਪਾਉਣ ਲਈ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਅੱਜ ਇੱਥੇ ਸਿਹਤ ਵਿਭਾਗ ਨੂੰ ਚੱਲ ਰਹੀ ਟੀਕਾਕਰਨ ਮੁਹਿੰਮ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਰੋਜ਼ਾਨਾ 2 ਲੱਖ ਵਿਅਕਤੀਆਂ ਦੇ ਟੀਕਾਕਰਨ ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ।

ਉਨ੍ਹਾਂ ਸੂਬੇ ਵਿੱਚ ਕੋਵਿਡ ਦੇ ਢੁੱਕਵੇਂ ਪ੍ਰਬੰਧਨ ਲਈ ਹਰੇਕ ਜ਼ਿਲ੍ਹੇ ਵਾਸਤੇ ਇਕ-ਇੱਕ ਕਰੋੜ ਰੁਪਏ ਦੇ ਵਿਸ਼ੇਸ਼ ਫੰਡ ਦਾ ਐਲਾਨ ਕੀਤਾ। ਸੂਬੇ ਵਿੱਚ ਕੋਵਿਡ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਲਈ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਕਿਹਾ ਕਿ ਮਹਾਂਮਾਰੀ ਨਾਲ ਲੜਾਈ ਵਿੱਚ ਫੰਡਾਂ ਦੀ ਕੋਈ ਕਮੀ ਨਹੀਂ ਹੈ।

ਉਨ੍ਹਾਂ ਸਿਹਤ ਵਿਭਾਗ ਨੂੰ ਇਹ ਵੀ ਹਦਾਇਤ ਕੀਤੀ ਕਿ ਵਾਇਰਸ ਨੂੰ ਹਰਾਉਣ ਲਈ ਹਫ਼ਤੇ ਵਿੱਚ ਦੋ ਦਿਨ (ਮੰਗਲਵਾਰ ਅਤੇ ਸ਼ੁੱਕਰਵਾਰ) ਨੂੰ ਵੱਡੇ ਪੱਧਰ `ਤੇ ਟੀਕਾਕਰਨ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਕਵਰ ਕੀਤਾ ਜਾ ਸਕੇ।ਉਨ੍ਹਾਂ ਅਪ੍ਰੈਲ ਮਹੀਨੇ ਲਈ ਸੂਬੇ ਦਾ ਹਫ਼ਤਾਵਾਰੀ ਟੀਚਾ 16 ਲੱਖ ਤੋਂ ਵੱਧ ਵਿਅਕਤੀਆਂ ਦੇ ਟੀਕਾਕਰਨ ਦਾ ਮਿੱਥਿਆ।

ਯੋਗ ਵਿਅਕਤੀਆਂ ਨੂੰ ਜਲਦੀ ਤੋਂ ਜਲਦੀ ਟੀਕਾ ਲਗਵਾਉਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਹਫ਼ਤੇ ਦੇ ਸਾਰੇ ਦਿਨਾਂ ਦੌਰਾਨ ਟੀਕਾਕਰਨ ਕੀਤਾ ਜਾ ਰਿਹਾ ਹੈ ਅਤੇ ਸਿਹਤ ਤੇ ਫਰੰਟਲਾਈਨ ਕਰਮਚਾਰੀਆਂ ਲਈ ਟੀਕਾਕਰਨ ਦੀ ਕੋਈ ਉਮਰ ਹੱਦ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਉੱਚ ਅਧਿਕਾਰੀ ਟੀਕਾਕਰਨ ਰਜਿਸਟ੍ਰੇਸ਼ਨ ਲਈ ਕਰਮਚਾਰੀਆਂ ਨੂੰ ਜ਼ਰੂਰੀ ਕਰਮਚਾਰੀਆਂ ਦੀ ਸੂਚੀ `ਚੋਂ ਅਧਿਕਾਰਤ ਕਰ ਸਕਦੇ ਹਨ।

ਪ੍ਰਸ਼ਾਸਕੀ ਸਕੱਤਰਾਂ, ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ/ ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਅਤੇ ਰਾਜ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਕੋਵਿਡ ਸਥਿਤੀ ਦੀ ਸਮੀਖਿਆ ਕਰਦਿਆਂ ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਮੂਨੇ ਲੈਣ ਦੀ ਗਿਣਤੀ ਵਧਾ ਕੇ ਪ੍ਰਤੀ ਦਿਨ 50,000 ਕੀਤੀ ਜਾਵੇ ਅਤੇ ਹਰੇਕ ਪਾਜ਼ੇਟਿਵ ਵਿਅਕਤੀ ਪਿੱਛੇ ਘੱਟੋ-ਘੱਟ 20 ਸੰਪਰਕਾਂ ਦਾ ਪਤਾ ਲਗਾ ਕੇ ਉਹਨਾਂ ਦਾ ਪ੍ਰੋਟੋਕੋਲ ਅਨੁਸਾਰ ਟੈਸਟ ਕਰਵਾਇਆ ਜਾਵੇ ਤਾਂ ਜੋ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਮੀਟਿੰਗ ਵਿੱਚ ਦੱਸਿਆ ਗਿਆ ਕਿ ਹੁਣ ਤੱਕ 16 ਲੱਖ ਵਿਅਕਤੀਆਂ ਦਾ ਟੀਕਾਕਰਨ ਕੀਤਾ ਗਿਆ ਹੈ ਅਤੇ ਟੀਕਾਕਰਨ ਤੇ ਕੋਵਿਡ ਦੇ ਨਿਯਮਾਂ ਦੀ ਪਾਲਣਾ ਹੀ ਵਾਇਰਸ ਦੇ ਫੈਲਾਅ ਨੂੰ ਰੋਕਣ ਦਾ ਇਕੋ ਇਕ ਰਸਤਾ ਹਨ।

ਉਨ੍ਹਾਂ ਸਬੰਧਤ ਵਿਭਾਗਾਂ ਨੂੰ ਯੋਜਨਾਬੱਧ ਮੀਡੀਆ ਮੁਹਿੰਮਾਂ ਚਲਾ ਕੇ ਟੀਕਾਕਰਨ ਪ੍ਰਤੀ ਕਿਸੇ ਤਰ੍ਹਾਂ ਦੀ ਹਿਚਕਿਚਾਹਟ ਜਾਂ ਝਿਜਕ ਦੇ ਮੁੱਦਿਆਂ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ।

ਘਰੇਲੂ ਇਕਾਂਤਵਾਸ ਅਧੀਨ ਮਰੀਜ਼ਾਂ ਦੀ ਸਖ਼ਤ ਨਿਗਰਾਨੀ ਬਾਰੇ ਗੱਲ ਕਰਦਿਆਂ ਮੁੱਖ ਸਕੱਤਰ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਵਿਭਾਗ ਕੋਲ ਸਟਾਫ਼ ਦੀ ਕਮੀ ਹੋਣ ਦੀ ਸੂਰਤ ਵਿੱਚ ਹੋਰਨਾਂ ਵਿਭਾਗਾਂ ਦੇ ਸਟਾਫ਼ ਦੀ ਵਰਤੋਂ ਕੀਤੀ ਜਾਵੇ। ਉਹਨਾਂ ਅੱਗੇ ਕਿਹਾ ਕਿ ਸਿਹਤ ਅਧਿਕਾਰੀ ਘਰੇਲੂ ਇਕਾਂਤਵਾਸ ਅਧੀਨ ਮਰੀਜ਼ਾਂ ਦੀ ਸਖ਼ਤ ਨਿਗਰਾਨੀ ਨੂੰ ਯਕੀਨੀ ਬਣਾਉਣਗੇ। ਉਹ ਹਰੇਕ ਘਰੇਲੂ ਇਕਾਂਤਵਾਸ ਅਧੀਨ ਮਰੀਜ਼ ਤੱਕ ਦਸ ਦਿਨਾਂ ਵਿੱਚ ਤਿੰਨ ਵਾਰ ਪਹੁੰਚ ਕਰਨਗੇ। ਜੇਕਰ ਕਿਸੇ ਮਰੀਜ਼ ਦੀ ਸਥਿਤੀ ਵਿਗੜਦੀ ਹੈ ਤਾਂ ਮੌਤ ਦਰ ਨੂੰ ਕਾਬੂ ਵਿੱਚ ਰੱਖਣ ਲਈ ਮਰੀਜ਼ ਨੂੰ ਜਿੰਨੀ ਜਲਦੀ ਹੋ ਸਕੇ ਹਸਪਤਾਲ ਭੇਜਣਾ ਯਕੀਨੀ ਬਣਾਇਆ ਜਾਵੇਗਾ।

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਘਰੇਲੂ ਇਕਾਂਤਵਾਸ ਅਧੀਨ ਮਰੀਜ਼ਾਂ ਲਈ ਹੋਰ 50000 ਫ਼ਤਿਹ ਕਿੱਟਾਂ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ ਸੂਬੇ ਵਿੱਚ ਕੋਵਿਡ ਵੈਕਸੀਨ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਟੀਕਾਕਰਨ ਦੀ ਨਿਰਵਿਘਨ ਸਪਲਾਈ ਲਈ ਰੋਜ਼ਾਨਾ ਈਵਿਨ ਪੋਰਟਲ ਅਪਡੇਟ ਕਰਨ ਲਈ ਕਿਹਾ। ਕੋਵਿਡ ਪਾਜ਼ੇਟਿਵ ਵਿਅਕਤੀਆਂ ਨੂੰ ਦੂਜਿਆਂ ਨਾਲ ਰਲਣ ਤੋਂ ਰੋਕਣ ਵਾਸਤੇ ਕੋਵਾ ਐਪ ਰਾਹੀਂ ਘਰੇਲੂ ਇਕਾਂਤਵਾਸ ਅਧੀਨ ਮਰੀਜ਼ਾਂ ਦੀ ਜੀਓ-ਫੈਂਸਿੰਗ ਕੀਤੀ ਜਾ ਰਹੀ ਹੈ।

ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਵਿੱਚ ਪੁਲਿਸ ਫੋਰਸ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੰਦਿਆਂ ਡੀ.ਜੀ.ਪੀ. ਸ੍ਰੀ ਦਿਨਕਰ ਗੁਪਤਾ ਨੇ ਕਿਹਾ ਕਿ ਕੁੱਲ 65611 ਪੁਲਿਸ ਮੁਲਾਜ਼ਮਾਂ ਨੇ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਲੈ ਲਈ ਹੈ ਜੋ ਕਿ ਕੁੱਲ ਪੁਲਿਸ ਫੋਰਸ ਦਾ ਲਗਭਗ 79 ਫ਼ੀਸਦੀ ਹੈ। ਮੁੱਖ ਮੰਤਰੀ ਪੰਜਾਬ ਦੇ ਨਿਰਦੇਸ਼ਾਂ ‘ਤੇ ਪੁਲਿਸ ਨੇ ਕੋਵਿਡ-19 ਸਬੰਧੀ ਨਿਯਮਾਂ ਦੇ ਲਾਗੂਕਰਨ ਲਈ ਮੁਹਿੰਮ ਵੀ ਅਰੰਭੀ ਹੈ ਜਿਸ ਤਹਿਤ ਮਾਸਕ ਨਾ ਪਹਿਨਣ ਵਾਲਿਆਂ ਦੇ ਚਲਾਨ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਟੈਸਟਿੰਗ ਸੈਂਟਰਾਂ ਵਿੱਚ ਲਿਜਾਇਆ ਜਾ ਰਿਹਾ ਹੈ।

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ, ਜੰਗਲਾਤ ਅਤੇ ਜੰਗਲੀ ਜੀਵ ਰਵਨੀਤ ਕੌਰ, ਵਧੀਕ ਮੁੱਖ ਸਕੱਤਰ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਸੰਜੇ ਕੁਮਾਰ, ਵਧੀਕ ਮੁੱਖ ਸਕੱਤਰ ਵਿਕਾਸ ਅਨਿਰੁਧ ਤਿਵਾੜੀ, ਵਧੀਕ ਮੁੱਖ ਸਕੱਤਰ ਪੇਂਡੂ ਵਿਕਾਸ ਅਤੇ ਪੰਚਾਇਤ ਸੀਮਾ ਜੈਨ, ਪ੍ਰਮੁੱਖ ਸਕੱਤਰ ਵਿੱਤ ਕੇ.ਏ.ਪੀ. ਸਿਨਹਾ, ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਅਤੇ ਖੋਜ ਡੀ.ਕੇ. ਤਿਵਾੜੀ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੰਗੀ ਉਦਯੋਗ ਨੀਤੀ ਕਾਰਨ ਪੰਜਾਬ ‘ਚ ਹੋਇਆ 78000 ਕਰੋੜ ਦਾ ਨਿਵੇਸ਼ – ਸੁੰਦਰ ਸ਼ਾਮ ਅਰੋੜਾ

ਡੀ.ਏ.ਪੀ. ਵਿੱਚ 1400 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਿਸਾਨ ਵਿਰੋਧੀ – ਰੰਧਾਵਾ