ਚੰਡੀਗੜ੍ਹ, ਅਪ੍ਰੈਲ 29, 2021 – ਮੈਡੀਕਲ ਆਕਸੀਜਨ ਸਪਲਾਈ ਨੂੰ ਵਧਾਉਣ ਦੇ ਮੱਦੇਨਜ਼ਰ, ਪੰਜਾਬ ਸਰਕਾਰ ਨੇ ਅੱਜ ਉਦਯੋਗ ਅਤੇ ਵਣਜ ਵਿਭਾਗ ਦੇ ਅਧਿਕਾਰੀਆਂ ਨੂੰ ਬੰਦ ਪਈਆਂ ਆਕਸੀਜਨ ਉਤਪਾਦਨ ਯੂਨਿਟਾਂ ਅਤੇ ਹੋਰ ਮੈਡੀਕਲ ਸਪਲਾਈ ਯੂਨਿਟਾਂ ਦੀ ਪਛਾਣ ਕਰਨ ਲਈ ਨਿਰਦੇਸ਼ ਦਿੱਤੇ।
ਇਸ ਸਬੰਧੀ ਵੇਰਵੇ ਦਿੰਦਿਆਂ, ਪੰਜਾਬ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨਿਰਵਿਘਨ ਮੈਡੀਕਲ ਸਪਲਾਈ ਵਿਸ਼ੇਸ਼ ਤੌਰ ‘ਤੇ ਮੈਡੀਕਲ ਆਕਸੀਜਨ ਅਤੇ ਟੀਕਿਆਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਜੰਗੀ ਪੱਧਰ ‘ਤੇ ਕੰਮ ਕਰ ਰਹੀ ਹੈ।
ਉਦਯੋਗ ਮੰਤਰੀ ਨੇ ਕਿਹਾ ਕਿ ਅਧਿਕਾਰੀਆਂ ਨੂੰ ਉਹਨਾਂ ਉਦਯੋਗਾਂ ਦੀ ਪਛਾਣ ਕਰਨ ਦੇ ਨਿਰਦੇਸ਼ ਦਿੱਤੇ ਹਨ ਜਿਨ੍ਹਾਂ ਵਿਚ ਮੈਡੀਕਲ ਆਕਸੀਜਨ ਦਾ ਉਤਪਾਦਨ ਕਰਨ ਦੀ ਸਮਰੱਥਾ ਹੈ ਪਰ ਉਤਪਾਦਨ ਕਰਨ ਦਾ ਲਾਇਸੈਂਸ ਨਹੀਂ ਹੈ। ਸਰਕਾਰ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਕਰ ਰਹੀ ਹੈ ਅਤੇ ਜਲਦ ਤੋਂ ਜਲਦ ਲਾਇਸੈਂਸ ਜਾਰੀ ਕਰੇਗੀ।
ਉਦਯੋਗਾਂ ਨੂੰ ਆਕਸੀਜਨ ਸਪਲਾਈ ਬੰਦ ਕਰ ਦਿੱਤੀ ਗਈ ਹੈ ਅਤੇ ਹੁਣ 98 ਫ਼ੀਸਦੀ ਆਕਸੀਜਨ ਦੀ ਵਰਤੋਂ ਮੈਡੀਕਲ ਉਪਕਰਨਾਂ ਲਈ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਆਕਸੀਜਨ ‘ਤੇ ਨਿਰਭਰ ਕੋਵਿਡ-19 ਮਰੀਜਾਂ ਦੀ ਵੱਧ ਰਹੀ ਗਿਣਤੀ ਨੂੰ ਵੇਖਦਿਆਂ ਢੁਕਵੀਂ ਮਾਤਰਾ ਵਿੱਚ ਆਕਸੀਜਨ ਦੀ ਉਪਲਬਧਤਾ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਅਤੇ ਕੇਂਦਰ ਨੂੰ ਅਪੀਲ ਕੀਤੀ ਕਿ ਉਹ ਹੋਰ ਰਾਜਾਂ ਤੋਂ ਲੋੜੀਂਦੀ ਸਪਲਾਈ ਨੂੰ ਯਕੀਨੀ ਬਣਾਉਣ ਕਿਉਂਕਿ ਅਸੀਂ ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਸਮੇਤ ਹੋਰ ਰਾਜਾਂ ਦੇ ਮਰੀਜ਼ਾਂ ਨੂੰ ਵੀ ਇਲਾਜ ਮੁਹੱਈਆ ਕਰਵਾ ਰਹੇ ਹਾਂ।
ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਉਦਯੋਗ ਵਿਭਾਗ ਅਤੇ ਵੱਖ ਵੱਖ ਉਦਯੋਗਿਕ ਐਸੋਸੀਏਸ਼ਨਾਂ ਆਕਸੀਜਨ ਦੇ ਉਤਪਾਦਨ ਨੂੰ ਵਧਾਉਣ ਦੇ ਤਰੀਕਿਆਂ ਦੀ ਪੜਚੋਲ ਵੀ ਕਰ ਰਹੀਆਂ ਹਨ।
ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਜੇਕਰ ਕੋਈ ਪਲਾਂਟ ਲਗਾਉਣਾ ਚਾਹੁੰਦਾ ਹੈ ਤਾਂ ਵਿਭਾਗ ਇਸ ਮੰਤਵ ਲਈ ਜ਼ਮੀਨ ਦੀ ਪਛਾਣ ਕਰਨ ਅਤੇ ਪਲਾਂਟ ਸਥਾਪਤ ਕਰਨ ਲਈ ਮਨਜ਼ੂਰੀ ਲੈਣ ਵਿਚ ਸਹਾਇਤਾ ਕਰੇਗਾ। ਉਨ੍ਹਾਂ ਨੇ ਉਦਯੋਗ ਨੂੰ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐਸਆਰ) ਯੋਜਨਾ ਤਹਿਤ ਮਾਨਵਤਾ ਨੂੰ ਬਚਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਸਰਕਾਰੀ ਤੇਲ ਫਰਮਾਂ ਨੂੰ ਦੇਸ਼ ਵਿੱਚ ਆਕਸੀਜਨ ਦੀ ਘਾਟ ਨੂੰ ਪੂਰਾ ਕਰਨ ਲਈ ਤਰਲ ਮੈਡੀਕਲ ਆਕਸੀਜਨ ਲਿਜਾਣ ਲਈ ਪ੍ਰੈਸ਼ਰ ਸਵਿੰਗ ਐਡਸੋਪਰੇਸ਼ਨ (ਪੀਐਸਏ) ਮੈਡੀਕਲ ਆਕਸੀਜਨ ਪਲਾਂਟ ਸਥਾਪਤ ਕਰਨ ਅਤੇ ਕ੍ਰਾਇਓਜੈਨਿਕ ਕੰਟੇਨਰ ਖਰੀਦਣ ਦੀ ਅਪੀਲ ਕੀਤੀ।
ਕੈਬਨਿਟ ਮੰਤਰੀ ਨੇ ਇਹ ਵੀ ਦੱਸਿਆ ਕਿ ਕੁਝ ਰਾਜਾਂ ਦੀਆਂ ਰਿਪੋਰਟਾਂ ਅਨੁਸਾਰ, ਪੁਲਿਸ ਸਮੇਤ ਰਾਜ ਦੇ ਅਧਿਕਾਰੀਆਂ ਨੂੰ ਆਕਸੀਜਨ ਲਿਜਾਣ ਵਾਲੇ ਵਾਹਨਾਂ ਦੀ ਮੁਫ਼ਤ ਆਵਾਜਾਈ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਜਦੋਂ ਕਿ ਹਸਪਤਾਲਾਂ ਨੇ ਆਕਸੀਜਨ ਦੀ ਐਮਰਜੈਂਸੀ ਸਪਲਾਈ ਲਈ ਅਪੀਲ ਵੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਸੂਬੇ ਵਿਚ 15 ਏਅਰ ਸੈਪਰੇਸ਼ਨ ਯੂਨਿਟਾਂ (ਏ.ਐੱਸ.ਯੂ.) ਹਨ ਜੋ ਪ੍ਰਤੀ ਦਿਨ 60 ਤੋਂ 65 ਟਨ ਆਕਸੀਜਨ ਦੇ ਉਤਪਾਦਨ ਦੀ ਸਮਰੱਥਾ ਰੱਖਦੀਆਂ ਹਨ । ਕੋਵਿਡ ਤੋਂ ਪਹਿਲਾਂ ਔਸਤਨ ਜ਼ਰੂਰਤ 50-60 ਟਨ ਪ੍ਰਤੀ ਦਿਨ ਸੀ, ਜੋ ਕਿ ਕੋਵਿਡ ਕੇਸਾਂ ਦੇ ਵੱਧਣ ਵਾਲ ਵੱਧ ਕੇ 250 ਐਮ.ਟੀ. ਪ੍ਰਤੀ ਦਿਨ ਹੋ ਗਈ ਹੈ।