ਜੋ ਸਿਹਤ ਕਰਮਚਾਰੀਆਂ ਨਹੀਂ ਲਵਾਉਂਦੇ ਟੀਕਾ, ਕੋਰੋਨਾ ਹੋਣ ‘ਤੇ ਖੁਦ ਚੁੱਕਣਗੇ ਇਲਾਜ ਦਾ ਖ਼ਰਚਾ

  • ਕੋਵਿਡ-19 ਟੀਕਾਕਰਣ ਦੌਰਾਨ ਟੀਕਾ ਨਾ ਲਗਵਾਉਣ ਵਾਲੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਖੁਦ ਚੁੱਕਣਾ ਹੋਵੇਗਾ ਇਲਾਜ ਦਾ ਖ਼ਰਚਾ
  • ਕੋਰੋਨਾ ਦੇ ਸ਼ਿਕਾਰ ਹੋਣ ’ਤੇ ਨਹੀਂ ਮਿਲੇਗੀ ਇਕਾਂਤਵਾਸ ਛੁੱਟੀ

ਚੰਡੀਗੜ੍ਹ, 22 ਫਰਵਰੀ 2021 – ਪੰਜਾਬ ਸਰਕਾਰ ਵਲੋਂ ਸਿਹਤ ਕਾਮਿਆਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਲਈ ਚਲਾਈ ਕੋਵਿਡ ਟੀਕਾਕਰਣ ਮੁਹਿੰਮ ਤਹਿਤ ਉਹਨਾਂ ਨੂੰ ਕਈ ਵਾਰ ਮੌਕਾ ਦਿੱਤਾ ਗਿਆ ਹੈ ਪਰ ਇੰਨੇ ਮੌਕਿਆਂ ਦੇ ਬਾਵਜੂਦ ਜਿਹਨਾਂ ਸਿਹਤ ਕਰਮੀਆਂ ਨੇ ਟੀਕਾ ਨਹੀਂ ਲਗਵਾਇਆ ਉਹ ਜੇਕਰ ਇਨਫੈਕਸ਼ਨ ਦੇ ਸ਼ਿਕਾਰ ਹੋ ਜਾਂਦੇ ਹਨ ਤਾਂ ਸਾਰੇ ਦਾ ਇਲਾਜ ਦਾ ਖ਼ਰਚਾ ਉਹਨਾਂ ਨੂੰ ਖੁਦ ਚੁੱਕਣਾ ਹੋਵੇਗਾ ਅਤੇ ਅਜਿਹੇ ਕਰਮਚਾਰੀ ਇਕਾਂਤਵਾਸ ਛੁੱਟੀ ਦਾ ਲਾਭ ਲੈਣ ਦੇ ਵੀ ਯੋਗ ਨਹੀਂ ਹੋਣਗੇ। ਇਹ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ: ਬਲਬੀਰ ਸਿੰਘ ਸਿੱਧੂ ਨੇ ਅੱਜ ਇੱਕ ਪ੍ਰੈਸ ਬਿਆਨ ਵਿੱਚ ਕੀਤਾ।

ਸਿਹਤ ਮੰਤਰੀ ਨੇ ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਦੌਰਾਨ ਕੋਵਿਡ-19 ਦੇ ਮਾਮਲਿਆਂ ਵਿੱਚ ਹੋਏ ਵਾਧੇ ਦਾ ਹਵਾਲਾ ਦਿੰਦਿਆਂ ਕਿਹਾ ਕਿ 20 ਫਰਵਰੀ, 2021 ਨੂੰ 358 ਕੇਸ ਸਾਹਮਣੇ ਆਏ ਸਨ ਅਤੇ ਸੂਬੇ ਵਿੱਚ 3000 ਦੇ ਕਰੀਬ ਕੋਵਿਡ ਦੇ ਐਕਟਿਵ ਮਾਮਲੇ ਹੋ ਗਏ ਹਨ ਜਦਕਿ 3 ਹਫਤੇ ਪਹਿਲਾਂ ਕੇਵਲ 2000 ਮਾਮਲੇ (33 ਫੀਸਦ ਵਾਧਾ) ਹੀ ਸਨ। ਉਹਨਾਂ ਕਿਹਾ ਕਿ ਕਿਸੇ ਵੀ ਅਣ-ਕਿਆਸੀ ਸਥਿਤੀ ਨਾਲ ਨਜਿੱਠਣ ਲਈ ਸਾਰੇ ਸਿਹਤ ਸੰਭਾਲ ਕਾਮਿਆਂ ਦਾ ਟੀਕਾਕਰਣ ਹੋਣਾ ਲਾਜ਼ਮੀ ਹੈ। ਪੰਜਾਬ ਦੇਸ਼ ਦੇ ਉਹਨਾਂ 6 ਸੂਬਿਆਂ ਵਿੱਚੋਂ ਇੱਕ ਹੈ ਜਿੱਥੇ ਕੋਵਿਡ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਇਸਨੂੰ ਕਰੋਨਾ ਦੀ ਦੂਜੀ ਲਹਿਰ ਦੀ ਤਰਾਂ ਮੰਨਦਿਆਂ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ।

ਸ. ਸਿੱਧੂ ਨੇ ਕਿਹਾ ਕਿ ਕਰੋਨਾ ਦੇ ਵਧ ਰਹੇ ਮਾਮਲਿਆਂ ਤੋਂ ਪਤਾ ਲਗਦਾ ਹੈ ਕਿ ਪੰਜਾਬ ਵਿੱਚ ਕੋਵਿਡ ਦਾ ਪ੍ਰਭਾਵ ਹਾਲੇ ਪੂਰੀ ਤਰਾਂ ਖ਼ਤਮ ਨਹੀਂ ਹੋਇਆ ਅਤੇ ਕੇਸਾਂ ਵਿੱਚ ਹੋਰ ਵਾਧਾ ਹੋਣ ਦਾ ਖਦਸ਼ਾ ਹੈ। ਇਸ ਲਈ ਕੋਵਿਡ ਤੋਂ ਬਚਾਅ ਲਈ ਢੁੱਕਵੀਆਂ ਸਿਹਤ ਸਾਵਧਾਨੀਆਂ ਜਿਵੇਂ ਸਮਾਜਕ ਦੂਰੀ, ਮਾਸਕ ਪਹਿਨਣਾ, ਹੱਥਾਂ ਨੂੰ ਰੋਗਾਣੂ ਮੁਕਤ ਕਰਨਾ ਆਦਿ ਦੀ ਸਖਤੀ ਨਾਲ ਪਾਲਣਾ ਕਰਨ ਦੀ ਲੋੜ ਹੈ।

ਸਿਹਤ ਮੰਤਰੀ ਨੇ ਸਿਹਤ ਸੰਭਾਲ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨਾਂ ਨੂੰ ਬਿਨਾਂ ਕਿਸੇ ਝਿਜਕ ਤੋਂ ਆਪਣੀ, ਆਪਣੇ ਪਰਿਵਾਰਕ ਮੈਂਬਰਾਂ ਅਤੇ ਨੇੜਲੇ ਸਕੇ ਸਬੰਧੀਆਂ ਦੀ ਸਿਹਤ ਨੂੰ ਕਰੋਨਾ ਤੋਂ ਸੁਰੱਖਿਅਤ ਰੱਖਣ ਲਈ ਛੇਤੀ ਤੋਂ ਛੇਤੀ ਟੀਕਾ ਲਗਵਾਉਣਾ ਚਾਹੀਦਾ ਹੈ।

ਕੈਬਨਿਟ ਮੰਤਰੀ ਨੇ ਸਿਹਤ ਸੰਭਾਲ ਵਰਕਰਾਂ ਅਤੇ ਮੋਹਰਲੀ ਕਤਾਰ ਵਾਲੇ ਯੋਧਿਆਂ ਦੀ ਘੱਟ ਟੀਕਾਕਰਣ ਦਰ ਪ੍ਰਤੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਹੁਣ ਤੱਕ ਸੂਬੇ ਵਿੱਚ 2.06 ਲੱਖ ਸਿਹਤ ਸੰਭਾਲ ਵਰਕਰਾਂ ਅਤੇ 1.82 ਲੱਖ ਮੋਹਰਲੀ ਕਤਾਰ ਵਾਲੇ ਵਰਕਰਾਂ ਨੇ ਕੋਵਿਡ-19 ਦੇ ਟੀਕਾਕਰਨ ਲਈ ਨਾਮ ਦਰਜ ਕਰਵਾਇਆ ਹੈ। ਉਹਨਾ ਕਿਹਾ ਕਿ ਲਗਭਗ 79,000 (38%) ਸਿਹਤ ਸੰਭਾਲ ਕਾਮਿਆਂ ਅਤੇ 4,000 ਮੋਹਰਲੀ ਕਤਾਰ ਵਾਲੇ ਵਰਕਰਾਂ ਦਾ ਟੀਕਾਕਰਣ ਕੀਤਾ ਜਾ ਚੁੱਕਾ ਹੈ ਜੋ ਕਾਫੀ ਘੱਟ ਹੈ। ਉਹਨਾਂ ਕਿਹਾ ਕਿ ਇਹ ਟੀਕਾ ਪੂਰੀ ਤਰਾਂ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ ਅਤੇ ਹੁਣ ਤੱਕ ਪੰਜਾਬ ਵਿੱਚ ਇਸ ਨਾਲ ਸਬੰਧਤ ਇੱਕ ਵੀ ਮੌਤ ਦਾ ਮਾਮਲਾ ਜਾਂ ਇਸਦੇ ਮਾਰੂ ਪ੍ਰਭਾਵ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਕਿਸੇ ਨੂੰ ਵੀ ਅਫਵਾਹਾਂ ਜਾਂ ਗਲਤ ਜਾਣਕਾਰੀ ਦੇ ਅਧਾਰ ’ਤੇ ਗੁਮਰਾਹ ਨਹੀਂ ਹੋਣਾ ਚਾਹੀਦਾ।

ਉਹਨਾਂ ਕਿਹਾ ਕਿ ਸਿਹਤ ਵਿਭਾਗ ਲਈ ਟੀਕਾਕਰਣ ਦੀ ਪਹਿਲੀ ਖੁਰਾਕ ਲੈਣ ਦੀ ਆਖਰੀ ਮਿਤੀ 19 ਫਰਵਰੀ ਤੋਂ ਵਧਾ ਕੇ 25 ਫਰਵਰੀ ਕਰ ਦਿੱਤੀ ਗਈ ਹੈ। ਹਰ ਸਿਹਤ ਸੰਭਾਲ ਵਰਕਰ ਅਤੇ ਮੋਹਰਲੀ ਕਤਾਰ ਵਾਲੇ ਵਰਕਰ ਨੂੰ ਟੀਕਾ ਲਗਵਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਉਜ ਤਾਂ ਸਾਨੂੰ ਸਾਰਿਆਂ ਨੂੰ ਲਾਗ ਲੱਗਣ ਦਾ ਖਤਰਾ ਹੈ ਪਰ ਸਿਹਤ ਕਾਮਿਆਂ ਨੂੰ ਮਰੀਜਾਂ ਤੋਂ ਸੰਕ੍ਰਮਿਤ ਹੋਣ ਦਾ ਖਤਰਾ ਹੋਰ ਵੀ ਵਧੇਰੇ ਹੁੰਦਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ: ਕੈਪਟਨ ਅਮਰਿੰਦਰ

ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਭਲਵਾਨ ਦੇ ਕਾਤਲ ਗ੍ਰਿਫਤਾਰ