ਕੈਲੀਫੋਰਨੀਆ, 31 ਦਸੰਬਰ 2020 – ਅਮਰੀਕਾ ‘ਚ ਉਪ-ਰਾਸ਼ਟਰਪਤੀ ਚੁਣੀ ਗਈ ਕਮਲਾ ਹੈਰਿਸ ਨੇ ਵੀ ਮੰਗਲਵਾਰ ਨੂੰ ਵਾਸ਼ਿੰਗਟਨ, ਡੀ.ਸੀ. ਵਿੱਚ ਕੋਰੋਨਾ ਵਾਇਰਸ ਦਾ ਟੀਕਾ ਲਵਾ ਲਿਆ ਹੈ। ਕਮਲਾ ਹੈਰਿਸ ਵੱਲੋਂ ਵਾਇਰਸ ਦਾ ਇਹ ਟੀਕਾ ਟੈਲੀਵਿਜ਼ਨ ‘ਤੇ ਲਾਈਵ ਹੋ ਕੇ ਲਵਾਇਆ ਗਿਆ। ਕਮਲਾ ਹੈਰਿਸ ਵੱਲੋਂ ਮੋਡਰਨਾ ਕੋਵਿਡ -19 ਟੀਕੇ ਦੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਗਈ ਹੈ ਅਤੇ ਉਨ੍ਹਾਂ ਨੇ ਨਾਲ ਹੀ ਅਮਰੀਕਾ ਵਾਸੀਆਂ ਨੂੰ ਵਾਇਰਸ ਦਾ ਟੀਕਾ ਲਗਵਾਉਣ ਦੀ ਵੀ ਅਪੀਲ ਕੀਤੀ ਹੈ।
ਹੈਰਿਸ ਨੇ ਆਪਣੀ ਖੱਬੀ ਬਾਂਹ ਵਿੱਚ ਟੀਕਾ ਲਗਵਾਉਣ ਤੋਂ ਬਾਅਦ ਇਸ ਪ੍ਰਕਿਰਿਆ ਨੂੰ ਸੌਖਾ ਦੱਸਦਿਆਂ ਦੇਸ਼ ਵਾਸੀਆਂ ਨੂੰ ਉਤਸ਼ਾਹਿਤ ਕੀਤਾ। ਬਾਈਡੇਨ-ਹੈਰਿਸ ਤਬਦੀਲੀ ਟੀਮ ਦੇ ਅਨੁਸਾਰ, ਹੈਰਿਸ ਨੂੰ ਇਹ ਟੀਕਾ ਯੂਨਾਈਟਿਡ ਮੈਡੀਕਲ ਸੈਂਟਰ ਵਿਖੇ ਕਲੀਨਿਕਲ ਨਰਸ ਮੈਨੇਜਰ ਪੈਟਰਸੀਆ ਕਮਿੰਗਜ਼ ਦੁਆਰਾ ਲਗਾਇਆ ਗਿਆ ਹੈ।
ਕਮਲਾ ਹੈਰਿਸ ਨੇ ਮੋਡਰਨਾ ਟੀਕੇ ਦੀ ਪਹਿਲੀ ਖੁਰਾਕ, ਜੋਅ ਬਾਈਡੇਨ ਦੁਆਰਾ ਟੈਲੀਵਿਜ਼ਨ ‘ਤੇ ਲਾਈਵ ਟੀਕਾ ਲਗਵਾਉਣ ਦੇ ਤਕਰੀਬਨ ਇੱਕ ਹਫਤੇ ਬਾਅਦ ਲਗਵਾਇਆ ਹੈ। ਬਾਈਡੇਨ ਨੇ ਵੀ ਲੋਕਾਂ ਨੂੰ ਟੀਕੇ ਦੀ ਸੁਰੱਖਿਆ ਬਾਰੇ ਭਰੋਸਾ ਦਵਾ ਕੇ ਜਲਦੀ ਟੀਕਾ ਲਗਾਉਣ ਦੀ ਅਪੀਲ ਕੀਤੀ ਸੀ।