- ਮਈ ਮਹੀਨੇ ਦੇ ਅੰਤ ਤੱਕ 104 ਬੈੱਡ ਅਤੇ ਆਈ.ਸੀ.ਯੂ. ਸਹੂਲਤਾਂ ਨਾਲ ਲੈਸ ਹੋਣਗੇ ਦੋਵੇਂ ਹਸਪਤਾਲ, 9 ਹੋਰ ਨਵੀਆਂ ਸਹੂਲਤਾਂ ਦੇਣ ਦਾ ਕੰਮ ਵੀ ਕਾਰਜ ਅਧੀਨ
ਚੰਡੀਗੜ੍ਹ, 2 ਮਈ 2021 – ਸੂਬੇ ਵਿੱਚ ਸਿਹਤ ਦੇ ਮੌਜੂਦਾ ਬੁਨਿਆਦੀ ਢਾਂਚੇ ਵਿੱਚ ਹੋਰ ਮਜ਼ਬੂਤੀ ਲਿਆਉਣ ਅਤੇ ਕੋਵਿਡ ਦੀ ਦੂਜੀ ਲਹਿਰ ਨਾਲ ਜੂਝ ਰਹੇ ਗੰਭੀਰ ਮਰੀਜ਼ਾਂ ਲਈ ਹਸਪਤਾਲਾਂ ਵਿੱਚ ਹੋਰ ਬੈੱਡਾਂ ਦੀ ਵਿਵਸਥਾ ਕਰਨ ਲਈ ਪੰਜਾਬ ਸਰਕਾਰ ਵਲੋਂ ਮੁਹਾਲੀ ਅਤੇ ਬਠਿੰਡਾ ਵਿੱਚ ਵਿਸ਼ੇਸ਼ ਤੌਰ `ਤੇ ਕੋਵਿਡ ਦੇ ਮਰੀਜ਼ਾਂ ਲਈ ਆਈ.ਸੀ.ਯੂ. ਸਹੂਲਤਾਂ ਨਾਲ ਲੈਸ ਦੋ ਅਸਥਾਈ ਹਸਪਤਾਲ ਸਥਾਪਤ ਕੀਤੇ ਜਾਣਗੇ। ਇਸ ਤੋਂ ਇਲਾਵਾ 9 ਨਵੇਂ ਛੋਟੇ ਹਸਪਤਾਲ ਸੂਬੇ ਵਿੱਚ ਵੱਖ-ਵੱਖ ਜਿਲ੍ਹਾ ਹਸਪਤਾਲਾਂ ਵਿਚ ਸਥਾਪਤ ਕੀਤੇ ਜਾ ਰਹੇ ਹਨ।
ਇਹ ਪ੍ਰਗਟਾਵਾ ਮੁੱਖ ਸਕੱਤਰ, ਪੰਜਾਬ ਸ੍ਰੀਮਤੀ ਵਿਨੀ ਮਹਾਜਨ ਨੇ ਸ਼ਨਿਚਰਵਾਰ ਨੂੰ ਇੱਥੇ ਹੋਈ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਕੀਤਾ।
ਉਹਨਾਂ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਇਹਨਾਂ ਦੋਵੇਂ ਨਵੇਂ ਹਸਪਤਾਲਾਂ ਨੂੰ ਇਸ ਮਹੀਨੇ ਦੇ ਅੰਤ ਤੱਕ ਕਾਰਜਸ਼ੀਲ ਬਣਾਵੇ ਤਾਂ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ਅਨੁਸਾਰ ਰਾਜ ਦੇ ਕੋਵਿਡ ਮਰੀਜ਼ਾਂ ਦੀ ਬਿਹਤਰ ਸਿਹਤ ਸੰਭਾਲ ਨੂੰ ਯਕੀਨੀ ਬਣਾਇਆ ਜਾ ਸਕੇ।
ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਅਤੇ ਖੋਜ (ਪੀ.ਐਸ.ਐਮ.ਈ.ਆਰ.), ਸ੍ਰੀ ਡੀ.ਕੇ ਤਿਵਾੜੀ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਇਸ ਸਬੰਧ ਵਿੱਚ ਬਠਿੰਡਾ ਵਿਖੇ ਰਿਫਾਇਨਰੀ ਨੇੜੇ 2.66 ਏਕੜ ਅਤੇ ਮੁਹਾਲੀ ਵਿੱਚ 23000 ਵਰਗ ਫੁੱਟ ਜ਼ਮੀਨ ਦੀ ਪਛਾਣ ਕੀਤੀ ਗਈ ਹੈ ਅਤੇ ਦੋਵੇਂ ਹਸਪਤਾਲਾਂ ਵਿੱਚ 104 ਬੈੱਡਾਂ ਦੀ ਸਮਰੱਥਾ ਹੋਵੇਗੀ। ਇਹ ਹਸਪਤਾਲ 25 ਸਾਲ ਤੱਕ ਕਾਰਜਸ਼ੀਲ ਰਹਿਣਗੇ।
ਮੁਹਾਲੀ ਦੇ ਹਸਪਤਾਲ ਨੂੰ ਚਾਲੂ ਕਰਨ ਲਈ ਪੀਐਸਏ-ਪੀਐਮ / ਆਈਆਈਟੀਐਮ ਰਾਹੀਂ ਸੀ.ਐਸ.ਆਰ. ਫੰਡਿੰਗ ਦੁਆਰਾ ਦਾ ਸਹਿਯੋਗ ਹੋਵੇਗਾ ਅਤੇ ਮੁਹਾਲੀ ਮੈਡੀਕਲ ਕਾਲਜ ਵਲੋਂ ਤਾਲਮੇਲ ਅਤੇ ਸਾਜ਼ੋ ਸਾਮਾਨ ਦੀ ਖਰੀਦ ਨੂੰ ਯਕੀਨੀ ਬਣਾਇਆ ਜਾਵੇਗਾ। ਬਠਿੰਡਾ ਹਸਪਤਾਲ ਲਈ ਇੰਪਲੀਮੈਂਟੇਸ਼ਨ ਪਾਰਟਨਰ ਸੀਐਸਆਈਆਰ / ਸੀ.ਬੀ.ਆਰ.ਆਈ. ਸਾਜ਼ੋ ਸਾਮਾਨ ਦੀ ਖਰੀਦ ਨੂੰ ਯਕੀਨੀ ਬਣਾਉਣ ਲਈ ਐਚ.ਐਮ.ਈ.ਐਲ. ਨਾਲ ਕੰਮ ਕਰੇਗਾ ਜਦੋਂ ਕਿ ਐਚ.ਐਮ.ਈ.ਐਲ. ਦੁਆਰਾ ਫੰਡ ਦਿੱਤੇ ਜਾਣਗੇ ਅਤੇ ਖਰੀਦ ਲਈ ਪੀ.ਐਸ.ਐਮ.ਈ.ਆਰ. ਅਤੇ ਬੀ.ਐਫ.ਯੂ.ਐਚ.ਐਸ. ਵੀਸੀ ਦੁਆਰਾ ਤਾਲਮੇਲ ਕੀਤਾ ਜਾਵੇਗਾ।
ਪੀਐਸਏ-ਪੀਐਮਓ ਡਾ. ਸਪਨਾ ਪੋਤੀ ਨੇ ਦੱਸਿਆ ਕਿ ਮਦਰਾਸ ਆਈ.ਆਈ.ਟੀ ਦੀ ਇਨੋਵੇਸ਼ਨ ਦੀ ਵਰਤੋਂ ਕਰਦਿਆਂ 3 ਤੋਂ 4 ਹਫ਼ਤਿਆਂ ਦੇ ਅੰਦਰ-ਅੰਦਰ ਮੋਹਾਲੀ ਹਸਪਤਾਲ ਦੀ ਸਥਾਪਨਾ ਲਈ ਮੁਹਾਲੀ ਫੀਲਡ ਸਰਵੇਖਣ ਕੀਤਾ ਜਾ ਚੁੱਕਾ ਹੈ । ਉਨ੍ਹਾਂ ਦੱਸਿਆ ਕਿ ਸਹੂਲਤਾਂ ਵਧਾਉਣ ਲਈ ਮੁਰੂਗੱਪਾ / ਟਾਟਾ ਸਮੂਹਾਂ ਦਾ ਸਮਰਥਨ ਲਿਆ ਜਾ ਰਿਹਾ ਹੈ।
ਮੁੱਖ ਸਕੱਤਰ ਨੇ ਜ਼ੋਰ ਦੇ ਕੇ ਕਿਹਾ ਕਿ ਲੈਵਲ -2 ਅਤੇ ਲੈਵਲ -3 ਬੈੱਡਾਂ ਨੂੰ ਵਧਾਉਣ ਲਈ ਸਾਰੇ ਬੈਡਾਂ ਲਈ ਆਕਸੀਜਨ ਸਹਾਇਤਾ ਉਪਲਬਧ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੱਛਮੀ ਕਮਾਂਡ ਦੇ ਸਹਿਯੋਗ ਨਾਲ ਬੈਡਾਂ ਦੀ ਗਿਣਤੀ ਵਧਾਉਣ ਦੀ ਲੋੜ ਹੈ ਅਤੇ ਉਤਪਾਦਾਂ ਦੀ ਆਵਾਜਾਈ ਸਬੰਧੀ ਪ੍ਰਵਾਨਗੀ ਲਈ ਮੈਡੀਕਲ ਸਿੱਖਿਆ ਵਿਭਾਗ ਨਾਲ ਤਾਲਮੇਲ ਕੀਤਾ ਜਾਵੇਗਾ।
ਸਿਵਲ ਮਿਲਟਰੀ ਅਫੇਅਰਜ਼, ਵੈਸਟਰਨਨ ਕਮਾਂਡ ਦੇ ਡਾਇਰੈਕਟਰ ਕਰਨਲ ਜਸਦੀਪ ਸੰਧੂ ਨੇ ਦੱਸਿਆ ਕਿ ਉਹ ਮੁਹਾਲੀ ਹਸਪਤਾਲ ਵਾਲੀ ਥਾਂ ਦਾ ਦੌਰਾ ਕਰ ਚੁੱਕੇ ਹਨ ਅਤੇ ਮੌਜੂਦਾ ਬੈਡਾਂ ਦੀ ਤੁਰੰਤ ਵਰਤੋਂ ਕਰਨ ਦੀ ਲੋੜ ਮਹਿਸੂਸ ਕੀਤੀ ਹੈ ਕਿਉਂਕਿ ਫੀਲਡ ਹਸਪਤਾਲ ਯੂਨਿਟ 3 ਦਿਨਾਂ ਵਿੱਚ ਅੱਗੇ ਵਧ ਜਾਵੇਗੀ।
ਐਚ.ਈ.ਐਮ.ਐਲ ਦੇ ਸੀਓਓ ਏ.ਐਸ. ਬਾਸੂ ਨੇ ਦੱਸਿਆ ਕਿ ਰਿਫਾਇਨਰੀ ਨਾਲ ਲੱਗਦੀ ਜ਼ਮੀਨ 100 ਬੈਡਾਂ ਲਈ ਖਾਲੀ ਕਰ ਦਿੱਤੀ ਗਈ ਹੈ, ਆਕਸੀਜਨ ਪਾਈਪ ਲਾਈਨ, ਪਾਣੀ ਅਤੇ ਬਿਜਲੀ ਸਪਲਾਈ ਤੋਂ ਇਲਾਵਾ ਸੀਵਰੇਜ ਕੁਨੈਕਸ਼ਨ ਲਈ ਕੰਮ ਸ਼ੁਰੂ ਹੋ ਗਿਆ ਹੈ।
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਕਿਹਾ ਕਿ ਉਨ੍ਹਾਂ ਨੇ ਮੌਜੂਦਾ ਸਿਹਤ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ ਲਈ ਮਾਨਸਾ, ਮੁਕਤਸਰ ਅਤੇ ਫਾਜਿ਼ਲਕਾ ਵਿਚ ਵੀ ਥਾਵਾਂ ਦੀ ਚੋਣ ਕੀਤੀ ਗਈ ਹੈ।
ਇਸ ਤੋਂ ਬਾਅਦ ਮੁੱਖ ਸਕੱਤਰ ਨੇ ਰਾਜ ਵਿੱਚ ਆਕਸੀਜਨ ਸਪਲਾਈ ਅਤੇ ਉਪਲਬਧਤਾ ਦੀ ਸਥਿਤੀ ਦਾ ਜਾਇਜ਼ਾ ਵੀ ਲਿਆ।