ਨਵੀਂ ਦਿੱਲੀ, 25 ਮਈ 2021 – ਕੋਵਿਡ-19 ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਕਰਨ ਪੂਰੇ ਭਾਰਤ ’ਚ ਆਕਸੀਜਨ ਦੀ ਘਾਟ ਹੋ ਗਈ ਹੈ ਅਤੇ ਲੋਕ ਆਪਣਾ ਆਕਸੀਜਨ ਲੈਵਲ ਚੈੱਕ ਕਰਨ ਲਈ ਆਕਸੀਮੀਟਰ ਖ਼ਰੀਦ ਰਹੇ ਹਨ। ਜਿਸ ਤੋਂ ਬਾਅਦ ਵਧੀ ਮੰਗ ਕਾਰਨ ਆਕਸੀਮੀਟਰ ਦੀ ਕੀਮਤ ਵਿੱਚ ਵੀ ਵਾਧਾ ਹੋ ਗਿਆ। ਜਿਸ ਤੋਂ ਬਾਅਦ ਕੋਲਕਾਤਾ ਸਥਿਤ ਇੱਕ ਹੈਲਥਕੇਅਰ ਸਟਾਰਟ ਅੱਪ ਨੇ ‘ਕੇਅਰ ਪਲਿਕਸ ਵਾਈਟਲ’ ਨਾਂਅ ਦੀ ਇੱਕ ਮੋਬਾਈਲ ਐਪਲੀਕੇਸ਼ਨ ਤਿਆਰ ਕੀਤੀ ਹੈ, ਜੋ ਖ਼ੂਨ ਵਿਚਲੇ ਆਕਸੀਜਨ ਦੇ ਪੱਧਰ ਦੇ ਨਾਲ-ਨਾਲ ਇਨਸਾਨ ਦੀ ਨਬਜ਼ ਤੇ ਸਾਹ ਲੈਣ ਦੀ ਦਰ ’ਤੇ ਪੂਰੀ ਨਜ਼ਰ ਰੱਖੇਗੀ।
ਇਸ ਐਪ ਨੂੰ ਡਾਊਨਲੋਡ ਕਰਨ ਤੋਂ ਬਾਅਦ ਇਹ ਐਪ ਯੂਜ਼ਰ ਨੂੰ ਆਪਣੀ ਇੱਕ ਉਂਗਲ ਆਪਣੇ ਸਮਾਰਟਫ਼ੋਨ ਦੇ ਪਿਛਲੇ ਕੈਮਰੇ ਅਤੇ ਫ਼ਲੈਸ਼ ਲਾਈਟ ਉੱਤੇ ਰੱਖਣ ਲਈ ਕਹੇਗੀ ਅਤੇ ਫਿਰ ਕੁਝ ਸਮੇ ਬਾਅਦ ਆਕਸੀਜਨ ਸੈਚੁਰੇਸ਼ਨ ਨਬਜ਼ ਦੀ ਦਰ ਤੇ ਸਾਹ ਲੈਣ ਦੀ ਦਰ ਤੁਹਾਡੇ ਮੋਬਾਈਲ ‘ਤੇ ਸ਼ੋ ਹੋਣ ਲੱਗੇਗੀ।
‘ਕੇਅਰ ਪਲਿਕਸ ਵਾਈਟਲ’ਐਪ ‘ਤੇ ਪਹਿਲਾਂ ਯੂਜ਼ਰ ਨੂੰ ਰਜਿਸਟ੍ਰੇਸ਼ਨ ਕਰਨੀ ਪੈਂਦੀ ਹੈ। ਕੈਮਰੇ ਤੇ ਫ਼ਲੈਸ਼-ਲਾਈਟ ਉੱਤੇ ਉਂਗਲ ਜਿੰਨੇ ਜ਼ੋਰ ਨਾਲ ਰੱਖੀ ਜਾਵੇਗੀ, ਓਨੀ ਹੀ ਉਸ ਦੀ ਰੀਡਿੰਗ ਸਹੀ ਆਵੇਗੀ। ਇਸ ਐਪ ਦੇ ਨਤੀਜਿਆਂ ਦਾ ਮਿਲਾਣ ਹਸਪਤਾਲ ਦੀ OPD ਵੱਲੋਂ ਕੀਤੇ ਜਾਣ ਵਾਲੇ ਟੈਸਟਾਂ ਨਾਲ ਕੀਤਾ ਗਿਆ ਤੇ 96 ਫ਼ੀਸਦੀ ਨਤੀਜੇ ਸਹੀ ਪਾਏ ਗਏ।