ਚੰਡੀਗੜ੍ਹ, 29 ਜਨਵਰੀ 2021 – ਪੰਜਾਬ ਦੇ ਪਸ਼ੂ ਪਾਲਣ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇੱਕ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਜੁਣ ਤੱਕ ਵੀ ਬਰਡ ਫਲੂ ਤੋਂ ਲਗਭਗ ਬਚਿਆ ਹੋਇਆ ਹੈ। ਸ੍ਰੀ ਬਾਜਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਰਿਜ਼ੀਨਲ ਡਜ਼ੀਜ ਡਾਇਗੋਨੋਸਟਿਕ ਲੈਬਾਰਟਰੀ ਜਲੰਧਰ ਵਿਖੇ ਟੈਸਟ ਕੀਤੇ ਸੈਂਪਲਾਂ ਵਿਚੋਂ ਪੰਜਾਬ ਦੇ 99.5% ਪਲੋਟਰੀ ਫਾਰਮ ਬਰਡ ਫਲੂ ਦੀ ਬਿਮਾਰੀ ਤੋਂ ਰਹਿਤ ਹਨ।
ਉਨਾਂ ਦੱਸਿਆ ਕਿ ਸਿਰਫ 0.5% ਫਾਰਮ ਹੀ ਬਰਡ ਫਲੂ ਦੀ ਬਿਮਾਰੀ ਤੋਂ ਪ੍ਰਭਾਵਿਤ ਪਾਏ ਗਏ ਹਨ। ਇਸ ਲਈ ਪੰਜਾਬ ਸਰਕਾਰ ਵੱਲੋਂ ਸਮੂਹ ਪੋਲਟਰੀ ਫਾਰਮਾਂ / ਬੈਕਯਾਰਡ ਪੋਲਟਰੀ ਨੂੰ 100% ਟੈਸਟ ਕਰਨ ਦਾ ਟੀਚਾ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਸੂਬੇ ਨੂੰ ਬਰਡ ਫਲੂ ਤੋਂ ਰਾਹਤ ਦਿਵਾਈ ਜਾਵੇਗੀ ਤਾਂ ਜੋ ਅੰਡੇ ਅਤੇ ਮੀਟ ਦਾ ਸੇਵਨ ਕਰਨ ਵਾਲਿਆਂ ਨੂੰ ਕਿਸੇ ਵੀ ਕਿਸਮ ਦਾ ਕੋਈ ਖਦਸ਼ਾ ਜਾਂ ਸ਼ੰਕਾ ਨਾ ਰਹੇ। ਉਨ੍ਹਾਂ ਨਾਲ ਹੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਿਮਾਰੀ ਰਹਿਤ ਪੋਲਟਰੀ ਪ੍ਰੋਡਕਟਸ ਮੁਹੱਈਆ ਕਰਵਾਉਣ ਲਈ ਬਚਨਬੱਧ ਹੈ ਤਾਂ ਜੋ ਲੋਕਾਂ ਨੂੰ ਕਿਸੇ ਵੀ ਕਿਸਮ ਦਾ ਡਰ ਜਾ ਸੰਕਾ ਨਾ ਰਹੇ।
ਪੰਜਾਬ ਰਾਜ ਵਿੱਚ ਬਰਡ ਫਲੂ ਦੀ ਰੋਕਥਾਮ ਬਾਰੇ ਜਾਣਕਾਰੀ ਦਿੰਦਆਂ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਜੈ ਕੁਮਾਰ ਜੰਜੂਆ ਨੇ ਦੱਸਿਆ ਕਿ ਪੰਜਾਬ ਵਿੱਚ ਜਲੰਧਰ ਵਿਖੇ ਰਿਜ਼ੀਨਲ ਡਜ਼ੀਜ ਡਾਇਗੋਨੋਸਟਿਕ ਲੈਬਾਰਟਰੀ ਵਿਖੇ ਹੁਣ ਤੱਕ 8022 ਸੈਂਪਲਾਂ ਨੂੰ ਟੈਸਟ ਕੀਤਾ ਗਿਆ। ਉਨ੍ਹਾਂ ਨਾਲ ਹੀ ਦੱਸਿਆ ਕਿ ਪੰਜਾਬ ਰਾਜ ਵਿੱਚ ਕਰੀਬ ਕੁੱਲ 641 ਅੰਡੇ ਦੇਣ ਵਾਲੀਆਂ ਮੁਰਗੀਆਂ ਦੇ ਫਾਰਮ ਅਤੇ ਮੀਟ ਦਾ ਉਤਪਾਦਨ ਕਰਨ ਵਾਸਤੇ ਕਰੀਬ 2851 ਫਾਰਮ ਹਨ ਅਤੇ ਹੁਣ ਤੱਕ ਕਰੀਬ 750 ਫਾਰਮਾਂ ਤੋਂ ਸੈਂਪਲ ਇਕੱਠੇ ਕਰਕੇ ਆਰ.ਡੀ.ਡੀ.ਐਲ. ਜਲੰਧਰ ਵਿਖੇ ਟੈਸਟ ਕੀਤੇ ਗਏ ਹਨ।
ਵਧੀਕ ਮੁੱਖ ਸਕੱਤਰ ਸ੍ਰੀ ਜੰਜੂਆ ਨੇ ਆਮ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਮਾਸ ਅਤੇ ਅੰਡੇ ਨੂੰ ਪੂਰੀ ਤਰ੍ਹਾਂ ਪਕਾ ਕੇ ਖਾਇਆ ਜਾਵੇ ਕਿਓਂ ਕਿ ਮਾਹਿਰਾਂ ਦਾ ਮੰਨਣਾ ਹੈ ਕਿ ਅਗਰ ਮੀਟ ਅਤੇ ਅੰਡਿਆਂ ਨੂੰ 70 ਡਿਗਰੀ ਸੈਲੀਅਸ ਤਾਪਮਾਨ ਤੇ 20 ਮਿੰਟ ਲਈ ਪਕਾਇਆ ਜਾਵੇ ਤਾਂ ਉਸ ਵਿੱਚ ਬਰਡ ਫਲੂ ਵਰਗੀ ਬਿਮਾਰੀ ਦੇ ਅੰਸ਼ ਦਾ ਮੁਕੰਮਲ ਖਾਤਮਾ ਹੋ ਜਾਂਦਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੋਲਟਰੀ ਫਾਰਮਰਾਂ ਨੂੰ ਉਨ੍ਹਾਂ ਦੇ ਪੋਲਟਰੀ ਫਾਰਮਾਂ ਦੇ ਟੈਸਟ ਕਰਵਾਉਣ ਲਈ ਪੂਰਾ ਸਹਿਯੋਗ ਦੇਵੇਗੀ ਅਤੇ ਇਹ ਟੈਸਟ ਪੂਰੀ ਤਰ੍ਹਾਂ ਬਿਨ੍ਹਾਂ ਕਿਸੇ ਲਾਗਤ ਤੋਂ ਮੁਫਤ ਕੀਤੇ ਜਾਣਗੇ।