- ਟੀਕਾਕਰਨ ਲਈ 20,450 ਸ਼ੀਸ਼ੀਆਂ (ਕੋਵੀਸੀਲਡ) ਪ੍ਰਾਪਤ ਹੋਈਆਂ: ਬਲਬੀਰ ਸਿੱਧੂ
- ਸਰਕਾਰੀ ਅਤੇ ਪ੍ਰਾਇਵੇਟ ਸਿਹਤ ਸੰਸਥਾਵਾਂ ਤੋਂ ਹੈਲਥ ਵਰਕਰਾਂ ਦਾ ਡਾਟਾ ਕੀਤਾ ਅਪਲੋਡ
ਚੰਡੀਗੜ੍ਹ, 12 ਜਨਵਰੀ 2021 – ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ 16 ਜਨਵਰੀ ਨੂੰ 110 ਥਾਵਾਂ ‘ਤੇ ਹੈਲਥ ਕੇਅਰ ਵਰਕਰਾਂ (ਐਚ.ਸੀ.ਡਬਲਯੂ) ਦੇ ਟੀਕਾਕਰਣ ਲਈ ਪੂਰੀ ਤਰਾਂ ਤਿਆਰ ਹੈ। ਅੱਜ ਟੀਕੇ ਦੀਆਂ 20,450 ਵਾਈਲ (ਸ਼ੀਸ਼ੀਆਂ) ਪ੍ਰਾਪਤ ਹੋਈਆਂ ਹਨ ਅਤੇ ਹਰ ਸ਼ੀਸ਼ੀ ਵਿਚ ਟੀਕੇ ਦੀਆਂ 10 ਖੁਰਾਕਾਂ ਹਨ ਜੋ ਲਾਭਪਾਤਰੀ ਨੂੰ 28 ਦਿਨਾਂ ਦੇ ਫਰਕ ਨਾਲ ਦੋ ਖ਼ੁਰਾਕਾਂ ਵਿਚ ਦਿੱਤੀਆਂ ਜਾਣਗੀਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਲੰਬੀ ਉਡੀਕ ਤੋਂ ਬਾਅਦ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਈਪੀਆਈ ਅਧਿਕਾਰੀ ਵਲੋਂ ਚੰਡੀਗੜ ਹਵਾਈ ਅੱਡੇ ਤੋਂ ਕੋਵੀਸ਼ੀਲਡ ਨਾਮੀ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ ਪ੍ਰਾਪਤ ਕੀਤੀ ਗਈ। ਉਨਾਂ ਦੱਸਿਆ ਕਿ ਇਹ ਕੋਵੀਸ਼ੀਲਡ ਵੈਕਸੀਨ ਆਕਸਫੋਰਡ ਯੂਨੀਵਰਸਿਟੀ ਵਲੋਂ ਐਸਟਰਾਜੇਨੇਕਾ ਨਾਲ ਮਿਲਕੇ ਤਿਆਰ ਕੀਤੀ ਗਈ ਹੈ ਅਤੇ ਹੁਣ ਇਸ ਵੈਕਸੀਨ ਦਾ ਉਤਪਾਦਨ ਭਾਰਤ ਵਿੱਚ ਸੀਰਮ ਇੰਸਟੀਚਿਊਟ ਵਲੋਂ ਕੀਤਾ ਜਾ ਰਿਹਾ ਹੈ। ਇਸ ਦੇ ਤੀਜੇ ਪੜਾਅ ਦੇ ਟਰਾਇਲਾਂ ਦਾ ਡਾਟਾ ਉਪਲਬਧ ਹੈ ਅਤੇ ਇਸ ਵੈਕਸੀਨ ਨੂੰ ਇੰਗਲੈਂਡ ਵਿੱਚ ਐਮਰਜੈਂਸੀ ਆਥੋਰਾਈਜੇਸ਼ਨ ਤਹਿਤ ਲਗਾਇਆ ਜਾ ਰਿਹਾ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਟੀਕਾਕਰਣ ਦੀ ਸੁਰੂਆਤ ਲਈ ਹਰੇਕ ਜ਼ਿਲੇ ਵਿੱਚ 5 ਸਥਾਨਾਂ ਦੀ ਚੋਣ ਕੀਤੀ ਗਈ ਹੈ ਜਿਥੇ ਹਰੇਕ ਸਥਾਨ ‘ਤੇ 100 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਜਾਵੇਗਾ। ਉਨਾਂ ਕਿਹਾ ਕਿ ਜ਼ਿਲਾ ਹਸਪਤਾਲ ਐਸ.ਏ.ਐਸ.ਨਗਰ ਅਤੇ ਜੀ.ਐਮ.ਸੀ. ਅੰਮਿ੍ਰਤਸਰ ਵਿਖੇ ਕੇਂਦਰ ਸਰਕਾਰ ਨਾਲ ਦੋ ਸ਼ੈਸ਼ਨ ਸਾਈਟਾਂ ਦਾ ਸਿੱਧਾ ਪ੍ਰਸਾਰਣ/ਵੈਬਕਾਸਟ ਕੀਤਾ ਜਾਵੇਗਾ।
ਵੈਕਸੀਨ ਲਈ ‘ਕੋਲਡ ਚੇਨ‘ ਸਬੰਧੀ ਤਿਆਰੀਆਂ ਬਾਰੇ ਵੇਰਵੇ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਸ ਵੇਲੇ ਵੈਕਸੀਨ ਨੂੰ ਸਟੇਟ ਵੈਕਸੀਨ ਸਟੋਰ, ਸੈਕਟਰ -24 ਵਿਖੇ ਸਟੋਰ ਕੀਤਾ ਗਿਆ ਹੈ ਅਤੇ ਬਾਅਦ ਵਿਚ, ਇਸ ਵੈਕਸੀਨ ਨੂੰ ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਖੇਤਰੀ, ਜ਼ਿਲਾ ਅਤੇ ਬਲਾਕ ਵੈਕਸੀਨ ਸਟੋਰਾਂ ‘ਤੇ ਉਪਲਬਧ ਕਰਵਾਇਆ ਜਾਵੇਗਾ।
ਉਹਨਾਂ ਅੱਗੇ ਕਿਹਾ ਕਿ ਹਰੇਕ ਟੀਕਾਕਰਣ ਸੈਸ਼ਨ ਦੇ ਪ੍ਰਬੰਧਨ ਲਈ 5 ਮੈਂਬਰੀ ਟੀਮ ਬਣਾਈ ਗਈ ਅਤੇ ਟੀਮ ਦੀਆਂ ਨਿਰਧਾਰਤ ਜਿੰਮੇਵਾਰੀਆਂ ਮੁਤਾਬਿਕ ਪਹਿਲਾ ਵੈਕਸੀਨੇਸ਼ਨ ਅਧਿਕਾਰੀ ਐਂਟਰਸ ‘ਤੇ ਇਹ ਯਕੀਨੀ ਬਣਾਏਗਾ ਕਿ ਸਿਰਫ ਯੋਗ ਵੈਕਸੀਨੇਟਰ ਹੀ ਦਾਖਲ ਹੋਣ, ਦੂਜਾ ਵੈਕਸੀਨੇਸ਼ਨ ਅਧਿਕਾਰੀ ਕੋਵਿਨ ਐਪ ‘ਤੇ ਲਾਭਪਾਤਰੀਆਂ ਦੀ ਤਸਦੀਕ ਕਰੇਗਾ, ਤੀਜਾ ਵੈਕਸੀਨੇਸ਼ਨ ਅਧਿਕਾਰੀ ਇੰਟ੍ਰਾ ਮਸਕੁਲਰ ਵਜੋਂ ਟੀਕਾ ਲਗਾਏਗਾ, ਚੌਥਾ ਵੈਕਸੀਨੇਸ਼ਨ ਅਧਿਕਾਰੀ ਏਈਐਫਆਈ (ਟੀਕਾਕਰਣ ਤੋਂ ਬਾਅਦ ਐਡਵਰਸ ਈਫੈਕਟ) ਦੀ ਨਿਗਰਾਨੀ ਲਈ ਓਬਜ਼ਰਵੇਸ਼ਨ ਰੂਮ ਵਿਖੇ ਤਾਇਨਾਤ ਹੋਵੇਗਾ ਅਤੇ ਪੰਜਵਾਂ ਵੈਕਸੀਨੇਸ਼ਨ ਅਧਿਕਾਰੀ ਲਾਭਪਾਤਰੀਆਂ ਦੀ ਆਮਦ ਨੂੰ ਨਿਯੰਤਰਣ ਕਰਨ ਵਿਚ ਸਹਾਇਤਾ ਕਰੇਗਾ। ਇਸ ਤੋਂ ਇਲਾਵਾ ਟੀਕਾਕਰਨ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟੀਮ ਸੁਪਰਵਾਈਜ਼ਰ ਅਤੇ ਏਈਐਫਆਈ ਪ੍ਰਬੰਧਨ ਕੇਂਦਰ ਵਿਚ ਨੋਡਲ ਅਧਿਕਾਰੀ ਵੀ ਤਾਇਨਾਤ ਕੀਤੇ ਗਏ ਹਨ।