ਪੰਜਾਬ ਨੇ ਸਰਬੱਤ ਸਿਹਤ ਬੀਮਾ ਯੋਜਨਾ ਹੇਠ ਈ-ਕਾਰਡ ਬਣਾਉਣ ਦਾ ਨਵਾਂ ਰਿਕਾਰਡ ਕਾਇਮ ਕੀਤਾ : ਪ੍ਰਮੁੱਖ ਸਕੱਤਰ ਸਿਹਤ

  • 673.62 ਕਰੋੜ ਰੁਪਏ ਦੀ ਲਾਗਤ ਨਾਲ 6,01,766 ਤੋਂ ਵੱਧ ਮਰੀਜ਼ਾਂ ਦਾ ਇਲਾਜ ਕੀਤਾ
  • ਪਰਿਵਾਰਾਂ ਦੇ ਈ-ਕਾਰਡ ਬਣਾਉਣ ਲਈ ਫਾਜ਼ਿਲਕਾ, ਪਠਾਨਕੋਟ, ਜਲੰਧਰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਰਹੇ

ਚੰਡੀਗੜ੍ਹ, 17 ਮਾਰਚ 2021 – ਪੰਜਾਬ ਸਰਕਾਰ ਨੇ ਏ.ਬੀ.-ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 22 ਫਰਵਰੀ ਤੋਂ 16 ਮਾਰਚ 2021 ਤੱਕ ਲਾਭਪਾਤਰੀਆਂ ਦੇ 9,55,489 ਈ-ਕਾਰਡ ਬਣਾ ਕੇ ਰਿਕਾਰਡ ਕਾਇਮ ਕੀਤਾ ਹੈ। ਇਹ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਦੇ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ ਨੇ ਪ੍ਰਆਸ ਭਵਨ ਸੈਕਟਰ -38 ਚੰਡੀਗੜ੍ਹ ਵਿਖੇ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਕੀਤਾ।

ਮੀਟਿੰਗ ਦੀ ਅਗਵਾਈ ਕਰਦਿਆਂ ਸ੍ਰੀ ਹੁਸਨ ਲਾਲ ਨੇ ਵਿਸ਼ੇਸ਼ ਤੌਰ `ਤੇ ਪੰਜਾਬ ਮੰਡੀ ਬੋਰਡ ਅਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਲਾਭਪਾਤਰੀਆਂ ਦੇ ਈ-ਕਾਰਡ ਬਣਾਉਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਕਿਉਂਕਿ ਉਕਤ ਦੋਵੇਂ ਵਿਭਾਗ ਇਸ ਬੀਮਾ ਯੋਜਨਾ ਦੇ ਵੱਡੀ ਗਿਣਤੀ ਲਾਭਪਾਤਰੀਆਂ ਨੂੰ ਕਵਰ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਰੇ ਸਬੰਧਤ ਵਿਭਾਗ ਲਾਭਪਾਤਰੀਆਂ ਦੇ ਅਪਡੇਟਿਡ ਵੇਰਵੇ ਸਟੇਟ ਸਿਹਤ ਏਜੰਸੀ ਨੂੰ ਮੁਹੱਈਆ ਕਰਵਾਉਣ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਰੇ ਯੋਗ ਲਾਭਪਾਤਰੀ ਨੀਤੀ ਦੇ ਅਗਲੇ ਸਾਲ ਅਧੀਨ ਕਵਰ ਕੀਤੇ ਜਾਣ ਅਤੇ ਕੋਈ ਵੀ ਯੋਗ ਲਾਭਪਾਤਰੀ ਬਾਕੀ ਨਾ ਰਹੇ।

ਉਨ੍ਹਾਂ ਕਿਹਾ ਕਿ ਰਾਜ ਸਿਹਤ ਏਜੰਸੀ ਨੇ ਸੂਬੇ ਭਰ ਵਿੱਚ ਈ-ਕਾਰਡ ਬਣਾਉਣ ਲਈ 22 ਫਰਵਰੀ ਤੋਂ 28 ਫਰਵਰੀ ਤੱਕ ਇੱਕ ਹਫਤੇ ਦੀ ਵਿਆਪਕ ਮੁਹਿੰਮ ਚਲਾਈ ਅਤੇ ਸੂਬੇ ਵਿੱਚ ਹੁਣ ਤੱਕ 69.40 ਫੀਸਦੀ ਯੋਗ ਪਰਿਵਾਰਾਂ ਨੂੰ ਏ.ਬੀ.-ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਵਰ ਕੀਤਾ ਜਾ ਚੁੱਕਾ ਹੈ।
ਰਾਜ ਸਿਹਤ ਏਜੰਸੀ ਦੇ ਸੀ.ਈ.ਓ. ਸ੍ਰੀ ਅਮਿਤ ਕੁਮਾਰ ਨੇ ਕਿਹਾ ਕਿ ਸਾਰੇ ਜ਼ਿਲ੍ਹਿਆਂ ਵਿੱਚ ਈ-ਕਾਰਡ ਬਣਾਉਣ ਦੀ ਪ੍ਰਕਿਰਿਆ ਜ਼ੋਰਾਂ `ਤੇ ਚੱਲ ਰਹੀ ਹੈ ਜਿਸ ਵਿੱਚ ਪਰਿਵਾਰਾਂ ਦੇ ਈ-ਕਾਰਡ ਬਣਾਉਣ ਲਈ ਫਾਜ਼ਿਲਕਾ, ਪਠਾਨਕੋਟ, ਜਲੰਧਰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਰਹੇ ਹਨ।

ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਇਹ ਯੋਜਨਾ 20 ਅਗਸਤ 2019 ਤੋਂ ਸ਼ੁਰੂ ਹੋਈ ਅਤੇ ਸੂਬੇ ਭਰ ਵਿੱਚ 6,01,766 ਤੋਂ ਵੱਧ ਮਰੀਜ਼ਾਂ ਨੂੰ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਦਾਖਲ ਕਰਵਾ ਕੇ 673.62 ਕਰੋੜ ਰੁਪਏ ਦਾ ਨਕਦੀ ਰਹਿਤ ਇਲਾਜ ਮੁਹੱਈਆ ਕਰਵਾਇਆ ਗਿਆ।
ਸ੍ਰੀ ਅਮਿਤ ਕੁਮਾਰ ਨੇ ਅੱਗੇ ਦੱਸਿਆ ਕਿ ਪੰਜਾਬ ਵਿੱਚ ਸਿਰਫ 1.5 ਸਾਲ ਦੌਰਾਨ 822 ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਨੂੰ ਸੂਚੀਬੱਧ ਕਰਨ ਅਤੇ ਔਸਤਨ 1500 ਲਾਭਪਾਤਰੀਆਂ ਨੂੰ ਇਲਾਜ ਮੁਹੱਈਆ ਕਰਵਾਉਣ ਨਾਲ ਦੇਸ਼ ਦਾ ਬਿਹਤਰ ਕਾਰਗੁਜ਼ਾਰੀ ਵਿਖਾਉਣ ਵਾਲਾ ਸੂਬਾ ਬਣ ਗਿਆ ਹੈ। ਉਹਨਾਂ ਕਿਹਾ ਕਿ ਇਹ ਇੱਕ ਬੀਮਾ ਆਧਾਰਤ ਸਕੀਮ ਹੈ, ਇਸ ਲਈ ਬੀਮਾ ਕੰਪਨੀ ਨਾਲ ਮਿਲ ਕੇ ਨਿਯਮਤ ਅਧਾਰ ‘ਤੇ ਯੋਜਨਾ ਦੀ ਸਮੀਖਿਆ ਕੀਤੀ ਜਾ ਰਹੀ ਹੈ ਤਾਂ ਜੋ ਸਾਰੀਆਂ ਸ਼ਿਕਾਇਤਾਂ ਦਾ ਜਲਦ ਨਿਪਟਾਰਾ, ਪ੍ਰਵਾਨਗੀਆਂ ਦੇਣਾ ਅਤੇ ਦਾਅਵਿਆਂ ਦਾ ਸਮੇਂ ਸਿਰ ਹੱਲ ਕਰਨਾ ਯਕੀਨੀ ਬਣਾਇਆ ਜਾ ਸਕੇ।

ਉਨ੍ਹਾਂ ਇਹ ਵੀ ਦੱਸਿਆ ਕਿ ਸਟੇਟ ਹੈਲਥ ਏਜੰਸੀ ਵੱਲੋਂ ਹਾਲ ਹੀ ਵਿੱਚ ਇੱਕ ਫੀਡਬੈਕ ਪੋਰਟਲ ਵਿਕਸਿਤ ਕਰਕੇ ਵਿਲੱਖਣ ਪਹਿਲਕਦਮੀ ਕੀਤੀ ਗਈ ਹੈ, ਜਿਸ ਤਹਿਤ ਇਲਾਜ ਦਾ ਲਾਭ ਲੈਣ ਵਾਲੇ ਸਾਰੇ ਲਾਭਪਾਤਰੀਆਂ ਨਾਲ ਸੰਪਰਕ ਕੀਤਾ ਜਾਂਦਾ ਹੈ ਅਤੇ ਕਈ ਮਾਪਦੰਡਾਂ ਦੇ ਆਧਾਰ ‘ਤੇ ਉਨ੍ਹਾਂ ਦੀ ਫੀਡਬੈਕ ਲਈ ਜਾਂਦੀ ਹੈ ਅਤੇ ਇਸ ਦੇ ਨਾਲ ਹੀ ਨਕਦ ਰਹਿਤ ਇਲਾਜ ਸਹੂਲਤਾਂ ਸਬੰਧੀ ਉਨ੍ਹਾਂ ਦੀ ਸੰਤੁਸ਼ਟੀ ਬਾਰੇ ਵੀ ਜਾਣਿਆ ਜਾਂਦਾ ਹੈ। ਇਸ ਪੋਰਟਲ ਰਾਹੀਂ ਸਰਕਾਰ ਲਾਭਪਾਤਰੀਆਂ ਨਾਲ ਸਿੱਧੇ ਤੌਰ ‘ਤੇ ਸੰਪਰਕ ਬਣਾਉਂਦੀ ਹੈ ਅਤੇ ਜੇਕਰ ਮਰੀਜ਼ ਨੂੰ ਇਲਾਜ ਸਹੂਲਤ ਲੈਣ ਵਿਚ ਮੁਸ਼ਕਲ ਆਉਂਦੀ ਹੈ ਤਾਂ ਉਹਨਾਂ ਦੇ ਮਾਮਲੇ ਨੂੰ ਪੂਰਜ਼ੋਰ ਢੰਗ ਨਾਲ ਪੇਸ਼ ਕਰਨ ਲਈ ਮਦਦ ਕਰਦੀ ਹੈ।

ਉਨ੍ਹਾਂ ਕਿਹਾ ਕਿ ਏ.ਬੀ.-ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਹੁਣ ਤੱਕ 99.45 ਕਰੋੜ ਰੁਪਏ ਦੀ ਲਾਗਤ ਨਾਲ 11,062 ਤੋਂ ਵੱਧ ਦਿਲ ਦੀਆਂ ਸਰਜਰੀਆਂ, 36.89 ਕਰੋੜ ਰੁਪਏ ਦੀ ਲਾਗਤ ਨਾਲ 180,660 ਡਾਇਲਸਿਸ,34.07 ਕਰੋੜ ਰੁਪਏ ਦੀ ਲਾਗਤ ਨਾਲ 4,265 ਜੋੜਾਂ ਦੇ ਆਪ੍ਰੇਸ਼ਨ ਅਤੇ 23.04 ਕਰੋੜ ਰੁਪਏ ਦੀ ਲਗਾਤ ਨਾਲ 10,958 ਤੋਂ ਵੱਧ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਨਾਲ ਮੀਟਿੰਗ ਮਗਰੋਂ ਕੀਤਾ ਟਵੀਟ, ਪੜ੍ਹੋ ਕੀ ਕਿਹਾ ?

ਸਿਹਤ ਮੰਤਰੀ ਨੇ ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਨੂੰ ਕੈਂਸਰ ਕੇਅਰ ਕਾਰਜਾਂ ਲਈ ਕੀਤਾ ਸਨਮਾਨਿਤ