- ਟੀਕਾਕਰਨ ਕੇਂਦਰਾਂ ਵਿੱਚ ਪ੍ਰਤੀਦਿਨ 2,75,675 ਟੀਕੇ ਲਗਾਉਣ ਦੀ ਸਮਰੱਥਾ
- ਪੇਂਡੂ ਅਤੇ ਸ਼ਹਿਰੀ ਦੋਵਾਂ ਖੇਤਰਾਂ ਵਿੱਚ ਕੀਤਾ ਜਾ ਰਿਹਾ ਹੈ ਟੀਕਾਕਰਨ
ਚੰਡੀਗੜ੍ਹ, 3 ਅਪ੍ਰੈਲ 2021 – ਪੰਜਾਬ ਵਿੱਚ ਕੋਵਿਡ -19 ਵਿਰੁੱਧ ਟੀਕਾਕਰਨ ਮੁਹਿੰਮ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚਲਾਈ ਜਾ ਰਹੀ ਹੈ ਜਿਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 1965 ਸਰਕਾਰੀ ਅਤੇ 296 ਪ੍ਰਾਈਵੇਟ ਟੀਕਾਕਰਨ ਕੇਂਦਰ ਸਥਾਪਤ ਕੀਤੇ ਹਨ। ਇਹਨਾਂ ਕੇਂਦਰਾਂ ਵਿੱਚ ਪ੍ਰਤੀ ਦਿਨ ਵਿਚ 2,75,675 ਲੋਕਾਂ ਨੂੰ ਟੀਕਾ ਲਗਾਉਣ ਦੀ ਸਮਰੱਥਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਠੱਲ ਪਾਉਣ ਦੇ ਉਦੇਸ਼ ਨਾਲ ਸਿਹਤ ਵਿਭਾਗ ਨੇ ਹੁਣ ਵੱਧ ਤੋਂ ਵੱਧ ਲੋਕਾਂ ਨੂੰ ਟੀਕਾ ਲਗਵਾਉਣ ਦਾ ਟੀਚਾ ਮਿੱਥਿਆ ਹੈ । ਇਸ ਤਹਿਤ ਸੂਬੇ ਵਿੱਚ ਵਿਸ਼ੇਸ਼ ਕਰਕੇ ਪੇਂਡੂ ਖੇਤਰਾਂ ਵਿੱਚ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ 45 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਸਹਿ-ਰੋਗਾਂ ਵਾਲੀ ਸ਼ਰਤ ਹਟਾਉਣ ਤੋਂ ਬਾਅਦ ਸਾਰੇ ਜ਼ਿਲਿਆਂ ਵਿੱਚੋਂ ਟੀਕਾਕਰਨ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਲੋਕਾਂ ਨੂੰ ਕੋਵਿਡ-19 ਦੇ ਫੈਲਾਅ ਨੂੰ ਰੋਕਣ ਸਬੰਧੀ ਜਾਰੀ ਕੀਤੀਆਂ ਸਾਵਧਾਨੀਆਂ ਅਤੇ ਦਿਸ਼ਾ ਨਿਰਦੇਸ਼ਾਂ ਬਾਰੇ ਜਾਗਰੂਕ ਕਰਨ ਲਈ ਇਕ ਵਿਆਪਕ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਕੋਵਿਡ ਵਿਰੁੱਧ ਰੋਗਪ੍ਰਤੀਰੋਧਕ ਸ਼ਕਤੀ ਵਧਾਉਣ ਹਿੱਤ ਚਲਾਈ ਇਹ ਮੁਹਿੰਮ ਹੁਣ ਲੋਕਾਂ ਨੂੰ ਟੀਕਾਕਰਣ ਲਈ ਪ੍ਰੇਰਿਤ ਕਰਨ ਵਿੱਚ ਸਿਲਸਿਲੇਵਾਰ ਢੰਗ ਨਾਲ ਅੱਗੇ ਵਧ ਰਹੀ ਹੈ।
ਸਿਹਤ ਵਿਭਾਗ ਲੁਧਿਆਣਾ ਦੀ ਟੀਮ ਵੱਲੋਂ ਕੀਤੇ ਜਾ ਰਹੇ ਠੋਸ ਯਤਨਾਂ ਦੀ ਸ਼ਲਾਘਾ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਸਾਡੀ ਟੀਮਾਂ ਪਿੰਡਾਂ ਵਿੱਚ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਦਾ ਦੌਰਾ ਕਰ ਰਹੀਆਂ ਹਨ ਅਤੇ ਉੱਥੋਂ ਦੇ ਆਮ ਲੋਕਾਂ ਅਤੇ ਸਟਾਫ ਮੈਂਬਰਾਂ ਨੂੰ ਕੋਵਿਡ ਟੀਕਾਕਰਨ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਕੋਵਿਡ ਦੇ ਟੀਕੇ ਨਾਲ ਸਬੰਧਤ ਭਰਮ-ਭੁਲੇਖਿਆਂ ਤੇ ਮਿੱਥਾਂ ਨੂੰ ਦੂਰ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਦੇ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਦੇ ਕੇ ਮੁਹਿੰਮ ਨੂੰ ਕਾਮਯਾਬ ਬਣਾਇਆ ਜਾ ਸਕੇ।
ਕੋਵਿਡ ਦੇ ਟੀਕੇ ਸਬੰਧੀ ਲੋਕਾਂ ਦੇ ਭਰਮ-ਭੁਲੇਖਿਆਂ ਨੂੰ ਦੂਰ ਕਰਦਿਆਂ ਉਹਨਾਂ ਕਿਹਾ ਕਿ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਵੱਖ-ਵੱਖ ਟੈਸਟਾਂ ਅਤੇ ਤਜਰਬਿਆਂ ਤੋਂ ਬਾਅਦ ਹੀ ਇਹ ਟੀਕਾ ਲੋਕਾਂ ਲਈ ਉਪਲਬਧ ਕਰਵਾਇਆ ਗਿਆ ਹੈ ਜੋ ਕਿ ਪੂਰੀ ਤਰਾਂ ਸੁਰੱਖਿਅਤ ਹੈ। ਇਹ ਜਾਗਰੂਕਤਾ ਮੁਹਿੰਮ ਵਿਸ਼ੇਸ਼ ਤੌਰ ‘ਤੇ ਪੇਂਡੂ ਖੇਤਰਾਂ ਲਈ ਚਲਾਈ ਜਾ ਰਹੀ ਹੈ ਕਿਉਂਕਿ ਇਹਨਾਂ ਖੇਤਰਾਂ ਦੇ ਲੋਕ ਹੀ ਟੀਕਾਕਰਨ ਮੁਹਿੰਮ ਤੋਂ ਪੂਰੀ ਤਰਾਂ ਜਾਣੂ ਨਹੀਂ ਹਨ ਅਤੇ ਉਨਾਂ ਨੂੰ ਸਰਕਾਰ ਵਲੋਂ ਨੇੜਲੇ ਕੇਂਦਰਾਂ ਵਿਚ ਟੀਕਾ ਲਗਵਾਉਣ ਦੀ ਸਹੂਲਤ ਦਿੱਤੀ ਜਾ ਰਹੀ ਹੈ। ਲੋਕਾਂ ਨੂੰ ਇਸ ਸਹੂਲਤ ਦਾ ਪੂਰਾ-ਪੂਰਾ ਲਾਭ ਲੈਂਦਿਆਂ ਟੀਕਾ ਲਗਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਸਰਕਾਰੀ ਸਿਹਤ ਕੇਂਦਰਾਂ/ਹਸਪਤਾਲਾਂ ਵਿੱਚ ਇਹ ਟੀਕਾ ਹਫਤੇ ਦੇ 7 ਦਿਨਾਂ ਬਿਲਕੁਲ ਮੁਫਤ ਲਗਾਇਆ ਜਾ ਰਿਹਾ ਹੈ। ਪ੍ਰਾਈਵੇਟ ਹਸਪਤਾਲਾਂ ਲਈ ਸਰਕਾਰ ਨੇ ਟੀਕੇ ਦੀ ਹਰੇਕ ਖੁਰਾਕ ਲਈ ਵੱਧ ਤੋਂ ਵੱਧ ਕੀਮਤ 250 ਰੁਪਏ ਤੈਅ ਕੀਤੀ ਹੈ।
ਸਿੱਧੂ ਨੇ ਕਿਹਾ ਕਿ ਬਲਾਕ ਐਕਸਟੈਂਸਨ ਐਜੂਕੇਟਰਸ ਅਤੇ ਮਾਸ ਮੀਡੀਆ ਅਫਸਰਾਂ ਦੀਆਂ ਟੀਮਾਂ ਨਿਰੰਤਰ ਸਪਸ਼ਟ ਤੇ ਅਸਰਦਾਰ ਢੰਗ ਨਾਲ ਟੀਕੇ ਦੀ ਭਰੋਸਯੋਗਤਾ ਸਬੰਧੀ ਜਾਗਰੂਕਤਾ ਪਹੁੰਚਾ ਰਹੇ ਹਨ ਜਿਸ ਕਾਰਨ ਲੋਕ ਹੁਣ ਆਪਣੇ ਆਪ ਟੀਕਾ ਲਗਵਾਉਣ ਲਈ ਅੱਗੇ ਆ ਰਹੇ ਹਨ।