ਨਵੀਂ ਦਿੱਲੀ, 11 ਜੂਨ 2021 – ਦਿੱਲੀ ‘ਚ ਹੁਣ ਸ਼ਰਾਬ ਘਰ ਬੈਠਿਆਂ ਹੀ ਮਿਲੇਗੀ ਕਿਉਂਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਰਾਬ ਦੀ ਹੋਮ ਡਿਲਿਵਰੀ ਦੀ ਇਜਾਜ਼ਤ ਦੇ ਦਿੱਤੀ ਹੈ। ਮੋਬਾਈਲ ਐਪ ਜਾਂ ਵੈੱਬਸਾਈਟ ਤੋਂ ਆਰਡਰ ਦੇਣ ‘ਤੇ ਸ਼ਰਾਬ ਦੀ ਹੋਮ ਡਿਲਿਵਰੀ ਹੋਵੇਗੀ। ਇਹ ਸ਼ਰਾਬ ਦੀ ਹੋਮ ਡਿਲਿਵਰੀ ਦੀ ਸ਼ੁਰੂਆਤ ਅੱਜ ਤੋਂ ਹੋ ਰਹੀ ਹੈ। ਇਸ ਸੰਬੰਧੀ ਦਿੱਲੀ ਸਰਕਾਰ ਨੇ ਸੋਧੀ ਨੀਤੀ ਲਾਗੂ ਕੀਤੀ ਹੈ। ਦਿੱਲੀ ’ਚ ਸ਼ਰਾਬ ਦੀ ਹੋਮ ਡਿਲੀਵਰੀ ਦੀ ਆਗਿਆ ਅੱਜ ਤੋਂ ਸਿਰਫ ਐਲ-13 ਲਾਇਸੈਂਸ ਧਾਰਕਾਂ ਨੂੰ ਹੀ ਦਿੱਤੀ ਗਈ ਹੈ।
ਇਹ ਐਲਾਨ ਦਿੱਲੀ ਸਰਕਾਰ ਨੇ 1 ਜੂਨ ਨੂੰ ਰਾਸ਼ਟਰੀ ਰਾਜਧਾਨੀ ਵਿਚ ਸ਼ਰਾਬ ਦੇ ਵਪਾਰ ਨੂੰ ਨਿਯੰਤਰਿਤ ਕਰਨ ਵਾਲੇ ਆਬਕਾਰੀ ਨਿਯਮਾਂ ਵਿਚ ਸੋਧ ਕਰਨ ਤੋਂ ਬਾਅਦ ਕੀਤਾ ਸੀ। ਇਸ ਪਿੱਛੇ ਸਰਕਾਰ ਦਾ ਤਰਕ ਹੈ ਕਿ ਇਸ ਫੈਸਲੇ ਨਾਲ ਕੋਰੋਨਾ ਕਾਲ ’ਚ ਸ਼ਰਾਬ ਦੀਆਂ ਦੁਕਾਨਾਂ ’ਤੇ ਭੀੜ ਇਕੱਠੀ ਨਹੀਂ ਹੋਵੇਗੀ। ਹਾਲਾਂਕਿ, ਇਸ ਦਾ ਇਹ ਮਤਲਬ ਨਹੀਂ ਹੈ ਕਿ ਸ਼ਰਾਬ ਦੀਆਂ ਦੁਕਾਨਾਂ ਨੂੰ ਪੂਰੀ ਦਿੱਲੀ ਵਿਚ ਸ਼ਰਾਬ ਸਪਲਾਈ ਕਰਨ ਦੀ ਆਗਿਆ ਦਿੱਤੀ ਜਾਏਗੀ। ਦਿੱਲੀ ਆਬਕਾਰੀ (ਸੋਧ) ਨਿਯਮ 2021 ਮੁਤਾਬਕ, ਐੱਲ-13 ਲਾਈਸੈਂਸ ਧਾਰਕਾਂ ਨੂੰ ਲੋਕਾਂ ਦੇ ਘਰ ਤਕ ਸ਼ਰਾਬ ਪਹੁੰਚਾਉਣ ਦੀ ਮਨਜ਼ੂਰੀ ਹੋਵੇਗੀ। ਲਾਈਸੈਂਸ ਧਾਰਕ ਸਿਰਫ਼ ਮੋਬਾਇਲ ਐਪ ਜਾਂ ਆਨਲਾਈਨ ਵੈੱਬ ਪੋਰਟਲ ਰਾਹੀਂ ਆਰਡਰ ਮਿਲਣ ’ਤੇ ਹੀ ਘਰਾਂ ’ਚ ਸ਼ਰਾਬ ਡਿਲਿਵਰ ਕਰੇਗਾ ਅਤੇ ਕਿਸੇ ਵੀ ਹੋਸਟਲ, ਦਫਤਰ ਅਤੇ ਸੰਸਥਾ ਨੂੰ ਕੋਈ ਡਿਲਿਵਰੀ ਨਹੀਂ ਕੀਤੀ ਜਾਵੇਗੀ।