ਨਵੀਂ ਦਿੱਲੀ, 1 ਜੂਨ, 2021 – ਪੰਜਾਬ ਕਾਂਗਰਸ ਦੇ ਕਾਟੋ ਕਲੇਸ਼ ਨੂੰ ਖ਼ਤਮ ਕਰਨ ਲਈ ਹਾਈ ਕਮਾਂਡ ਵੱਲੋਂ ਬਣਾਈ ਤਿੰਨ ਮੈਂਬਰੀ ਕਮੇਟੀ ਨੂੰ ਮਿਲਣ ਲਈ ਪੰਜਾਬ ਦੇ ਮੰਤਰੀ ਤੇ ਵਿਧਾਇਕ ਪਹੁੰਚਣੇ ਸ਼ੁਰੂ ਹੋ ਗਏ ਹਨ। ਇਸ ਦੌਰਾਨ ਨਵਜੋਤ ਸਿੱਧੂ ਤੇ ਪ੍ਰਗਟ ਸਿੰਘ ਵੀ ਪੁੱਜੇ।
ਇਸ ਦੌਰਾਨ ਦਿੱਲੀ ਵਿਚ ਚਲ ਰਹੀ ਮੀਟਿੰਗ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਬਾਹਰ ਆਏ ਅਤੇ ਮੀਡੀਆ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਸਟੈਂਡ ‘ਤੇ ਅੱਜ ਵੀ ਕਾਇਮ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਹਾਈਕਮਾਨ ਤੱਕ ਪੰਜਾਬ ਦੀ ਆਵਾਜ਼ ਪਹੁੰਚਾਈ ਹੈ ਤੇ ਹਰ ਪੰਜਾਬ ਵਿਰੋਧੀ ਅਵਾਜ਼ ਨੂੰ ਹਰਾਉਣਾ ਹੀ ਉਨ੍ਹਾਂ ਦਾ ਮਕਸਦ ਹੈ।
ਇਸ ਤੋਂ ਬਿਨਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਭਾਰਤ ਭੂਸ਼ਣ ਆਸ਼ੂ ਤੇ ਸੁੱਖ ਸਰਕਾਰੀ, ਵਿਧਾਇਕ ਮਦਨ ਲਾਲ ਜਲਾਲਪੁਰ, ਰਮਨਜੀਤ ਸਿੰਘ ਸਿੱਕੀ, ਹਰਦਿਆਲ ਕੰਬੋਜ ਅਤੇ ਨਿਰਮਲ ਸਿੰਘ ਸ਼ਤਰਾਣਾ ਦਿੱਲੀ ਵਿਖੇ ਮੀਟਿੰਗ ਵਾਲੀ ਥਾਂ ’ਤੇ ਪਹੁੰਚ ਗਏ ਹਨ। ਉਧਰ ਕਮੇਟੀ ਦੇ ਆਗੂ ਮਲਿਕ ਅਰਜੁਨ ਖੜਗੇ ਵੀ ਪਹੁੰਚ ਗਏ ਹਨ। ਜਿਨ੍ਹਾਂ ਨੂੰ ਪੱਤਰਕਾਰਾਂ ਨੇ ਕਈ ਸਵਾਲ ਕੀਤੇ ਪਰ ਉਨ੍ਹਾਂ ਦਾ ਕਹਿਣਾ ਸੀ ਕਿ ਪਹਿਲਾਂ ਉਨ੍ਹਾਂ ਨੂੰ ਅੰਦਰ ਜਾਣ ਦਿੱਤਾ ਜਾਵੇ। ਉਨ੍ਹਾਂ ਵਲੋਂ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ।