ਬਰਨਾਲਾ, 9 ਅਪ੍ਰੈਲ 2021 – ਲੱਖਾ ਸਿਧਾਣਾ ਨੇ ਅੱਜ ਸੰਗਰੂਰ ਦੇ ਗੁਰੂਦੁਆਰਾ ਮਸਤੂਆਣਾ ਸਾਹਿਬ ਤੋਂ ਇੱਕ ਵੱਡੇ ਕਾਫਲੇ ਨਾਲ ਦਿੱਲੀ ਵਿੱਚ ਸਿੰਘੂ ਸਰਹੱਦ ਲਈ ਚਾਲੇ ਪਾਏ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਕਿਸਾਨ ਮੋਰਚੇ ‘ਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਕਿਸਾਨ ਮੋਰਚੇ ਵੱਲੋਂ ਵੀ ਲੱਖਾ ਸਿਧਾਣਾ ਨੂੰ ਆਪਣੀ ਸਟੇਜ ਤੋਂ ਬੋਲਣ ਦੀ ਆਗਿਆ ਦੇ ਦਿੱਤੀ ਹੈ ਜਿਸ ਤੋਂ ਬਾਅਦ ਹੁਣ ਲੱਖਾ ਸਿਧਾਣਾ ਅੱਜ ਤੋਂ ਦਿੱਲੀ ਦੇ ਕਿਸਾਨ ਮੋਰਚੇ ‘ਚ ਦਿਖਾਈ ਦੇਵੇਗਾ। ਲੱਖਾ ਸਿਧਾਣਾ ‘ਤੇ 26 ਜਨਵਰੀ ਦੀ ਘਟਨਾ ਦੇ ਇਲਜ਼ਾਮ ਹਨ ਅਤੇ ਜਿਸ ‘ਤੇ ਦਿੱਲੀ ਪੁਲਿਸ ਨੇ 1 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਹੈ।
ਸੰਗਰੂਰ ਦੇ ਗੁਰੂਦਵਾਰਾ ਸ਼੍ਰੀ ਮਸਤੂਆਣਾ ਸਾਹਿਬ ਤੋਂ ਲੱਖਾ ਸਿਧਾਣਾ ਦਿੱਲੀ ਲਈ ਰਵਾਨਾ ਹੋਇਆ, ਇਸ ਮੌਕੇ ਲੱਖਾ ਸਿਧਾਣਾ ਨੇ ਪੰਗ ਬੰਨ੍ਹੀ ਹੋਈ ਸੀ। ਇਸ ਮੌਕੇ ਨੌਜਵਾਨਾਂ ਦੇ ਵੱਡੇ ਕਾਫਲੇ ਨੂੰ ਸੰਬੋਧਨ ਕਰਦਿਆਂ ਲੱਖੇ ਨੇ ਕਿਹਾ ਕਿ “ਜੇ ਮੈਂ ਅਗਲੇ 2 ਦਿਨਾਂ ਵਿਚ ਗ੍ਰਿਫਤਾਰ ਹੋ ਜਾਵਾਂ ਤਾਂ, ਤੁਸੀਂ ਸਾਡੇ ਸਾਰੇ ਕਿਸਾਨ ਅੰਦੋਲਨ ਤੋਂ ਪਿੱਛੇ ਨਾ ਹਟਿਓ ਕਿਉਂਕਿ ਹਰ ਹਾਲਤ ‘ਚ ਇਸ ਲਹਿਰ ਨੂੰ ਜਿੱਤਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਲੱਖੇ ਸਿਧਾਣੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਤੁਸੀਂ ਵੱਧ ਤੋਂ ਵੱਧ ਸੰਘਰਸ਼ ਨਾਲ ਜੁੜੇ ਰਹੋ। ਦਿੱਲੀ ਦੀ ਸਰਕਾਰ ਕੋਈ ਨਾ ਕੋਈ ਨਵਾਂ ਕਾਨੂੰਨ ਸਾਡੇ ‘ਤੇ ਥੋਪ ਰਹੀ ਹੈ, ਹੁਣ ਬਿਜਲੀ ਦੇ ਕਾਨੂੰਨ ਵੀ ਆ ਰਹੇ ਹਨ, ਖਾਦ ਦੀਆਂ ਦਰਾਂ ਵੱਧ ਰਹੀਆਂ ਹਨ, ਇਹ ਲੋਕ ਸਾਨੂੰ ਪੂੰਜੀ ਪਤੀਆਂ ਦੇ ਹਵਾਲੇ ਕਰਨਾ ਚਾਹੁੰਦੇ ਹਨ। ਪੰਜਾਬ ਬਰਬਾਦ ਹੋ ਜਾਵੇਗਾ, ਕਿਸੇ ਵੀ ਵਿਅਕਤੀ ਨਾਲ ਨਾ ਜੁੜੋ ਆਓ ਅਸੀਂ ਸਾਰੇ ਅੰਦੋਲਨ ਨਾਲ ਜੁੜੀਏ। ਅਸੀਂ ਸਾਰੇ ਹੀ ਅੰਦੋਲਨ ਕਰਕੇ ਹਾਂ ਨਾ ਕਿ ਅੰਦੋਲਨ ਸਾਡੇ ਕਰਕੇ।