ਨਵੀਂ ਦਿੱਲੀ, 2 ਜੁਲਾਈ 2025 – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਮਾਸ ਨੂੰ 60 ਦਿਨਾਂ ਦੀ ਜੰਗਬੰਦੀ ਦੇ ਪ੍ਰਸਤਾਵ ਨੂੰ ਸਵੀਕਾਰ ਕਰਨ ਦੀ ਅਪੀਲ ਕੀਤੀ ਹੈ। ਟਰੰਪ ਨੇ ਕਿਹਾ ਹੈ ਕਿ ਇਜ਼ਰਾਈਲ ਇਸ ਪ੍ਰਸਤਾਵ ਦੀਆਂ ਜ਼ਰੂਰੀ ਸ਼ਰਤਾਂ ਲਈ ਸਹਿਮਤ ਹੋ ਗਿਆ ਹੈ।
ਟਰੰਪ ਨੇ ‘ਤਰੁੱਥ’ ਸੋਸ਼ਲ ਮੀਡੀਆ ‘ਤੇ ਲਿਖਿਆ, “ਮੈਨੂੰ ਉਮੀਦ ਹੈ ਕਿ ਹਮਾਸ ਮੱਧ ਪੂਰਬ ਦੇ ਭਲੇ ਲਈ ਇਸ ਸਮਝੌਤੇ ‘ਤੇ ਦਸਤਖਤ ਕਰੇਗਾ। ਨਹੀਂ ਤਾਂ ਮੌਜੂਦਾ ਸਥਿਤੀ ਹੋਰ ਵੀ ਵਿਗੜਦੀ ਜਾਵੇਗੀ। ਇਜ਼ਰਾਈਲ 60 ਦਿਨਾਂ ਦੀ ਜੰਗਬੰਦੀ ਨੂੰ ਅੰਤਿਮ ਰੂਪ ਦੇਣ ਲਈ ਜ਼ਰੂਰੀ ਸ਼ਰਤਾਂ ‘ਤੇ ਸਹਿਮਤ ਹੋ ਗਿਆ ਹੈ। ਇਸ ਸਮੇਂ ਦੌਰਾਨ ਅਸੀਂ ਯੁੱਧ ਨੂੰ ਖਤਮ ਕਰਨ ਲਈ ਸਾਰੀਆਂ ਧਿਰਾਂ ਨਾਲ ਕੰਮ ਕਰਾਂਗੇ।”
ਟਰੰਪ ਨੇ ਕਿਹਾ ਕਿ, “ਮੇਰੇ ਪ੍ਰਤੀਨਿਧੀਆਂ ਨੇ ਅੱਜ ਗਾਜ਼ਾ ‘ਤੇ ਇਜ਼ਰਾਈਲ ਨਾਲ ਇੱਕ ਲੰਮੀ ਮੀਟਿੰਗ ਕੀਤੀ,” ਇਸ ਦੇ ਨਾਲ ਹੀ ਟਰੰਪ ਨੇ ਕਿਹਾ ਕਿ ਕਤਰ ਅਤੇ ਮਿਸਰ ਅੰਤਿਮ ਪ੍ਰਸਤਾਵ ਪੇਸ਼ ਕਰਨਗੇ।

ਸੀਐਨਐਨ ਦੀ ਇੱਕ ਰਿਪੋਰਟ ਦੇ ਅਨੁਸਾਰ, ਨਵੇਂ ਪ੍ਰਸਤਾਵ ਵਿੱਚ ਹਮਾਸ ਦੀਆਂ ਕੁਝ ਚਿੰਤਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜੰਗਬੰਦੀ ਦੌਰਾਨ, ਫਲਸਤੀਨੀ ਕੈਦੀਆਂ ਦੇ ਬਦਲੇ ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕੀਤਾ ਜਾਵੇਗਾ। ‘ਸਿਨਹੂਆ ਨਿਊਜ਼ ਏਜੰਸੀ’ ਦੇ ਅਨੁਸਾਰ, ਪਿਛਲੇ ਹਫ਼ਤੇ ਟਰੰਪ ਨੇ ਉਮੀਦ ਜਤਾਈ ਸੀ ਕਿ ਅਗਲੇ ਹਫ਼ਤੇ ਦੇ ਅੰਦਰ ਗਾਜ਼ਾ ਵਿੱਚ ਜੰਗਬੰਦੀ ਹੋ ਸਕਦੀ ਹੈ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਟਰੰਪ ਨੇ ਕਿਹਾ ਸੀ ਕਿ ਉਹ ਈਰਾਨ ਅਤੇ ਗਾਜ਼ਾ ਦੇ ਮੁੱਦੇ ‘ਤੇ ਅਗਲੇ ਸੋਮਵਾਰ ਨੂੰ ਵ੍ਹਾਈਟ ਹਾਊਸ ਵਿੱਚ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਮੁਲਾਕਾਤ ਕਰਨਗੇ। ਡੋਨਾਲਡ ਟਰੰਪ ਨੇ ਜਨਵਰੀ 2025 ਵਿੱਚ ਆਪਣੇ ਦੂਜੇ ਕਾਰਜਕਾਲ ਲਈ ਸਹੁੰ ਚੁੱਕੀ ਸੀ। ਉਸ ਤੋਂ ਬਾਅਦ ਇਹ ਨੇਤਨਯਾਹੂ ਦਾ ਵ੍ਹਾਈਟ ਹਾਊਸ ਦਾ ਤੀਜਾ ਦੌਰਾ ਹੋਵੇਗਾ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨ ਲੇਵਿਟ ਨੇ ਸੋਮਵਾਰ ਨੂੰ ਕਿਹਾ ਕਿ ਇਜ਼ਰਾਈਲ ਦੇ ਈਰਾਨ ‘ਤੇ ਹਮਲਿਆਂ ਤੋਂ ਬਾਅਦ, ਟਰੰਪ ਦੀ ਤਰਜੀਹ ਹੁਣ ‘ਇਜ਼ਰਾਈਲ-ਹਮਾਸ ਟਕਰਾਅ’ ਨੂੰ ਖਤਮ ਕਰਨਾ ਹੈ।
ਗਾਜ਼ਾ ਦੇ ਸਿਹਤ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਅੰਕੜੇ ਜਾਰੀ ਕਰਦਿਆਂ ਕਿਹਾ ਕਿ ਉਦੋਂ ਤੋਂ ਘੱਟੋ-ਘੱਟ 6,089 ਫਲਸਤੀਨੀ ਮਾਰੇ ਗਏ ਹਨ, ਜਦੋਂ ਕਿ 21,013 ਲੋਕ ਜ਼ਖਮੀ ਹੋਏ ਹਨ। ਅਕਤੂਬਰ 2023 ਵਿੱਚ ਹਮਾਸ-ਇਜ਼ਰਾਈਲ ਟਕਰਾਅ ਸ਼ੁਰੂ ਹੋਣ ਤੋਂ ਬਾਅਦ ਫਲਸਤੀਨੀਆਂ ਦੀ ਮੌਤ ਦੀ ਗਿਣਤੀ 56,412 ਹੋ ਗਈ ਹੈ, ਜਦੋਂ ਕਿ 133,054 ਲੋਕ ਜ਼ਖਮੀ ਹੋਏ ਹਨ।
