ਬਰਨਾਲਾ, 7 ਫਰਵਰੀ 2021 – ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਦੌਰਾਨ ਦਿੱਲੀ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਣ ਤੋਂ ਬਾਅਦ ਚੜ੍ਹਦੀ ਕਲਾ ਵਿੱਚ ਨਾਅਰੇ ਲਗਾਉਣ ਵਾਲੇ ਸਿੱਖ ਨੌਜਵਾਨ ਜਗਸੀਰ ਸਿੰਘ ਜੱਗੀ ਬਾਬਾ ਜ਼ਿਲ੍ਹਾ ਬਰਨਾਲਾ ਦਾ ਪਿੰਡ ਪੰਧੇਰ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਦੋ ਸਿੱਖ ਜੱਥੇਬੰਦੀਆਂ ਦਰਬਾਰ ਏ ਖਾਲਸਾ ਅਤੇ ਸਿੱਖ ਵਾਰਿਅਜ਼ ਵਲੋਂ ਜੱਗੀ ਬਾਬੇ ਦਾ ਸੋਨੇ ਦੇ ਮੈਡਲਾਂ ਨਾਲ ਸਨਮਾਨ ਕੀਤਾ ਗਿਆ। ਇਸਦੇ ਨਾਲ ਹੀ ਪਿੰਡ ਦੀ ਪੰਚਾਇਤ ਵਲੋਂ ਜੱਗੀ ਸਿੰਘ ਦੇ ਪਰਿਵਾਰ ਨੂੰ ਘਰ ਬਨਾਉਣ ਲਈ 10 ਵਿਸਵੇ ਪੰਚਾਇਤੀ ਜਗਾ ਦਿੱਤੀ ਗਈ ਹੈ ਅਤੇ ਘਰ ਬਨਾਉਣ ਲਈ ਸਿੱਖ ਜੱਥੇਬੰਦੀਆਂ ਅਤੇ ਐਨਆਰਆਈ ਫ਼ੰਡ ਭੇਜ ਰਹੇ ਹਨ।
ਪਿੰਡ ਵਾਸੀ ਜੱਗੀ ਬਾਬੇ ਵਲੋਂ ਦਿਖਾਈ ਦਲੇਰੀ ਕਾਰਨ ਉਸ’ਤੇ ਮਾਣ ਮਹਿਸੂਸ ਕਰ ਰਹੇ ਹਨ। ਇਸ ਮੌਕੇ ਜੱਗੀ ਬਾਬੇ ਦਾ ਸਨਮਾਨ ਕਰਨ ਪੁੱਜੇ ਦਰਬਾਰ ਏ ਖਾਲਸਾ ਜੱਥੇਬੰਦੀ ਦੇ ਮੁੱਖ ਸੇਵਾਦਾਰ ਅਤੇ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਅਤੇ ਮਾਝੀ ਅਤੇ ਭਾਈ ਹਰਜੀਤ ਸਿੰਘ ਢਿਪਾਲੀ ਨੇ ਕਿਹਾ ਕਿ ਜਗਸੀਰ ਸਿੰਘ ਜੱਗੀ ਵਲੋਂ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਦੌਰਾਨ ਦਿਖਾਈ ਨਿਡਰਤਾ ਕੋਈ ਆਮ ਵਰਤਾਰਾ ਨਹੀਂ ਹੈ। ਬਲਕਿ ਗੁਰੂ ਸਾਹਿਬ ਵਲੋਂ ਬਖ਼ਸੀ ਅਪਾਰ ਕਿਰਪਾ ਸਦਕਾ ਇਹ ਕਰਾਮਾਤ ਹੋਈ ਹੈ। ਕਿਉਂਕਿ ਜੱਗੀ ਸਿੰਘ ਦੀ ਥਾ ’ਤੇ ਕੋਈ ਹੋਰ ਆਮ ਵਿਅਕਤੀ ਹੁੰਦਾ ਤਾਂ ਪੁਲਿਸ ਦਾ ਤਸ਼ੱਦਦ ਝੱਲ ਕੇ ਵਾਪਸ ਮੁੜ ਆਉਂਦਾ।
ਪਰ ਜਗਸੀਰ ਸਿੰਘ ਜੱਗੀ ਨੇ ਪੁਲਿਸ ਵਲੋਂ ਉਸਦੀ ਉਤਾਰੀ ਪੱਗ ਵਾਪਸ ਲੈਣ ਲਈ ਪੁਲਿਸ ਸਾਹਮਣੇ ਚੜ੍ਹਦੀ ਕਲਾ ਵਿੱਚ ਜੈਕਾਰੇ ਲਗਾਏ ਗਏ। ਜਿਸ ਕਾਰਨ ਉਹਨਾਂ ਨੂੰ ਅੱਜ ਸਿੱਖ ਜਗਤ ਵਲੋਂ ਦੁਨੀਆਂ ਪੱਧਰ ’ਤੇ ਮਾਣ ਬਖ਼ਸਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਮੋਦੀ ਹਕੂਮਤ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ ਖਾਸ ਕਰ ਸਿੱਖਾਂ ਨੂੰ ਅੱਤਵਾਦੀ ਪੇਸ਼ ਕਰ ਰਹੀ ਹੈ।