ਫ਼ਿਰੋਜ਼ਪੁਰ, 13 ਜੂਨ 2021 – ਗੈਂਗਸਟਰ ਜੈਪਾਲ ਭੁੱਲਰ ਦੇ ਸਰੀਰ ‘ਤੇ ਗੁੱਝੇ ਜ਼ਖ਼ਮਾਂ ਦੇ ਨਿਸ਼ਾਨ ਸਾਹਮਣੇ ਆਉਣ ‘ਤੇ ਪਰਿਵਾਰ ਵਲੋਂ ਬੀਤੇ ਦਿਨੀਂ ਹੋਏ ਪੁਲਿਸ ਮੁਕਾਬਲੇ ‘ਤੇ ਸਵਾਲ ਖੜੇ ਕਰਦਿਆਂ ਜੈਪਾਲ ਭੁੱਲਰ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜੈਪਾਲ ਭੁੱਲਰ ਦੇ ਪਿਤਾ ਵਲੋਂ ਜੈਪਾਲ ਦੀ ਮ੍ਰਿਤਕ ਦੇਹ ਦਾ ਦੁਬਾਰਾ ਪੋਸਟ ਮਾਰਟਮ ਕਰਾਉਣ ਦੀ ਮੰਗ ਕਰਦਿਆਂ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਕੋਲ ਪਹੁੰਚ ਕੀਤੀ ਗਈ ਹੈ।
ਜੈਪਾਲ ਦੇ ਪਿਤਾ ਦਾ ਕਹਿਣਾ ਹੈ ਕਿ ਕੱਲ੍ਹ ਜਦੋਂ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਨੂੰ ਘਰ ਲਿਆਂਦਾ ਗਿਆ ਸੀ ਤਾਂ ਜਦੋਂ ਰਸਮਾਂ ਦੇ ਮੁਤਾਬਕ ਉਸ ਨੂੰ ਨਹਾਉਣ ਲੱਗੇ ਤਾਂ ਉਸਦੇ ਸਰੀਰ ਦੇ ਕਈ ਹੱਡ ਟੁੱਟੇ ਹੋਏ ਸਨ ਅਤੇ ਸਰੀਰ ’ਤੇ ਨਿਸ਼ਾਨ ਵੀ ਸਨ , ਜਿਸ ਤੋਂ ਉਨ੍ਹਾਂ ਨੂੰ ਲੱਗਿਆ ਹੈ ਕਿ ਉਸ ਦੀ ਪਹਿਲਾਂ ਕੁੱਟਮਾਰ ਕੀਤੀ ਗਈ ਹੈ ਫਿਰ ਉਸ ਤੋਂ ਬਾਅਦ ਹੀ ਉਹਨੂੰ ਗੋਲੀ ਮਾਰੀ ਗਈ ਹੈ। ਇਸ ਲਈ ਉਹ ਅੱਜ ਸਸਕਾਰ ਤੋਂ ਪਹਿਲਾਂ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਉਣਾ ਚਾਹੁੰਦੇ ਹਨ ਤਾਂ ਕਿ ਸੱਚ ਸਭ ਦੇ ਸਾਹਮਣੇ ਆਵੇ, ਇਸ ਲਈ ਉਨ੍ਹਾਂ ਨੇ ਅੱਜ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਮਿਲ ਕੇ ਬੇਨਤੀ ਦਿੱਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਦਾ ਬੋਰਡ ਬਣਾ ਕੇ ਵੀਡੀਓਗ੍ਰਾਫੀ ਕਰਕੇ ਪੋਸਟਮਾਰਟਮ ਕਰਵਾਇਆ ਜਾਵੇ।