ਨਵੀਂ ਦਿੱਲੀ, 11 ਫਰਵਰੀ 2021 – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਹੈ। ਇਹ ਗੱਲਬਾਤ ਕੋਵਿਡ-19 ਦੇ ਟੀਕਾਕਰਨ ਦੇ ਮੁੱਦੇ ‘ਤੇ ਹੋਈ ਹੈ। ਖ਼ੁਦ ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ ਰਾਹੀਂ ਇਸ ਗੱਲਬਾਤ ਬਾਰੇ ਜਾਣਕਾਰੀ ਦਿੱਤੀ ਹੈ।
ਟਵੀਟ ‘ਚ, ਉਨ੍ਹਾਂ ਨੇ ਲਿਖਿਆ ਕਿ, ”ਮੇਰੇ ਦੋਸਤ ਜਸਟਿਨ ਟਰੂਡੋ ਦਾ ਫੋਨ ਆਉਣ ‘ਤੇ ਖ਼ੁਸ਼ੀ ਹੋਈ ਹੈ । ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਕੈਨੇਡਾ ਨੇ ਭਾਰਤ ਤੋਂ ਕੋਵਿਡ-19 ਦੇ ਟੀਕੇ ਦੀਆਂ ਜਿੰਨੀਆਂ ਖ਼ੁਰਾਕਾਂ ਦੀ ਸਪਲਾਈ ਮੰਗੀ ਹੈ ਉਸ ਨੂੰ ਯਕੀਨੀ ਬਣਾਇਆ ਜਾਵੇਗਾ । ਇਸ ਦੇ ਨਾਲ ਹੀ, ਅਸੀਂ ਹੋਰ ਮਹੱਤਵਪੂਰਨ ਮੁੱਦਿਆਂ ਜਿਵੇਂ ਮੌਸਮ ‘ਚ ਤਬਦੀਲੀ ਅਤੇ ਵਿਸ਼ਵਵਿਆਪੀ ਆਰਥਿਕ ਬਹਾਲੀ ਬਾਰੇ ਗੱਲ ਕੀਤੀ ਹੈ”
ਇਸ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਉਨਾਂ ਵਲੋਂ ਭਾਰਤ ਵਿੱਚ ਬਣਾਈ ਜਾ ਰਹੀ ਕਰੋਨਾ ਵੈਕਸੀਨ ਦੀਆਂ ਡੋਜ਼ਾਂ ਜੋਕਿ ਐਸਟਰਾ ਜੈਨੇਕਾ (AstraZeneka) ਅਤੇ ਸੀਰਮ ਇੰਸਟੀਚਿਊਟ ਵੱਲੋਂ ਰੱਲਕੇ ਤਿਆਰ ਕੀਤੀਆਂ ਜਾ ਰਹੀਆਂ ਹਨ, ਕੈਨੇਡਾ ਵਿੱਚ ਮੁਹੱਈਆ ਕਰਵਾਉਣ ਲਈ ਮਦਦ ਕੀਤੀ ਜਾਵੇਗੀ।