ਅੰਮ੍ਰਿਤਸਰ, 6 ਜੂਨ 2021 – ਜੂਨ 1984 ‘ਚ ਵਾਪਰੇ ਸਾਕਾ ਨੀਲਾ ਤਾਰਾ ਦੀ 37ਵੀਂ ਵਰ੍ਹੇਗੰਢ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਘੱਲੂਘਾਰਾ ਦਿਵਸ ਮਨਾਇਆ ਗਿਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਉਪਰੰਤ ਰਾਗੀ ਜਥਿਆਂ ਵਲੋਂ ਸ਼ਬਦ ਕੀਰਤਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ‘ਚ ਪੰਥਕ ਸ਼ਖ਼ਸੀਅਤਾਂ ਅਤੇ ਸਿੱਖ ਸੰਗਤਾਂ ਦੂਰੋਂ ਨੇੜਿਉਂ ਪੁੱਜੀਆਂ ਹੋਈਆਂ ਸਨ।
ਉਥੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸੰਗਤਾਂ ਨੂੰ ਸੰਬੋਧਨ ਕੀਤਾ ਗਿਆ ਪਰ ਇਸ ਦੌਰਾਨ ਸਿੱਖ ਸੰਗਤ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਨੂੰ ਛੱਡ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਇਆ ਗਿਆ ਘੱਲੂਘਾਰਾ ਦਿਵਸ ਅਮਨ ਅਮਾਨ ਨਾਲ ਸਮਾਪਤ ਹੋ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸੰਗਤਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਪੁੱਤਰ ਭਾਈ ਈਸ਼ਰ ਸਿੰਘ ਅਤੇ ਹੋਰਨਾਂ ਸ਼ਹੀਦ ਪਰਿਵਾਰਾਂ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਸਨਮਾਨਿਤ ਕੀਤਾ ਗਿਆ।
ਘੱਲੂਘਾਰਾ ਦਿਵਸ ਮੌਕੇ ਭਾਵੇਂ ਗਰਮਦਲੀਆਂ ਨੇ ਖ਼ਾਲਿਸਤਾਨ ਪੱਖੀ ਨਾਅਰੇਬਾਜ਼ੀ ਜੰਮ ਕੇ ਕੀਤੀ ਪਰ ਇਸ ਸਭ ਦੇ ਬਾਵਜੂਦ ਇਹ ਸਮਾਗਮ ਅਮਨ ਅਮਾਨ ਨਾਲ ਸੰਪੰਨ ਹੋ ਗਿਆ ਤੇ ਪੁਲਿਸ ਵਲੋਂ ਕਿਸੇ ਨੂੰ ਹਿਰਾਸਤ ‘ਚ ਨਹੀਂ ਲਿਆ ਗਿਆ। ਸੱਤ ਜ਼ਿਲ੍ਹਿਆਂ ਦੀ ਪੁਲਿਸ ਦੇ 7 ਹਜ਼ਾਰ ਦੇ ਕਰੀਬ ਸੁਰੱਖਿਆ ਮੁਲਾਜ਼ਮ, 1 ਆਈ.ਜੀ., 1 ਡੀ.ਸੀ.ਪੀ. , 25 ਐਸ.ਪੀ. ਤੇ 30 ਤੋਂ ਵੱਧ ਡੀ.ਐਸ.ਪੀ . ਰੈਂਕ ਦੇ ਅਧਿਕਾਰੀ ਬੀਤੇ ਦਿਨਾਂ ਤੋਂ ਇਸ ਸਮਾਗਮ ‘ਚ ਸੁਰੱਖਿਆ ਡਿਊਟੀ ‘ਤੇ ਲਗੇ ਹੋਏ ਸਨ।