- ਦੇਸ਼-ਵਿਆਪੀ ਵਿਰੋਧ-ਪ੍ਰਦਰਸ਼ਨਾਂ ਨੂੰ ਮਿਲੇ ਲਾਮਿਸਾਲ ਹੁੰਗਾਰੇ ਨੇ ਕਿਸਾਨਾਂ ‘ਚ ਉਤਸ਼ਾਹ ਅਤੇ ਜ਼ੋਸ਼ ਭਰਿਆ
- ਦੇਸ਼ ਭਰ ‘ਚ ਹੋ ਰਹੇ ਵਿਰੋਧ ਤੋਂ ਸਬਕ ਲਵੇ ਭਾਜਪਾ : ਮੰਗਾਂ ਦਾ ਹੱਲ ਨਾ ਹੋਣ ‘ਤੇ ਅੰਦੋਲਨ ਤੇਜ਼ ਕਰਨ ਦੀ ਚਿਤਾਵਨੀ
- ਸੰਯੁਕਤ ਕਿਸਾਨ ਮੋਰਚਾ ਵੱਲੋਂ ਅਗਲੇ ਸੰਘਰਸ਼ ਦੀ ਰੂਪ-ਰੇਖਾ ਉਲੀਕਣ ਲਈ ਮੀਟਿੰਗ ਭਲਕੇ
ਨਵੀਂ ਦਿੱਲੀ, 27 ਮਈ 2021 – 182 ਵਾਂ ਦਿਨ
ਕੱਲ੍ਹ 26 ਮਈ ਨੂੰ ਦੇਸ਼-ਭਰ ‘ਚ ਕੇਂਦਰ-ਸਰਕਾਰ ਖ਼ਿਲਾਫ਼ ਹੋਏ ਵਿਰੋਧ-ਪ੍ਰਦਰਸ਼ਨਾਂ ਸਬੰਧੀ ਪੂਰੇ ਭਾਰਤ ਵਿੱਚੋਂ ਵੱਡੀ ਗਿਣਤੀ ਵਿੱਚ ਰਿਪੋਰਟਾਂ ਆ ਰਹੀਆਂ ਹਨ। ਅਗਲੇ ਸੰਘਰਸ਼ ਦੀ ਰੂਪ-ਰੇਖਾ ਉਲੀਕਣ ਲਈ ਸੰਯੁਕਤ ਕਿਸਾਨ ਮੋਰਚਾ ਵੱਲੋਂ ਭਲਕੇ ਮੀਟਿੰਗ ਕੀਤੀ ਜਾਵੇਗੀ।
ਦੇਸ਼-ਭਰ ‘ਚੋਂ ਮਿਲੇ ਜ਼ਬਰਦਸਤ ਹੁੰਗਾਰੇ ਤੋਂ ਸਪੱਸ਼ਟ ਹੈ ਕਿ ਆਪਣੀਆਂ ਮੰਗਾਂ ਲਈ ਕਿਸਾਨ ਲਗਾਤਾਰ ਸੰਘਰਸ਼ ਦੇ ਰੌਂਅ ‘ਚ ਹਨ ਅਤੇ ਕਿਸਾਨ-ਅੰਦੋਲਨ ਹੋਰ ਮਜ਼ਬੂਤ ਹੋਇਆ ਹੈ। ਪੂਰੇ ਭਾਰਤ ਵਿਚ ਹਰ ਸੂਬੇ ‘ਚ ਵਿਆਪਕ-ਵਿਰੋਧ ਪ੍ਰਦਰਸ਼ਨ ਹੋਏ, ਭਾਵੇਂ ਇਹ ਉੱਤਰ ਪੂਰਬੀ ਭਾਰਤ, ਜਾਂ ਜੰਮੂ-ਕਸ਼ਮੀਰ, ਜਾਂ ਕੇਰਲ ਜਾਂ ਗੁਜਰਾਤ ਜਾਂ ਛੱਤੀਸਗੜ ਵਿਚ ਹੋਵੇ, ਸਪਸ਼ਟ ਤੌਰ ‘ਤੇ ਦਰਸਾਉਂਦਾ ਹੈ ਕਿ ਅੰਦੋਲਨ ਅਸਲ ਵਿਚ ਵਧੇਰੇ ਸਮਰਥਨ ਅਤੇ ਤਾਕਤ ਇਕੱਠੀ ਕਰ ਰਿਹਾ ਹੈ।
ਸਾਰੇ ਦੇਸ਼ ਵਿਚ ਆਮ ਨਾਗਰਿਕਾਂ ਵਿਚ ਸਰਕਾਰ ਖ਼ਿਲਾਫ਼ ਨਾਰਾਜ਼ਗੀ ਅਤੇ ਗੁੱਸਾ ਵਧਦਾ ਜਾ ਰਿਹਾ ਹੈ ਅਤੇ ਇਸ ਦੇ ਨਤੀਜੇ ਭਾਜਪਾ ਅਤੇ ਕੇਂਦਰ ਸਰਕਾਰ ‘ਨੂੰ ਝੱਲਣੇ ਪੈ ਰਹੇ ਹਨ।
ਜਿਵੇਂ ਕਿ ਕੱਲ੍ਹ ਵੱਖ-ਵੱਖ ਥਾਵਾਂ ‘ਤੇ ਕਿਸਾਨ-ਆਗੂਆਂ ਨੇ ਕਿਹਾ ਕਿ ਕਿਸਾਨ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਲਈ ਤਿਆਰ ਹਨ। ਆਗੂਆਂ ਦਾ ਕਹਿਣਾ ਹੈ ਕਿ ਇਹ ਸਰਕਾਰ ਤੇ ਹੈ ਉਹ ਕਿੰਨਾ ਲੰਬਾ ਅੰਦੋਲਨ ਕਰਵਾਉਣਾ ਚਾਹੁੰਦੀ ਹੈ। ਕਿਸਾਨ ਉਦੋਂ ਤੱਕ ਵਾਪਸ ਨਹੀਂ ਜਾਣਗੇ ਜਦ ਤਕ ਮੰਗਾਂ ਨਹੀਂ ਮੰਨਿਆ ਜਾਂਦੀਆਂ।
ਨਾਲ ਹੀ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸੂਬੇ ਲੈਵਲ ਦੀਆਂ ਮੀਟਿੰਗਾਂ ਕਰਕੇ ਅਤੇ ਫੇਰ ਸਯੁੰਕਤ ਕਿਸਾਨ ਮੋਰਚੇ ਦੀ ਮੀਟਿੰਗ ਕਰ ਵੱਡੇ ਪ੍ਰੋਗ੍ਰਾਮ ਦਿੱਤੇ ਜਾਣਗੇ ਜਿਸ ਵਿੱਚ ਕਿਸਾਨਾਂ ਸਮੇਤ ਹਰ ਵਰਗ ਨੂੰ ਸ਼ਾਮਿਲ ਕਰਕੇ ਅੰਦੋਲਨ ਨੂੰ ਮਜਬੂਤ ਕੀਤਾ ਜਾਏਗਾ। ਸਰਕਾਰ ਨੂੰ ਸਖਤ ਚੇਤਾਵਨੀ ਹੈ ਕਿ ਕਿਸਾਨਾਂ ਦੀ ਮੰਗਾ ਮੰਨਿਆ ਜਾਵੇ ਨਹੀਂ ਤਾਂ ਮੋਰਚਾ ਅਪਣੀ ਅਗਲੀ ਰਣਨੀਤੀ ਦੀ ਘੋਸ਼ਣਾ ਕਰੇਗਾ।
ਕਈ ਟਰੇਡ ਯੂਨੀਅਨਾਂ ਨੇ ਵੀ ਕੱਲ੍ਹ ਕਾਲੇ ਦਿਵਸ ਵਜੋਂ ਮਨਾਉਣ ਲਈ ਕਿਸਾਨਾਂ ਦਾ ਡਟਵਾਂ ਸਮਰਥਨ ਕੀਤਾ। ਮਜ਼ਦੂਰ ਵੀ ਮੋਦੀ ਸਰਕਾਰ ਵੱਲੋਂ ਲਿਆਂਦੇ ਮਜ਼ਦੂਰ ਵਿਰੋਧੀ ਲੇਬਰ ਕੋਡ ਵਿਰੁੱਧ ਸੰਘਰਸ਼ ਕਰ ਰਹੇ ਹਨ ਅਤੇ ਨਾਲ ਹੀ ਮੋਦੀ ਸਰਕਾਰ ਦੀਆਂ ਜ਼ੁਲਮੀ ਨੀਤੀਆਂ ਖਿਲਾਫ ਵੀ ਲੜ ਰਹੇ ਹਨ।
ਸਮਾਜ ਦੇ ਹੋਰਨਾਂ ਵਰਗਾਂ ਨੇ ਵੀ ਕੱਲ੍ਹ ਮੋਰਚੇ ਦੇ ਸੱਦੇ ਨੂੰ ਹੁੰਗਾਰਾ ਦਿੰਦਿਆਂ ਕਿਸਾਨਾਂ ਦੇ ਸਮਰਥਨ ਕੀਤਾ। ਜਲੰਧਰ ਵਿੱਚ ਆਟੋ ਚਾਲਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਅਗਾਂਹਵਧੂ ਨੌਜਵਾਨ ਅਤੇ ਔਰਤਾਂ ਦੀਆਂ ਜਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ।
ਬਹੁਤ ਸਾਰੇ ਅਖ਼ਬਾਰਾਂ ਨੇ ਕਿਸਾਨਾਂ ਦੇ ਪੱਖ ‘ਚ ਪ੍ਰਭਾਵਸ਼ਾਲੀ ਸੰਪਾਦਕੀ ਲਿਖੇ ਹਨ, ਜਿਹਨਾਂ ‘ਚ ਸਰਕਾਰ ਨੂੰ ਕਿਹਾ ਗਿਆ ਹੈ ਕਿ ਉਹ ਮਹਾਂਮਾਰੀ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕਰੇ।
ਸਰਕਾਰ ਖਿਲਾਫ ਪੁਤਲੇ ਫੂਕਣ, ਟਰੈਕਟਰਾਂ ਅਤੇ ਮੋਟਰ ਸਾਈਕਲ ਰੈਲੀਆਂ, ਕਾਲੇ ਝੰਡੇ ਲਹਿਰਾਉਣ ਦੀਆਂ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ, ਮੁਲਾਜ਼ਮਾਂ, ਟਰਾਂਂਸਪੋਰਟਰਾਂ, ਵਪਾਰੀਆਂ ਅਤੇ ਦੁਕਾਨਦਾਰਾਂ ਸਮੇਤ ਹਰ ਵਰਗ ਦਾ ਧੰਨਵਾਦੀ ਹੈ, ਜਿਹਨਾਂ ਨੇ ਮੋਰਚੇ ਦੇ ਸੱਦੇ ਨੂੰ ਸਫਲ ਬਣਾਇਆ।