ਚੰਡੀਗੜ੍ਹ, 11 ਅਪ੍ਰੈਲ, 2021: ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਲੱਖਾ ਸਿਧਾਣਾ ਦੇ ਭਰਾ ’ਤੇ ਦਿੱਲੀ ਪੁਲਿਸ ਵੱਲੋਂ ਤਸ਼ੱਦਦ ਢਾਹੇ ਜਾਣ ਦੇ ਮਾਮਲੇ ’ਤੇ ਟਵੀਟ ਕਰਕੇ ਕਿਹਾ ਹੈ ਕਿ ਇਹ ਸ਼ਰਮਨਾਕ ਗੱਲ ਹੈ ਕਿ ਦਿੱਲੀ ਪੁਲਿਸ ਨੂੰ ਸਾਡੇ ਅਧਿਕਾਰ ਖੇਤਰ ਅੰਦਰ ਪੰਜਾਬੀਆਂ ਉੱਤੇ ਤਸ਼ੱਦਦ ਢਾਹੁਣ ਦੀ ਇਜਾਜ਼ਤ ਦਿੱਤੀ ਗਈ ਹੈ।।
ਨਵਜੋਤ ਸਿੱਧੂ ਨੇ ਟਵੀਟ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਸਾਡੀ ਹੀ ਧਰਤੀ ’ਤੇ ਸਾਡੇ ਹੀ ਅਧਿਕਾਰ ਖੇਤਰ ਹੇਠ ਦਿੱਲੀ ਪੁਲਿਸ ਨੂੰ ਪੰਜਾਬੀਆਂ ’ਤੇ ਤਸ਼ੱਦਦ ਢਾਹੁਣ ਦੀ ਆਗਿਆ ਦਿੱਤੀ ਗਈ ਹੈ। ਇਹ ਪੰਜਾਬ ਸਰਕਾਰ ਦੀ ਅਥਾਰਟੀ ਦੀ ਉਲੰਘਣਾ ਹੈ….ਕਿਸ ਨਾਲ ਰਲ ਕੇ ਅਜਿਹਾ ਕੀਤਾ ਗਿਆ ਹੈ। ਉਹਨਾਂ ਨੇ ਮਮਤਾ ਬੈਨਰਜੀ ਤੋਂ ਸਬਕ ਲੈਣ ਦੀ ਗੱਲ ਕਹਿੰਦਿਆਂ ਕਿਹਾਕਿ ਮਮਤਾ ਨੇ ਸੀ ਬੀ ਆਈ ਦੇ ਅਧਿਕਾਰੀ ਉਦੋਂ ਜੇਲ੍ਹਾਂ ਵਿਚ ਡੱਕ ਦਿੱਤੇ ਸਨ ਜਦੋਂ ਉਹਨਾਂ ਨੇ ਪੱਛਮੀ ਬੰਗਾਲ ਦੇ ਅਧਿਕਾਰ ਖੇਤਰ ਦੀ ਉਲੰਘਣਾ ਕਰਨ ਦਾ ਯਤਨ ਕੀਤਾ ਸੀ।
ਗਣਤੰਤਰ ਦਿਵਸ ਮੌਕੇ ਵਾਪਰੀ ਹਿੰਸਾ ਲਈ ਕਥਿਤ ਤੌਰ ਉੱਤੇ ਜ਼ਿੰਮੇਵਾਰ ਲੱਖਾ ਸਿਧਾਣਾ ਹਾਲੇ ਫ਼ਰਾਰ ਹੈ। 9 ਅਪ੍ਰੈਲ ਨੂੰ ਲੱਖਾ ਸਿਧਾਣਾ ਵੱਲੋਂ ਸੰਗਰੂਰ ਦੇ ਗੁਰੂਦੁਆਰਾ ਮਸਤੂਆਣਾ ਸਾਹਿਬ ਤੋਂ ਇੱਕ ਵੱਡੇ ਕਾਫਲੇ ਨਾਲ ਦਿੱਲੀ ਸਿੰਘੂ ਸਰਹੱਦ ਲਈ ਰਵਾਨਾ ਹੋਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਸੀ ਕਿ ਦਿੱਲੀ ਪੁਲਿਸ ਵੱਲੋਂ ਉਸ ਦੇ ਭਰਾ ਗੁਰਦੀਪ ਸਿੰਘ ਮੁੰਡੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਨਾਲ ਹੀ ਉਸ ਦੇ ਇੱਕ ਦੋਸਤ ਗੁਰਪ੍ਰੀਤ ਨੂੰ ਵੀ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਨੂੰ ਦਿੱਲੀ ਪੁਲਿਸ ਵੱਲੋਂ ਬੀਤੀ ਰਾਤ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਲੱਖੇ ਸਿਧਾਣੇ ਵੱਲੋਂ ਦੱਸਿਆ ਗਿਆ ਕਿ ਉਹ ਪਟਿਆਲਾ ਆਪਣਾ ਪੇਪਰ ਦੇਣ ਗਿਆ ਸੀ।
ਲੱਖਾ ਸਿਧਾਣਾ ਦਾ ਕਹਿਣਾ ਸੀ ਕਿ ਦਿੱਲੀ ਪੁਲਿਸ ਨੇ ਗੁਰਦੀਪ ਸਿੰਘ ਨੂੰ ਨਜਾਇਜ ਹਿਰਾਸਤ ’ਚ ਰੱਖਿਆ ਅਤੇ ਬੁਰੀ ਤਰਾਂ ਕੁੱਟਮਾਰ ਕਰਨ ਉਪਰੰਤ ਅੰਬਾਲਾ ’ਚ ਛੱਡ ਦਿੱਤਾ। ਉਨ੍ਹਾਂ ਦੱਸਿਆ ਕਿ ਗੁਰਦੀਪ ਸਿੰਘ ਲਾਅ ਦੀ ਦਾ ਪੇਪਰ ਦੇਣ ਪਟਿਆਲਾ ਗਿਆ ਸੀ, ਜਿੱਥੋਂ ਉਸ ਨੂੰ ਦਿੱਲੀ ਪੁਲਿਸ ਨੇ ਚੁੱਕ ਲਿਆ ਅਤੇ ਚੰਡੀਗੜ੍ਹ ਲਿਜਾਕੇ ਬੇਤਹਾਸ਼ਾ ਤਸ਼ੱਦਦ ਢਾਹਿਆ ਤੇ ਅੰਬਾਲੇ ਲਿਜਾ ਕੇ ਛੱਡ ਦਿੱਤਾ।