ਕੈਪਟਨ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਪੁਲਿਸ ਅਫਸਰਾਂ ਨੂੰ ਤਾਇਨਾਤ ਕੀਤੇ ਜਾਣ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਤੇ ਬਦਨੀਅਤ ਦੱਸਿਆ

  • ਕਿਹਾ ਪੰਜਾਬ ਪੁਲਿਸ ਦਾ ਕੰਮ ਸੂਚਨਾ ਇਕੱਤਰ ਕਰਨਾ ਅਤੇ ਮੇਰਾ ਕੰਮ ਹਾਲਾਤ ’ਤੇ ਨਜ਼ਰ ਰੱਖਣਾ
  • ਸ਼੍ਰੋਮਣੀ ਅਕਾਲੀ ਦਲ ਅਤੇ ਆਪ ਨੂੰ ਝੂਠੇ ਪ੍ਰਚਾਰ ਲਈ ਕਰੜੇ ਹੱਥੀਂ ਲਿਆ, ਕਿਹਾ ਸੁਖਬੀਰ ਜਾਂ ਤਾਂ ਸੰਤੁਲਨ ਗਵਾ ਚੁੱਕੇ ਜਾਂ ਭੁੱਲਣ ਦੀ ਬਿਮਾਰੀ ਦੇ ਸ਼ਿਕਾਰ ਹਨ

ਚੰਡੀਗੜ੍ਹ, 8 ਜਨਵਰੀ 2021 -ਸਾਰੇ ਇਲਜ਼ਾਮਾਂ ਅਤੇ ਰਿਪੋਰਟਾਂ ਨੂੰ ਪੂਰੀ ਤਰਾਂ ਬੇਬੁਨਿਆਦ ਅਤੇ ਬਦਨੀਅਤੀ ਤੋਂ ਪ੍ਰੇਰਿਤ ਦੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦਿੱਲੀ ਦੀ ਸਰਹੱਦ ’ਤੇ ਮੁਜ਼ਾਹਰਾ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਪੁਲਿਸ ਅਫਸਰਾਂ ਦੀ ਤਾਇਨਾਤੀ ਕੀਤੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਉਨਾਂ ਕਿਹਾ ਕਿ ਉਹ ਇਸ ਗੱਲ ਨੂੰ ਸਪੱਸ਼ਟ ਕਰ ਚੁੱਕੇ ਹਨ ਕਿ ਗੇਂਦ ਹੁਣ ਕੇਂਦਰ ਸਰਕਾਰ ਦੇ ਪਾਲੇ ਵਿੱਚ ਹੈ ਅਤੇ ਕਿਸਾਨਾਂ ਨਾਲ ਗੱਲਬਾਤ ਵਿਚ ਪੰਜਾਬ ਸਰਕਾਰ ਦੀ ਕੋਈ ਭੂਮਿਕਾ ਨਹੀਂ ਹੈ। ਮੁੱਖ ਮੰਤਰੀ ਨੇ ਮੀਡੀਆ ਦੇ ਇਕ ਹਿੱਸੇ ਵਿੱਚ ਨਸ਼ਰ ਹੋ ਰਹੀਆਂ ਰਿਪੋਰਟਾਂ ਦੇ ਆਧਾਰ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ (ਆਪ) ਵੱਲੋਂ ਲਾਏ ਜਾ ਰਹੇ ਇਲਜ਼ਾਮਾਂ ਦੀ ਕਰੜੀ ਨਿਖੇਧੀ ਵੀ ਕੀਤੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿਚ ਕਿਸਾਨਾਂ ਵੱਲੋਂ ਦਿੱਲੀ ਸਰਹੱਦ ਤੋਂ ਕਾਫੀ ਪਹਿਲਾਂ ਦੇ ਸਮੇਂ ਤੋ ਹੀ ਮੁਜ਼ਾਹਰੇ ਕੀਤੇ ਜਾ ਰਹੇ ਹਨ ਇਸ ਲਈ ਉਨਾਂ ਨੇ ਸੁਭਾਵਿਕ ਤੌਰ ’ਤੇ ਪੁਲਿਸ ਅਧਿਕਾਰੀਆਂ ਨੂੰ ਸਿਰਫ ਕੌਮੀ ਰਾਜਧਾਨੀ ਦਿੱਲੀ ਹੀ ਨਹੀਂ ਸਗੋਂ ਸਮੁੱਚੇ ਪੰਜਾਬ ਦੀ ਸਥਿਤੀ ਬਾਰੇ ਨਿਯਮਿਤ ਰੂਪ ਵਿੱਚ ਤਾਜ਼ਾ ਹਾਲਾਤ ਦੀ ਜਾਣਕਾਰੀ ਅਤੇ ਖੁਫੀਆ ਰਿਪੋਰਟਾਂ ਦੇਣ ਲਈ ਕਿਹਾ ਸੀ। ਉਨਾਂ ਅੱਗੇ ਦੱਸਿਆ ਕਿ ਕਿਸਾਨਾਂ ਦੇ ਮੁਜ਼ਾਹਰੇ ਵਾਲੀ ਥਾਂ ’ਤੇ ਪੰਜਾਬ ਦੇ ਕੁਝ ਕੁ ਪੁਲਿਸਕਰਮੀਆਂ ਦੀ ਮੌਜੂਦਗੀ ਦਾ ਗਲਤ ਮਤਲਬ ਕੱਢ ਕੇ ਇਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਨਾਂ ਇਹ ਵੀ ਦੱਸਿਆ ਕਿ ਹਾਲਾਤ ’ਤੇ ਨਜ਼ਰ ਰੱਖਣਾ ਸੂਬੇ ਦੀ ਪੁਲਿਸ ਦਾ ਕੰਮ ਹੈ ਅਤੇ ਸੂਬੇ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਹੋਣ ਦੇ ਨਾਤੇ ਸਾਰੀ ਸਥਿਤੀ ਤੋਂ ਜਾਣੂੰ ਹੋਣਾ ਉਨਾਂ ਦੀ ਜ਼ਿੰਮੇਵਾਰੀ ਹੈ।

ਮੁੱਖ ਮੰਤਰੀ ਨੇ ਕਿਹਾ, ‘‘ ਜੋ ਕੋਈ ਵੀ ਇਹ ਸਮਝਦਾ ਹੈ ਕਿ ਗਿਣਤੀ ਦੇ ਪੁਲਿਸ ਅਧਿਕਾਰੀ ਕਿਸਾਨਾਂ ਨਾਲ ਗੱਲਬਾਤ ਕਰ ਸਕਦੇ ਹਨ ਜਾਂ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਵਿੱਚ ਸੋਧਾਂ ਦੇ ਸੁਝਾਵਾਂ ਨੂੰ ਮੰਨਣ ਲਈ ਕਿਸਾਨ ਆਗੂਆਂ ਨੂੰ ਰਾਜ਼ੀ ਕਰ ਸਕਦੇ ਹਨ, ਤਾਂ ਉਹ ਬਿਲਕੁਲ ਹੀ ਨਾ-ਸਮਝ ਹੈ। ਉਨਾਂ ਅੱਗੇ ਕਿਹਾ ਕਿ ਜਦੋਂ ਕਿ ਕੇਂਦਰ ਸਰਕਾਰ ਦੇ ਚੋਟੀ ਦੇ ਆਗੂ ਮੌਜੂਦਾ ਸਮੇਂ ਦੌਰਾਨ ਗੱਲਬਾਤ ਦੀ ਪ੍ਰਕਿਰਿਆ ਵਿੱਚ ਸ਼ਾਮਲ ਹਨ ਤਾਂ ਉਨਾਂ (ਕੈਪਟਨ ਅਮਰਿੰਦਰ ਸਿੰਘ) ਦੇ ਇਸ ਵਿੱਚ ਸ਼ਮੂਲੀਅਤ ਕਰਨ ਦਾ ਸਵਾਲ ਕਿੱਥੋਂ ਪੈਦਾ ਹੁੰਦਾ ਹੈ?
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਅਰਵਿੰਦ ਕੇਜਰੀਵਾਲ ਤੇ ਇਨਾਂ ਦੋਵਾਂ ਦੇ ਪਾਰਟੀ ਕਾਰਕੁੰਨ ਝੂਠ ਅਤੇ ਫਰੇਬ ਦਾ ਆਸਰਾ ਲੈ ਕੇ ਆਪਣੀਆਂ ਉਨਾਂ ਨਾਕਾਮੀਆਂ ਨੂੰ ਲੁਕਾਉਣਾ ਚਾਹੁੰਦੇ ਹਨ ਜਿਸ ਦਾ ਸਾਹਮਣਾ ਇਨਾਂ ਨੂੰ ਖੇਤੀ ਕਾਨੂੰਨਾਂ ਦੁਆਰਾ ਪੈਦਾ ਹੋਏ ਸਮੁੱਚੇ ਸੰਕਟ ਦੌਰਾਨ ਕਰਨਾ ਪਿਆ ਹੈ।

ਸੁਖਬੀਰ ਸਿੰਘ ਬਾਦਲ ਦੇ ਬੇਤੁਕੇ ਦਾਅਵੇ ਕਿ ਪੰਜਾਬ ਵਿਧਾਨ ਸਭਾ ਵਿੱਚ ਤਿੰਨ ਖੇਤੀ ਬਿਲਾਂ ਖਿਲਾਫ ਪਾਸ ਕੀਤੇ ਗਏ ਮਤੇ ਰਾਜਪਾਲ ਨੂੰ ਨਹੀਂ ਭੇਜੇ ਗਏ, ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਆਪਣਾ ਸੰਤੁਲਨ ਗਵਾ ਬੈਠੇ ਹਨ। ਮੁੱਖ ਮੰਤਰੀ ਨੇ ਕਿਹਾ, ‘‘ ਜਾਂ ਸ਼ਾਇਦ ਉਹ ਗੰਭੀਰ ਤੌਰ ’ਤੇ ਭੁੱਲਣ ਦੀ ਬਿਮਾਰੀ ਦੇ ਸ਼ਿਕਾਰ ਹਨ ਕਿਉਂ ਜੋ ਉਨਾਂ ਦੀ ਪਾਰਟੀ ਦੇ ਸਾਥੀ ਜਿਸ ਵਿੱਚ ਬਿਕਰਮ ਸਿੰਘ ਮਜੀਠੀਆ ਵੀ ਸ਼ਾਮਲ ਸਨ, ਮੇਰੇ ਨਾਲ ਮਤਾ ਅਤੇ ਤਿੰਨਾਂ ਸੂਬਾਈ ਸੋਧ ਬਿਲਾਂ ਨੂੰ ਰਾਜਪਾਲ ਨੂੰ ਸੌਂਪਣ ਲਈ ਰਾਜਭਵਨ ਗਏ ਸਨ। ਮੁੱਖ ਮੰਤਰੀ ਨੇ ਸੁਖਬੀਰ ਸਿੰਘ ਬਾਦਲ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਡਾਕਟਰੀ ਸਲਾਹ ਲੈਣ। ਉਨਾਂ ਆਪਸੀ ਵਿਰੋਧ ਵਾਲੀਆਂ ਟਿੱਪਣੀਆਂ ਕਰਨ ਲਈ ਸੁਖਬੀਰ ਸਿੰਘ ਬਾਦਲ ਅਤੇ ਉਨਾਂ ਦੀ ਪਤਨੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਰਾਜਪਾਲ ਦੀ ਮਨਜ਼ੂਰੀ ਦੇ ਮੁੱਦੇ ਸਬੰਧੀ ਵੀ ਨਿਸ਼ਾਨੇ ’ਤੇ ਲਿਆ।

ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਅਤੇ ਆਪ, ਜਿਨਾਂ ਨੇ ਕੇਂਦਰੀ ਖੇਤਰੀ ਕਾਨੂੰਨਾਂ ਬਾਰੇ ਯੂ-ਟਰਨ ਲਿਆ, ਦੇ ਉਲਟ ਪੰਜਾਬ ਸਰਕਾਰ ਨੇ ਇਨਾਂ ਕਾਨੂੰਨਾਂ ਸਬੰਧੀ ਸਪੱਸ਼ਟ ਸਟੈਂਡ ਲਿਆ ਅਤੇ ਉਨਾਂ ਦੀ ਸਰਕਾਰ ਨੇ ਮੁੱਢ ਤੋਂ ਹੀ ਇਸ ਮੁੱਦੇ ਬਾਬਤ ਕਿਸਾਨਾਂ ਦੇ ਰੁਖ ਦੀ ਹਮਾਇਤ ਕੀਤੀ ਅਤੇ ਅੱਗੇ ਵੀ ਕਰਦੀ ਰਹੇਗੀ। ਉਨਾਂ ਅੱਗੇ ਕਿਹਾ,‘‘ ਪੰਜਾਬ ਦੇ ਕਿਸਾਨ ਅਤੇ ਲੋਕ ਹੁਣ ਤੁਹਾਡੀਆਂ ਝੂਠੀਆਂ ਕਹਾਣੀਆਂ ਅਤੇ ਡਰਾਮੇਬਾਜ਼ੀ ਦੇ ਝਾਂਸੇ ਵਿੱਚ ਨਹੀਂ ਆਉਣਗੇ।’’ ਉਨਾਂ ਸੁਖਬੀਰ ਸਿੰਘ ਬਾਦਲ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਆਪਣੇ ਸਿਆਸੀ ਏਜੰਡੇ ਨੂੰ ਅੱਗੇ ਵਧਾਉਣ ਲਈ ਗੁਮਰਾਹਕੁੰਨ ਪ੍ਰਚਾਰ ਬੰਦ ਕਰਨ ਦੀ ਚਿਤਾਵਨੀ ਵੀ ਦਿੱਤੀ।

What do you think?

Written by Ranjeet Singh

Comments

Leave a Reply

Your email address will not be published. Required fields are marked *

Loading…

0

ਪੰਜਾਬ ਵਿੱਚ 3 ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ

ਠੱਗ ਟਰੈਵਲ ਏਜੰਟ ਔਰਤ ਬਹਾਨੇ ਪੱਤਰਕਾਰ ਨੂੰ ਕਿਉਂ ਕਰ ਰਿਹੈ ਬਦਨਾਮ? ਸੱਚ ਜਾਣੋ ਉਸ ਔਰਤ ਦੀ ਜ਼ੁਬਾਨੀ