ਚੰਡੀਗੜ੍ਹ, 12 ਮਾਰਚ 2022 – ਸਿਆਸੀ ਦਿੱਗਜ ਲੀਡਰਾਂ ਦੇਡੇਰਿਆਂ ‘ਚ ਲਾਏ ਫੇਰੇ ਇਸ ਵਾਰ ਕਿਸੇ ਕੰਮ ਨਹੀਂ ਆਏ। ਡੇਰੇ ਇਸ ਵਾਰ ਕੋਈ ਵੀ ਆਪਣਾ ਜਲਵਾ ਨਹੀਂ ਦਿਖਾ ਸਕੇ। ਹਾਲਾਂਕਿ ਪਿਛਲੀਆਂ ਚੋਣਾਂ ਦੌਰਾਨ ਵੀ ਡੇਰਿਆਂ ਦਾ ਕੋਈ ਵੀ ਅਸਰ ਨਹੀਂ ਦਿਖਿਆ ਸੀ। ਪਰ ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਚਰਨਜੀਤ ਸਿੰਘ ਚੰਨੀ, ਬਾਦਲਾਂ ਸਮੇਤ ਕਈ ਆਗੂਆਂ ਨੇ ਡੇਰਾ ਸੱਚਾ ਸੌਦਾ, ਡੇਰਾ ਬੱਲਾਂ ਤੋਂ ਲੈ ਕੇ ਡੇਰਾ ਰਾਧਾ ਸੁਆਮੀ ਤੱਕ ਪਹੁੰਚ ਕੀਤੀ ਸੀ । ਪਰ ਡੇਰੇ ਕਿਸੇ ਦੀ ਕਿਸਮਤ ਨਹੀਂ ਬਦਲ ਸਕੇ।
ਡੇਰਾ ਸੱਚਾ ਸੌਦਾ ਜੋ ਦਾਅਵਾ ਕਰਦਾ ਹੈ ਕਿ ਮਾਲਵੇ ਦੀਆਂ 69 ਵਿੱਚੋਂ 50 ਸੀਟਾਂ ਉੱਤੇ ਉਨ੍ਹਾਂ ਦਾ ਕਾਫੀ ਪ੍ਰਭਾਵ ਹੈ। ਜਿਸ ਕਾਰਨ ਉਥੇ ਹਾਜ਼ਰੀ ਲਗਵਾਉਣ ਲਈ ਪੁੱਜੀਆਂ ਸਾਰੀਆਂ ਸਿਆਸੀ ਧਿਰਾਂ ਇਸੀ ਭੁਲੇਖੇ ‘ਚ ਚਿੱਤ ਹੋ ਗਈਆਂ। ਬਲਾਤਕਾਰ ਅਤੇ ਕਤਲ ਦੇ ਮਾਮਲੇ ‘ਚ ਸਜ਼ਾ ਭੁਗਤ ਰਹੇ ਰਾਮ ਰਹੀਮ ਨੂੰ ਵੋਟਾਂ ਦੀ ਰਾਜਨੀਤੀ ਕਾਰਨ ਚੋਣਾਂ ਤੋਂ ਪਹਿਲਾਂ ਹੀ ਜੇਲ੍ਹ ਤੋਂ ਪੈਰੋਲ ਮਿਲ ਜਾਂਦੀ ਹੈ। ਉਸ ਨੂੰ ਡੇਰਾ ਸੱਚਾ ਸੌਦਾ ਸਿਰਸਾ ਵਿੱਚ ਨਹੀਂ ਰਹਿਣ ਦਿੱਤਾ ਗਿਆ ਅਤੇ ਹਰਿਆਣਾ ਦੇ ਇੱਕ ਡੇਰੇ ਵਿੱਚ ਰੱਖਿਆ ਗਿਆ, ਤਾਂ ਜੋ ਡੇਰਾ ਪ੍ਰੇਮੀਆਂ ਨੂੰ ਸੰਦੇਸ਼ ਭੇਜ ਕੇ ਵੋਟਾਂ ਲਈਆਂ ਜਾ ਸਕਣ। ਪਰ ਰਾਮ ਰਹੀਮ ਦੀ ਪੈਰੋਲ ਵੀ ਕਿਸੇ ਪਾਰਟੀ ਦੇ ਕੰਮ ਨਾ ਆ ਸਕੀ।
ਡੇਰਾ ਰਾਧਾ ਸੁਆਮੀ ਦੇ ਮੁਖੀ, ਜਿਸ ਨੂੰ ਕਿਸੇ ਵੀ ਸਿਆਸੀ ਪਾਰਟੀ ਦਾ ਸਮਰਥਕ ਨਹੀਂ ਮੰਨਿਆ ਜਾਂਦਾ ਹੈ, ਦੀਆਂ ਵੀ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਾਲ ਫੋਟੋਆਂ ਸਾਹਮਣੇ ਆਈਆਂ ਸਨ। ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪਰਿਵਾਰ ਸਮੇਤ ਉਹਨਾਂ ਨਾਲ ਨਜ਼ਰ ਆਏ ਸਨ। ਇਸੇ ਤਰ੍ਹਾਂ ਪੰਜਾਬ ਦੇ ਡੇਰਾ ਮੁਖੀਆਂ ਨੇ ਵੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਉਸ ਨੇ ਪ੍ਰਧਾਨ ਮੰਤਰੀ ਦੀ ਤਾਰੀਫ਼ ਵਿੱਚ ਗੀਤ ਪੜ੍ਹਦੇ ਹੋਏ ਭਾਜਪਾ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਵੀ ਕੀਤੀ ਸੀ, ਪਰ ਉਹਨਾਂ ਦੀ ਕੋਈ ਵੀ ਅਪੀਲ ਦਲੀਲ ਸਿਰੇ ਨਹੀਂ ਚੜ੍ਹੀ।
ਹੋਰ ਪਾਰਟੀਆਂ ਨੇ ਵੀ ਡੇਰਿਆਂ ਵਿੱਚ ਜਾ ਕੇ ਹਾਜ਼ਰੀਆਂ ਲਵਾਈਆਂ ਪਰ ਡੇਰਿਆਂ ਦੇ ਵਾਅਦਿਆਂ ਤੋਂ ਲੈ ਕੇ ਸੂਬੇ ਦੇ ਲੋਕਾਂ ਨੇ ਇਸ ਵਾਰ ਡੇਰਾ ਮੁਖੀਆਂ ਨੂੰ ਕੋਈ ਤਰਜੀਹ ਨਹੀਂ ਦਿੱਤੀ ਅਤੇ ਉਹੀ ਕੀਤਾ ਜੋ ਉਨ੍ਹਾਂ ਦਾ ਮਨ ਤਬਦੀਲੀ ਲਈ ਕਹਿ ਰਿਹਾ ਸੀ। ਭਾਜਪਾ ਸਿਰਫ਼ 2 ਸੀਟਾਂ ‘ਤੇ ਹੀ ਸਿਮਟ ਗਈ, ਅਕਾਲੀ ਦਲ ਨੂੰ ਉਸ ਦੀ ਭਾਈਵਾਲ ਬਸਪਾ ਸਮੇਤ ਸਿਰਫ਼ 4 ਸੀਟਾਂ ਮਿਲ ਸਕੀਆਂ ਅਤੇ ਕਾਂਗਰਸ ਨੇ ਪਿਛਲੀ ਵਾਰ 77 ਸੀਟਾਂ ਜਿੱਤੀਆਂ ਸਨ ਅਤੇ ਇਸ ਵਾਰ 18 ‘ਤੇ ਸਿਮਟ ਕੇ ਰਹਿ ਗਈ।