ਪੰਜਾਬ ਪੁਲਿਸ ਨੇ ਲਗਾਤਾਰ ਅੱਤਵਾਦ ਦੇ ਖਿਲਾਫ਼ ਆਪਣੀ ਮੁਹਿੰਮ ਛੇੜੀ ਹੋਈ ਹੈ ਜਿਸ ਦੇ ਨਤੀਜੇ ਵਜੋਂ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਵਿਦੇਸ਼ਾਂ ਵਿੱਚ ਸਥਿਤ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ.ਐਲ.ਐਫ.) ਦੀ ਸ਼ੈਅ ’ਤੇ ਮਿੱਥ ਕੇ ਕਤਲੇਆਮ ਕਰਨ ਲਈ 4 ਕਾਰਕੁੰਨ ਗ੍ਰਿਫ਼ਤਾਰ ਕਰਕੇ ਇੱਕ ਹੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਅਪ੍ਰੈਲ 2021 ਦੌਰਾਨ ਪਟਿਆਲਾ ਜੇਲ੍ਹ ਤੋੜ ਕੇ ਫਰਾਰ ਹੋਣ ਵਾਲਾ ਭਾਰਤੀ ਫੌਜ ਦਾ ਇੱਕ ਸਾਬਕਾ ਸਿਪਾਹੀ ਵੀ ਇਹਨਾਂ ਗ੍ਰਿਫਤਾਰੀਆਂ ਵਿੱਚ ਸ਼ਾਮਲ ਹੈ।
ਡੀ.ਜੀ.ਪੀ. ਪੰਜਾਬ ਦਿਨਕਰ ਗੁਪਤਾ ਨੇ ਕਿਹਾ ਕਿ ਦੋਸ਼ੀ ਜਸਪ੍ਰੀਤ ਸਿੰਘ ਉਰਫ ਨੂਪੀ, ਜੋ ਕਿ ਸਾਲ 2012 ਵਿੱਚ ਸਿਪਾਹੀ ਵਜੋਂ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ, ਨੂੰ 2017 ਵਿੱਚ ਇੱਕ ਕਤਲ ਦੇ ਕੇਸ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਸੀ। ਉਹਨਾਂ ਦੱਸਿਆ ਕਿ ਜੇਲ੍ਹ ਤੋਂ ਫਰਾਰ ਹੋਣ ਤੋਂ ਬਾਅਦ ਨੂਪੀ ਵਿਦੇਸ਼ ਅਧਾਰਤ ਕੇ.ਐਲ.ਐਫ. ਦੇ ਹੈਂਡਲਰਾਂ ਦੇ ਸੰਪਰਕ ਵਿੱਚ ਆਇਆ ਅਤੇ ਉਸਨੂੰ ਰਾਜ ਵਿੱਚ ਮਿੱਥ ਕੇ ਹੱਤਿਆ ਕਰਨ ਵਾਸਤੇ ਅੱਤਵਾਦੀ ਗਿਰੋਹ ਬਣਾਉਣ ਲਈ ਪ੍ਰੇਰਿਆ।
ਦਿਨਕਰ ਗੁਪਤਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਹੋਰ ਤਿੰਨ ਵਿਅਕਤੀਆਂ ਦੀ ਪਹਿਚਾਣ ਰੋਪੜ ਦੇ ਪਿੰਡ ਫਤਿਹਪੁਰ ਬੁੰਗਾ ਦੇ ਵਸਨੀਕ ਜਸਵਿੰਦਰ ਸਿੰਘ, ਜਿਲਾ ਸਿਰਸਾ ਦੇ ਪਿੰਡ ਕਲੀਆਵਾਲਾ ਦੇ ਗੌਰਵ ਜੈਨ ਉਰਫ ਮਿੰਕੂ ਅਤੇ ਮੇਰਠ ਯੂਪੀ ਦੇ ਵਸਨੀਕ ਪਰਸ਼ਾਂਤ ਸਿਲੇਨ ਉਰਫ ਕਬੀਰ ਜੋ ਕਿ ਮੌਜੂਦਾ ਸਮੇਂ ਦੌਰਾਨ ਚੰਡੀਗੜ ਦੇ ਧਨਾਸ ਵਿਖੇ ਰਹਿ ਰਿਹਾ ਹੈ, ਵਜੋਂ ਹੋਈ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਖੰਨਾ ਗੁਰਸ਼ਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਸੂਹ ਮਿਲਣ ਤੋਂ ਬਾਅਦ ਖੰਨਾ ਪੁਲਿਸ ਨੇ ਜੀ.ਟੀ ਰੋਡ ਖੰਨਾ ਵਿਖੇ ਵਿਸ਼ੇਸ਼ ਚੈਕਿੰਗ ਦੌਰਾਨ ਇੱਕ ਈਟੀਓਸ ਕਾਰ ਨੂੰ ਰੋਕਿਆ ਅਤੇ ਕਾਰ ਵਿੱਚੋਂ ਬਾਹਰ ਨਿਕਲੇ ਤਿੰਨ ਵਿਅਕਤੀਆਂ ਨੇ ਪੁਲਿਸ ਪਾਰਟੀ ’ਤੇ ਗੋਲੀਆਂ ਚਲਾਈਆਂ।
ਹਾਲਾਂਕਿ, ਪੁਲਿਸ ਪਾਰਟੀ ਨੇ ਜਸਵਿੰਦਰ ਅਤੇ ਮਿੰਕੂ ਨੂੰ ਮੌਕੇ ‘ਤੇ ਕਾਬੂ ਕਰ ਲਿਆ, ਜਦੋਂ ਕਿ ਨੂਪੀ ਨੂੰ ਬਾਅਦ ਵਿੱਚ ਉਸਦੇ ਇੱਕ ਹੋਰ ਸਾਥੀ, ਕਬੀਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਦੋਸ਼ੀ ਵਿਅਕਤੀਆਂ ਦੇ ਕਬਜੇ ਵਿਚੋਂ ਦੋ 0.32 ਬੋਰ ਪਿਸਤੌਲ ਸਮੇਤ 4 ਮੈਗਜ਼ੀਨ ਅਤੇ ਅਸਲਾ ਵੀ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਨਕਲੀ ਰਜਿਸਟ੍ਰੇਸਨ ਨੰਬਰ ਪੀਬੀ 01 ਏ.ਐਸ 6845 ਵਾਲੀ ਇੱਕ ਈਟੀਓਸ ਕਾਰ , ਜਿਸ ਨੂੰ ਨੂਪੀ ਨੇ ਪਿਛਲੇ ਮਹੀਨੇ ਜੀਰਕਪੁਰ ਤੋਂ ਬੰਦੂਕ ਦੀ ਨੋਕ ’ਤੇ ਖੋਹ ਲਿਆ ਸੀ, ਨੂੰ ਵੀ ਬਰਾਮਦ ਕੀਤਾ।
ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਤਫਤੀਸ ਦੌਰਾਨ ਨੂਪੀ ਨੇ ਕਬੂਲ ਕੀਤਾ ਕਿ ਉਸ ਨੇ ਆਪਣੇ ਸਾਥੀਆਂ ਦੀ ਮਦਦ ਨਾਲ 3 ਜੁਲਾਈ 2021 ਨੂੰ ਖਰੜ ਦੇ ਇੱਕ ਪੈਟਰੋਲ ਪੰਪ ਤੋਂ 50000 ਰੁਪਏ ਲੁੱਟਣ ਤੋਂ ਇਲਾਵਾ ਈਟੀਓਸ ਕਾਰ ਵੀ ਖੋਹੀ ਸੀ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਨੂਪੀ ਨੇ ਖੁਲਾਸਾ ਕੀਤਾ ਕਿ ਉਹ ਅੱਤਵਾਦੀ ਭਾਰਤ ਵਿਰੋਧੀ ਵਿਅਕਤੀਆਂ ਅਤੇ ਕੇ.ਐਲ.ਐਫ. ਦੇ ਅੱਤਵਾਦੀ ਸੰਗਠਨ ਨਾਲ ਸਬੰਧ ਰੱਖਣ ਵਾਲੇ ਵਿਦੇਸ਼ੀ ਤੱਤਾਂ ਦੇ ਸੰਪਰਕ ਵਿੱਚ ਆਇਆ ਸੀ ਜਿਹਨਾਂ ਨੇ ਉਸ ਨੂੰ ਵਿਦੇਸ਼ ਤੋਂ ਪੰਜਾਬ ਵਿੱਚ ਮਿੱਥ ਕੇ ਕਤਲ ਕਰਨ ਲਈ ਫੰਡ ਮੁਹੱਈਆ ਕਰਵਾਏ ਸਨ ਅਤੇ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਲਈ ਯੂ.ਪੀ. ਤੋਂ ਪਿਸਤੌਲਾਂ ਦਾ ਪ੍ਰਬੰਧ ਵੀ ਕੀਤਾ ਸੀ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ