ਪੰਜਾਬ ਵਿੱਚ ਇਸ ਵੇਲੇ ਉਦਯੋਗ ਚਲਾਉਣੇ ਔਖੇ ਹੋ ਰਹੇ ਹਨ, ਨਾ ਤਾਂ ਬਿਜਲੀ ਦੀ ਸਪਲਾਈ ਚੰਗੀ ਹੋਈ ਤੇ ਨਾ ਹੀ ਲੇਬਰ ਸਹੀ ਰੇਤ ‘ਤੇ ਮਿਲ ਰਹੀ, ਹੋਰ ਤਾਂ ਹੋਰ ਕਈ ਉਦਯੋਗ ਬੰਦ ਵੀ ਹੋ ਗਏ। ਓਥੇ ਹੀ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਦੀ ਉਦਯੋਗ ਨੀਤੀ ਦੇਸ਼ ਭਰ ਵਿੱਚ ਸਭ ਤੋਂ ਵਧੀਆ ਹੈ। ਪੰਜਾਬ ‘ਚ ਉਦਯੋਗਾਂ ਲਈ ਬਿਜਲੀ ਦੀ ਘਾਟ ਸਬੰਧੀ ਵਿਰੋਧੀ ਪਾਰਟੀ ਆਗੂਆਂ ਦੇ ਬਿਆਨਾਂ ਨੂੰ ਹਾਸੋਹੀਣਾ ਅਤੇ ਬੇਵਜਾ ਵੀ ਦੱਸਿਆ। ਉਹਨਾਂ ਕਿਹਾ ਕਿ ਪੰਜਾਬ ‘ਚ ਸਨਅਤ ਲਈ ਸਾਜਗਾਰ ਮਾਹੌਲ ਹੈ ਅਤੇ ਬਿਜਲੀ ਦੀ ਕੋਈ ਘਾਟ ਨਹੀਂ ਹੈ।
ਉਦਯੋਗ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਉਦਯੋਗਿਕ ਤੇ ਵਪਾਰ ਨੀਤੀ ਦੇਸ਼ ਭਰ ‘ਚੋਂ ਸਭ ਤੋਂ ਬਿਹਤਰ ਹੈ ਅਤੇ ਪਿਛਲੇ ਚਾਰ ਸਾਲਾ ਦੇ ਸਮੇਂ ਦੌਰਾਨ ਹੁਣ ਤੱਕ ਲਗਭੱਗ 91 ਹਜਾਰ ਕਰੋੜ ਰੁਪਏ ਦੇ ਨਿਵੇਸ਼ ਸੂਬੇ ‘ਚ ਹੋ ਚੁੱਕਾ ਹੈ। ਉਨਾਂ ਕਿਹਾ ਕਿ ਪੰਜਾਬ ਉਦਯੋਗਪਤੀਆਂ ਲਈ ਮਨਪਸੰਦ ਸਥਾਨ ਹੈ ਅਤੇ ਪਿਛਲੇ ਚਾਰ ਸਾਲਾਂ ਦੌਰਾਨ ਨਿਵੇਸ਼ ਦੀਆ 2900 ਤਜਵੀਜਾਂ ਵਿੱਚੋਂ 51 ਫੀਸਦੀ ਨੇ ਆਪਣਾ ਉਦਯੋਗਿਕ ਕਾਰੋਬਾਰ ਸ਼ੁਰੂ ਕਰ ਦਿੱਤਾ ਹੈ, ਜਿਨਾਂ ‘ਚ 20 ਵਿਦੇਸ਼ੀ ਫਰਮਾਂ ਵੀ ਸ਼ਾਮਲ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਕਾਰਨ ਉਦਯੋਗਾਂ ਲਈ ‘ਰਾਈਟ ਟੂ ਬਿਜਨਸ ਐਕਟ’ ਅਤੇ ‘ਸਿੰਗਲ ਵਿੰਡੋ ਪ੍ਰਣਾਲੀ’ ਲਾਗੂ ਕੀਤੀ, ਜਿਸ ਨਾਲ ਉਦਯੋਗਾਂ ਦੇ ਮਾਮਲਿਆਂ ਨੂੰ ਨਿਰਧਾਰਤ ਸਮੇਂ ਦੇ ਅੰਦਰ-ਅੰਦਰ ਇੱਕੋ ਛੱਤ ਥੱਲੇ ਨਜਿੱਠਿਆ ਜਾਂਦਾ ਹੈ। ਇਸ ਫੈਸਲੇ ਨਾਲ ਜਿੱਥੇ ਉਦਯੋਗਪਤੀਆਂ ਦੀ ਖੱਜਲ ਖੁਆਰੀ ਖਤਮ ਹੋਈ ਹੈ, ਉੱਥੇ ਹੀ ਸਮੇਂ ਦੀ ਬੱਚਤ ਵੀ ਹੋਈ ਹੈ।
ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਦਯੋਗਾਂ ਨੂੰ ਬਹੁਤ ਹੀ ਜਾਇਜ ਰੇਟ ‘ਤੇ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾ ਰਹੀ ਹੈ। ਉਨਾ ਕਿਹਾ ਕਿ ਸੂਬਾ ਸਰਕਾਰ ਉਦਯੋਗਾਂ ਨੂੰ 24 ਘੰਟੇ ਬਿਜਲੀ ਮੁਹੱਈਆ ਕਰਵਾ ਰਹੀ ਹੈ ਅਤੇ ਸਰਕਾਰ ਵੱਲੋਂ ਸਾਲ 2018 ਤੋਂ 2021 ਤੱਕ 3669 ਕਰੋੜ ਰੁਪਏ ਦੀ ਸਬਸਿਡੀ ਉਦਯੋਗਾਂ ਲਈ ਦਿੱਤੀ ਜਾ ਚੁੱਕੀ ਹੈ। ਪੰਜਾਬ ਚ ਉਦਯੋਗਾਂ ਲਈ ਸਾਜਗਾਰ ਮਾਹੌਲ ਅਤੇ ਵੱਧ ਉਜਰਤਾਂ ਹੋਣ ਕਾਰਨ ਕਾਮੇ ਇੱਥੇ ਕੰਮ ਕਰਨ ਨੂੰ ਤਰਜੀਹ ਦਿੰਦੇ ਹਨ। ਉਨਾਂ ਕਿਹਾ ਕਿ ਪੰਜਾਬ ਚ ਹੁਨਰਮੰਦ ਕਾਮਿਆਂ ਦੀ ਬਹੁਤਾਤ ਹੈ ਅਤੇ ਉਦਯੋਗ ਹੁਨਰਮੰਦ ਕਾਮਿਆਂ ਤੋਂ ਬਿਨਾਂ ਚੱਲਣੇ ਸੰਭਵ ਨਹੀਂ। ਉਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਬਣਾਈ ਗਈ ਉਦਯੋਗ ਨੀਤੀ ਕਾਰਨ ਪੰਜਾਬ, ਉਦਯੋਗਾਂ ਲਈ ਬਿਹਤਰ ਸਥਾਨ ਵਜੋਂ ਉਭਰਿਆ ਹੈ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਦੇ ਪੰਜਾਬ ’ਚ ਬਿਜਲੀ ਦੀ ਘਾਟ ਹੋਣ ਵਾਲੇ ਬਿਆਨ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਅਰੋੜਾ ਨੇ ਕਿਹਾ ਕਿ ਯੂ.ਪੀ. ਦੇ ਮੁੱਖ ਮੰਤਰੀ ਬੇਵਜਾ ਤੇ ਬਿਨਾਂ ਤੱਥ ਜਾਣੇ ਬਿਆਨ ਦੇਣ ਲਈ ਹਮੇਸਾ ਕਾਹਲੇ ਰਹਿੰਦੇ ਹਨ, ਜੋ ਸਿਰਫ ਸਿਆਸਤ ਤੋਂ ਪ੍ਰੇਰਿਤ ਹੁੰਦੇ ਹਨ। ਉਨਾਂ ਕਿਹਾ ਕਿ ਉਹ ਪਹਿਲਾਂ ਵੀ ਮਲੇਰਕੋਟਲਾ ਨੂੰ ਜਿਲਾ ਬਣਾਏ ਜਾਣ ਮੌਕੇ ਵੀ ਬੇਤੁਕਾ ਬਿਆਨ ਦੇ ਚੁੱਕੇ ਹਨ, ਜਿਸਦੀ ਹਰ ਵਰਗ ਵੱਲੋਂ ਕਰੜੀ ਨਿੰਦਾ ਕੀਤੀ ਗਈ ਸੀ। ਉਨਾਂ ਕਿਹਾ ਕਿ ਜਿਸ ਵਿਅਕਤੀ ਨੂੰ ਪੰਜਾਬ ਦੇ ਭਾਈਚਾਰਕ ਮਾਹੌਲ ਬਾਰੇ ਜਾਣਕਾਰੀ ਹੀ ਨਹੀਂ, ਉਹ ਹੀ ਇਸ ਤਰਾਂ ਦੇ ਕਿਸ ਤਰਾਂ ਬਿਆਨ ਦੇ ਸਕਦਾ ਹੈ।
ਵਿਰੋਧੀ ਪਾਰਟੀ ਆਗੂਆਂ ਵੱਲੋਂ ਜਾਰੀ ਬਿਆਨਾਂ ਬਾਰੇ ਉਦਯੋਗ ਮੰਤਰੀ ਨੇ ਕਿਹਾ ਕਿ ਬਿਆਨ ਨਿਰਾਧਾਰ ਹਨ ਅਤੇ ਸਿਆਸਤ ਤੋਂ ਪ੍ਰੇਰਿਤ ਹਨ। ਉਨਾਂ ਕਿਹਾ ਕਿ ਪਿਛਲੀ ਅਕਾਲੀ ਤੇ ਭਾਜਪਾ ਸਰਕਾਰ ਵੱਲੋਂ ਕੀਤੇ ਬਿਜਲੀ ਸਮਝੌਤਿਆਂ ਨਾਲ ਉਨਾਂ ਦੀ ਕਾਰਗੁਜਾਰੀ ਸਾਹਮਣੇ ਆ ਗਈ ਹੈ। ਉਨਾਂ ਕਿਹਾ ਕਿ ਅਜਿਹੇ ਆਗੂਆਂ ਨੂੰ ਹੁਣ ਬਿਜਲੀ ਸਬੰਧੀ ਬਿਆਨ ਦੇਣ ਦਾ ਕੋਈ ਅਧਿਕਾਰ ਨਹੀਂ ਹੈ, ਜਿਨਾਂ ਖੁਦ ਪੰਜਾਬ ਵਿਰੋਧੀ ਫੈਸਲੇ ਕੀਤੇ ਸਨ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ