ਸੰਘਰਸ਼ ਦੇ ਮੌਜੂਦਾ ਹਾਲਾਤਾਂ ਬਾਰੇ ਉਗਰਾਹਾਂ ਦਾ ਬਿਆਨ ਸਰਕਾਰ ਦੇ ਫਾਸ਼ੀ ਮਨਸੂਬੇ ਪਛਾਣੋ

  • ਸਾਰੇ ਬਾਰਡਰਾਂ ‘ਤੇ ਚੌਕਸੀ ਤੇ ਦ੍ਰਿੜਤਾ ਨਾਲ ਡਟੋ
    ਅਸੀਂ ਸੰਘਰਸ਼ ਅੰਦਰ ਡਟੇ ਹੋਏ ਤੇ ਸੰਘਰਸ਼ ਦੇ ਸਭਨਾਂ ਹਮਾਇਤੀਆਂ ਨੂੰ ਸੱਦਾ ਦਿੰਦੇ ਹਾਂ ਕਿ ਮੋਦੀ ਸਰਕਾਰ ਦੇ ਖਤਰਨਾਕ ਇਰਾਦੇ ਪਛਾਣ ਕੇ ਇਨ੍ਹਾਂ ਨੂੰ ਫੇਲ੍ਹ ਕਰਨ ਲਈ ਡਟਣਾ ਚਾਹੀਦਾ ਹੈ।

ਟਿਕਰੀ ਬਾਰਡਰ, 29 ਜਨਵਰੀ 2021 – ਜੋਗਿੰਦਰ ਉਗਰਾਹਾਂ ਨੇ ਕਿਹਾ ਕਿ ਜਥੇਬੰਦੀ ਸਿੰਘੂ ਬਾਰਡਰ ‘ਤੇ ਹਿੰਦੂ ਫਿਰਕੂ ਅਨਸਰਾਂ ਨੂੰ ਇਕੱਠੇ ਕਰ ਕੇ ਮੋਰਚੇ ਖ਼ਿਲਾਫ਼ ਭੰਡੀ ਪ੍ਰਚਾਰ ਕਰਵਾਉਣ, ਕਿਸਾਨ ਆਗੂਆਂ ਨੂੰ ਲੁਕ ਆਊਟ ਨੋਟਿਸ ਜਾਰੀ ਕਰਨ ਤੇ ਨਾਲ ਹੀ ਗਾਜ਼ੀਪੁਰ ਬਾਰਡਰ ‘ਤੇ ਲੱਗੇ ਕਿਸਾਨ ਮੋਰਚੇ ਨੂੰ ਉੱਠਣ ਦੇ ਹੁਕਮ ਜਾਰੀ ਕਰਨ ਦੀ ਜ਼ੋਰਦਾਰ ਨਿਖੇਧੀ ਕਰਦੀ ਹੈ, ਇਸ ਨੂੰ ਮੋਦੀ ਸਰਕਾਰ ਦੀ ਬੁਖਲਾਹਟ ਕਰਾਰ ਦਿੰਦੀ ਹੈ। ਇਹ ਸਮੁੱਚਾ ਅਮਲ ਸਾਬਤ ਕਰਦਾ ਹੈ ਕਿ ਮੋਦੀ ਸਰਕਾਰ ਵੱਲੋਂ ਚਲਾਈ ਜਾ ਰਹੀ ਗੱਲਬਾਤ ਤੇ ਸੋਧਾਂ ਦੀ ਕੀਤੀ ਜਾ ਰਹੀ ਪੇਸ਼ਕਸ਼ ਇਕ ਭਰਮਾਊ ਅਮਲ ਸੀ ਜਦਕਿ ਅੰਦਰਖਾਤੇ ਹਕੂਮਤ ਵੱਲੋਂ ਪਿਛਾਖੜੀ ਸਾਜ਼ਿਸ਼ ਰਚੀ ਜਾ ਰਹੀ ਸੀ।

ਮੋਦੀ ਸਰਕਾਰ ਨੇ ਆਪਣੇ ਏਜੰਟਾਂ ਰਾਹੀਂ ਤੇ ਕੁਝ ਅਣਜਾਣ ਹਿੱਸਿਆਂ ਨੂੰ ਭਰਮਾਉਣ ਰਾਹੀਂ ਲਾਲ ਕਿਲੇ ‘ਤੇ ਝੰਡਾ ਝੁਲਾਉਣ ਦੀ ਸਾਜ਼ਿਸ਼ੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ ਤਾਂ ਕਿ ਕਿਸਾਨ ਸੰਘਰਸ਼ ਨੂੰ ਬਦਨਾਮ ਕੀਤਾ ਜਾ ਸਕੇ। ਇਸ ਕਿਸਾਨੀ ਸੰਘਰਸ਼ ਨੂੰ ਇਕ ਖ਼ਾਸ ਫ਼ਿਰਕੇ ਦੇ ਰਾਜ ਬਣਾਉਣ ਲਈ ਸੰਘਰਸ਼ ਵਜੋਂ ਪੇਸ਼ ਕੀਤਾ ਜਾ ਸਕੇ ਅਤੇ ਦੇਸ਼ ਭਰ ਦੇ ਲੋਕਾਂ ਅੰਦਰੋਂ ਸੰਘਰਸ਼ ਲਈ ਪੈਦਾ ਹੋਈ ਵਿਆਪਕ ਹਮਾਇਤ ਨੂੰ ਖੋਰ ਕੇ ਸੰਘਰਸ਼ ਨੂੰ ਹਮਲੇ ਹੇਠ ਲਿਆਂਦਾ ਜਾ ਸਕੇ। ਮੁਲਕ ਭਰ ਅੰਦਰ ਇਸ ਸਾਜ਼ਿਸ਼ ਦਾ ਜ਼ੋਰਦਾਰ ਢੰਗ ਨਾਲ ਪਰਦਾ ਚਾਕ ਕੀਤਾ ਜਾਣਾ ਚਾਹੀਦਾ ਹੈ। ਦੇਸ਼ ਭਰ ਦੇ ਬੁੱਧੀਜੀਵੀ ਤੇ ਜਮਹੂਰੀ ਹਿੱਸਿਆਂ ਨੂੰ ਹਕੂਮਤ ਦੀ ਇਸ ਫ਼ਾਸ਼ੀ ਵਿਉਂਤ ਦੀ ਪਾਜ-ਉਘੜਾਈ ਲਈ ਜ਼ੋਰਦਾਰ ਮੁਹਿੰਮ ਚਲਾਉਣੀ ਚਾਹੀਦੀ ਹੈ।

ਇਸ ਹਕੂਮਤ ਨੇ ਸੱਤਾ ‘ਚ ਆਉਣ ਤੋਂ ਲੈ ਕੇ ਹੁਣ ਤਕ ਅਜਿਹੀਆਂ ਘੋਰ ਪਿਛਾਖੜੀ ਸਾਜ਼ਿਸ਼ਾਂ ਰਾਹੀਂ ਲੋਕਾਂ ਦੇ ਸੰਘਰਸ਼ਾਂ ਨੂੰ ਕੁਚਲਣ ਦਾ ਰਾਹ ਫੜਿਆ ਹੋਇਆ ਹੈ। ਇਹ ਸਰਕਾਰ ਹੁਣ ਇਸ ਹੱਕੀ ਸੰਘਰਸ਼ ਨੂੰ ਬਦਨਾਮ ਕਰਕੇ ਤੇ ਜਥੇਬੰਦੀਆਂ ਨੂੰ ਪਾੜ ਕੇ ਫਾਸ਼ੀ ਹਮਲੇ ਨਾਲ ਕੁਚਲਣਾ ਚਾਹੁੰਦੀ ਹੈ। ਇਸ ਲਈ ਝੂਠੇ ਕੇਸ ਦਰਜ ਕਰ ਕੇ, ਸੈਂਕੜੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਤੇ ਦੇਸ਼ ਅੰਦਰ ਸੰਘਰਸ਼ ਖ਼ਿਲਾਫ਼ ਫ਼ਿਰਕੂ ਫਾਸ਼ੀ ਲਾਮਬੰਦੀਆਂ ਨੂੰ ਤੇਜ਼ ਕਰਕੇ ਜਬਰ ਕਰਨ ਦੀ ਵੱਡੀ ਸਾਜ਼ਿਸ਼ ਘੜੀ ਜਾ ਰਹੀ ਹੈ। ਅਜਿਹੀ ਹਾਲਤ ‘ਚ ਸਭਨਾਂ ਸੰਘਰਸ਼ਸ਼ੀਲ ਲੋਕਾਂ ਅਤੇ ਜਥੇਬੰਦੀਆਂ ਨੂੰ ਆਪਸੀ ਏਕਾ ਤੇ ਸਾਂਝ ਹੋਰ ਜ਼ਿਆਦਾ ਮਜ਼ਬੂਤ ਕਰਦਿਆਂ ਸਭਨਾਂ ਬਾਰਡਰਾਂ ‘ਤੇ ਗਿਣਤੀ ਨੂੰ ਹੋਰ ਵਿਸ਼ਾਲ ਕਰਨਾ ਚਾਹੀਦਾ ਹੈ, ਚੌਕਸੀ ਵਧਾਉਣੀ ਚਾਹੀਦੀ ਹੈ ਤੇ ਨਾਲ ਹੀ ਸੂਬਿਆਂ ਅੰਦਰ ਮੋਰਚੇ ਦੇ ਹਮਾਇਤੀ ਆਧਾਰ ਨੂੰ ਜ਼ੋਰਦਾਰ ਲਲਕਾਰਾ ਮਾਰਨਾ ਚਾਹੀਦਾ ਹੈ।

ਸੰਘਰਸ਼ ਅੰਦਰਲੇ ਸਰਕਾਰੀ ਏਜੰਟਾਂ ਨੂੰ ਪੂਰੀ ਤਰ੍ਹਾਂ ਖਦੇੜਨਾ ਚਾਹੀਦਾ ਹੈ ਪਰ ਨਾਲ ਹੀ ਗ਼ਲਤ ਰਾਹ ਪੈਣ ਵਾਲੀਆਂ ਲੀਡਰਸ਼ਿਪਾਂ ਤੇ ਸਫ਼ਾਂ ਦਰਮਿਆਨ ਵਖਰੇਵਾਂ ਕਰਦਿਆਂ ਵੱਧ ਤੋਂ ਵੱਧ ਲੋਕਾਂ ਨੂੰ ਸੰਘਰਸ਼ ਦੇ ਪੱਖ ‘ਚ ਜਿੱਤਣ ਦੀ ਪਹੁੰਚ ਰੱਖਣੀ ਚਾਹੀਦੀ ਹੈ। ਸੰਘਰਸ਼ ਨੂੰ ਮੁਕੰਮਲ ਜਿੱਤ ਤਕ ਪਹੁੰਚਾਉਣਾ ਚਾਹੁੰਦੀਆਂ ਜਥੇਬੰਦੀਆਂ ਦਾ ਆਪਸੀ ਏਕਾ ਹੋਰ ਮਜ਼ਬੂਤ ਕਰਨ ਦਾ ਵੇਲਾ ਹੈ। ਸੰਘਰਸ਼ ਮੰਗਾਂ ‘ਤੇ ਧਿਆਨ ਕੇਂਦਰਿਤ ਕਰਦਿਆਂ ਫਿਰਕੂ ਤੇ ਪਾਟਕ-ਪਾਊ ਪ੍ਰਚਾਰ ਦੀ ਧੁੰਦ ਨੂੰ ਛੰਡ ਦੇਣਾ ਚਾਹੀਦਾ ਹੈ। ਮੁਲਕ ਭਰ ਅੰਦਰ ਕਿਸਾਨੀ ਤੇ ਹਮਾਇਤੀ ਹਿੱਸਿਆਂ ਦੀ ਵਿਸ਼ਾਲ ਲਾਮਬੰਦੀ ਵਾਲੇ ਜਨਤਕ ਐਕਸ਼ਨਾਂ ਦਾ ਅਗਲਾ ਸਿਲਸਿਲਾ ਤੋਰਨਾ ਚਾਹੀਦਾ ਹੈ। ਮੋਦੀ ਸਰਕਾਰ ਵੱਲੋਂ ਵਿਉਂਤੇ ਜਾ ਰਹੇ ਫਾਸ਼ੀ ਹੱਲੇ ਨੂੰ ਪਛਾੜਨ ਲਈ ਸਬਰ , ਤਹੱਮਲ ਤੇ ਸਿਦਕਦਿਲੀ ਨਾਲ ਡਟਣ ਦਾ ਵੇਲਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਿਸਾਨ ਲਹਿਰ ਨੂੰ ਬਦਨਾਮ ਕਰਨ ਲਈ ਪੁਲਿਸ ਸਾਜ਼ਸੀ ਢੰਗ ਨਾਲ ਲਾਲ ਕਿਲ੍ਹੇ ਵਿੱਚ ਲੈ ਕੇ ਗਈ: ਕੇਂਦਰੀ ਸਿੰਘ ਸਭਾ

19 ਪਾਰਟੀਆਂ ਵੱਲੋਂ ਰਾਸ਼ਟਰਪਤੀ ਦੇ ਭਾਸ਼ਣ ਦਾ ਬਾਈਕਾਟ