- ਕੇਜਰੀਵਾਲ ਦੇ ਝੂਠ ਨੂੰ ਪੰਜਾਬ ਦੇ ਲੋਕ ਕਦੇ ਵੀ ਮੁੰਹ ਨਹੀਂ ਲਗਾਉਣਗੇ : ਅਸ਼ਵਨੀ ਸ਼ਰਮਾ
ਚੰਡੀਗੜ੍ਹ: 29 ਜੂਨ 2021 – ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਉਣ ‘ਤੇ ਹਰ ਪਰਿਵਾਰ ਨੂੰ 300 ਯੂਨਿਟ ਤੱਕ ਮੁਫਤ ਬਿਜਲੀ ਦੇਣ ਦੇ ਐਲਾਨ ‘ਤੇ ਕਿਹਾ ਕਿ ਕੇਜਰੀਵਾਲ ਜਾਣਦੇ ਹਨ ਕਿ ਉਨ੍ਹਾਂ ਨੇ ਦਿੱਲੀ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ, ਜਿਸ ਕਾਰਨ ਇਸ ਵਾਰ ਦਿੱਲੀ ਚੋਣਾਂ ਵਿੱਚ ਉਨ੍ਹਾਂ ਦੀ ਹਾਰ ਪੱਕੀ ਹੈ। ਇਸੇ ਕਰਕੇ ਉਹ ਆਪਣਾ ਅਧਾਰ ਬਚਾਉਣ ਲਈ ਦੂਜੇ ਸੂਬਿਆਂ ਵੱਲ ਮੁੰਹ ਕਰ ਰਹੇ ਹਨ ਅਤੇ ਉਥੇ ਵੀ ਉਹ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨI ਸ਼ਰਮਾ ਨੇ ਕਿਹਾ ਕੀ ਉਨ੍ਹਾਂ ਨੇ ਦਿੱਲੀ ਦੇ ਲੋਕਾਂ ਨਾਲ ਝੂਠੇ ਵਾਦੇ ਕੀਤੇ ਸਨ, ਪਰ ਪੰਜਾਬ ਦੇ ਲੋਕ ਉਨ੍ਹਾਂ ਦੇ ਝੂਠੇ ਵਾਅਦੇ ਨਹੀਂ ਮੰਨਣਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਖੁਲੀਆਂ ਅੱਖਾਂ ਨਾਲ ਮੁੰਗੇਰੀ ਲਾਲ ਦੇ ਸੁਪਨੇ ਦੇਖ ਰਹੇ ਹਨ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨੂੰ ‘ਬਿਜਲੀ ਹਾਫ਼-ਪਾਣੀ ਮਾਫ’ ਦਾ ਵਾਅਦਾ ਕੀਤਾ ਸੀ, ਪਰ ਦਿੱਲੀ ਸਰਕਾਰ ਪਟੇਲ ਨਗਰ ਵਿੱਚ ਨਹਿਰੂ ਨਗਰ ਦੇ ਘਰਾਂ ਨੂੰ 20,000 ਰੁਪਏ ਤੋਂ 25,000 ਰੁਪਏ ਪ੍ਰਤੀ ਮਹੀਨਾ ਬਿਜਲੀ ਦੇ ਬਿੱਲ ਭੇਜ ਰਹੀ ਹੈ। ਇੰਨਾ ਹੀ ਨਹੀਂ, ਦਿੱਲੀ ਸਰਕਾਰ ਨੇ ਹਰ ਘਰ ਨੂੰ 20,000 ਲੀਟਰ ਮੁਫਤ ਪਾਣੀ ਦੇਣ ਦਾ ਵਾਅਦਾ ਕੀਤਾ ਸੀ, ਪਰ ਦਿੱਲੀ ਸਰਕਾਰ ਉੱਥੋਂ ਦੇ ਲੋਕਾਂ ਨੂੰ 25,000 ਤੋਂ ਲੈ ਕੇ 2,00,000 ਰੁਪਏ ਤੱਕ ਦੇ ਪਾਣੀ ਦੇ ਬਿੱਲ ਭੇਜ ਰਹੀ ਹੈ। ਦਿੱਲੀ ਦੇ ਲੋਕ ਤ੍ਰਾਹਿ-ਤ੍ਰਾਹਿ ਕਰ ਰਹੇ ਹਨ ਅਤੇ ਕੇਜਰੀਵਾਲ ਉਨ੍ਹਾਂ ਨੂੰ ਛੱਡ ਕੇ ਹੁਣ ਪੰਜਾਬ ਵਿਚ ਵੀ ਉਹੀ ਚੋਣ ਵਾਅਦਿਆਂ ਦੀ ਬਾਰਿਸ਼ ਕਰ ਰਹੇ ਹਨ। ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਸੂਝਵਾਨ ਹਨ ਅਤੇ ਉਹ ਕੇਜਰੀਵਾਲ ਦੇ ਝੂਠਾਂ ਤੋਂ ਭਲੀਭਾਂਤ ਜਾਣੂ ਹਨ ਅਤੇ ਉਸਨੂੰ ਕਦੇ ਵੀ ਪੰਜਾਬ ਦੀ ਸੱਤਾ ਵਿੱਚ ਦਾਖਲ ਨਹੀਂ ਹੋਣ ਦੇਣਗੇ।