ਲੁਧਿਆਣਾ, 26 ਮਈ 2021 – ਯੂਟਿਊਬਰ ਪਾਰਸ ਖਿਲਾਫ ਦਰਜ ਹੋਏ ਮਾਮਲੇ ਤੋਂ ਬਾਅਦ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਸੋਸ਼ਲ ਮੀਡੀਆ ਰਾਹੀਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਪਾਰਸ ਨੂੰ ਗ੍ਰਿਫਤਾਰ ਕਰਨ ਬਾਰੇ ਕਿਹਾ ਸੀ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਅਰੁਨਾਚਲ ਪ੍ਰਦੇਸ਼ ਦੀ ਪੁਲੀਸ ਆਵੇਗੀ ਤਾਂ ਪਾਰਸ ਨੂੰ ਅਰੁਣਾਚਲ ਪ੍ਰਦੇਸ਼ ਦੀ ਪੁਲੀਸ ਨੂੰ ਸੌਂਪ ਦਿੱਤਾ ਜਾਵੇ।
ਉਸ ਤੋਂ ਬਾਅਦ ਪੁਲਸ ਦੀ ਛਾਣਬੀਣ ਤੇਜ਼ ਹੋ ਗਈ ਸੀ ਅਤੇ ਪਾਰਸ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਸੀ ਅਤੇ ਉਸ ਦੇ ਲੈਪਟੌਪ ਅਤੇ ਹੋਰ ਸਮਾਨ ਨੂੰ ਵੀ ਪੁਲਿਸ ਦੁਆਰਾ ਆਪਣੇ ਕਬਜੇ ਵਿੱਚ ਲੈ ਲਿਆ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਤੋਂ ਏਸੀਪੀ ਵਰਿਆਮ ਸਿੰਘ ਨੇ ਕਿਹਾ ਕਿ ਪੁਲਿਸ ਨੇ ਪਾਰਸ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਅਰੁਣਾਚਲ ਪ੍ਰਦੇਸ਼ ਵਾਲ਼ਾ ਮਾਮਲਾ ਅਰਨਾਚਲ ਪ੍ਰਦੇਸ਼ ਵਾਲੀ ਪੁਲੀਸ ਦੇਖੇਗੀ। ਉਨ੍ਹਾਂ ਦੁਆਰਾ ਪਾਰਸ ਦੀ ਮਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਸੀ।
ਅਸਲ ‘ਚ 22 ਸਾਲਾ ਲੁਧਿਆਣਾ ਦੇ ਨੌਜਵਾਨ ਨੇ ਅਰੁਣਾਚਲ ਪ੍ਰਦੇਸ਼ ਨੂੰ ਆਪਣੇ ਯੂ-ਟਿਊਬ ਚੈਨਲ ’ਤੇ ਚੀਨ ਦਾ ਹਿੱਸਾ ਦੱਸਿਆ ਸੀ ਜਿਸ ਕਾਰਨ ਪੁਲਸ ਨੇ ਮੰਗਲਵਾਰ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਵਿਵਾਦਿਤ ਵੀਡੀਓ ਅਪਲੋਡ ਕਰਨ ਵਾਲੇ ਜਨਕਪੁਰੀ ਦੇ ਰਹਿਣ ਵਾਲੇ ਪਾਰਸ ਨੂੰ ਜਲਦ ਅਰੁਣਾਚਲ ਪ੍ਰਦੇਸ਼ ਦੀ ਪੁਲਸ ਹਿਰਾਸਤ ’ਚ ਲਵੇਗੀ। ਉਸ ਦੇ ਖ਼ਿਲਾਫ਼ ਧਾਰਾ 124-ਏ, 153-ਏ ਅਤੇ 505-2 ਦੇ ਤਹਿਤ ਐੱਫ. ਆਈ. ਆਰ. ਦਰਜ ਕੀਤੀ ਜਾ ਚੁੱਕੀ ਹੈ।
ਜਾਣਕਾਰੀ ਅਨੁਸਾਰ ਯੂ-ਟਿਊਬ ’ਤੇ ਐਤਵਾਰ ਨੂੰ ਇਕ ਨੌਜਵਾਨ ਨੇ ਵੀਡੀਓ ਅਪਲੋਡ ਕੀਤੀ। ਵੀਡੀਓ ਵਿਚ ਉਸ ਨੇ ਆਪਣੇ ਫਾਲੋਅਰਜ਼ ਨੂੰ ਦੱਸਿਆ ਕਿ ਭਾਰਤ ਦੇ ਨਕਸ਼ੇ ਵਿਚ ਅਰੁਣਾਚਲ ਪ੍ਰਦੇਸ਼ ਕਿਤੇ ਨਜ਼ਰ ਨਹੀਂ ਆ ਰਿਹਾ। ਉਸ ਦੇ ਨੇੜੇ ਦਾ ਇਲਾਕਾ ਚਾਇਨਾ ਦਾ ਹੈ, ਜਿਸ ਨੂੰ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਉਹ ਚਾਇਨਾ ਦਾ ਹੀ ਹਿੱਸਾ ਹੈ। ਇਸ ਤੋਂ ਬਾਅਦ ਸੋਮਵਾਰ ਨੂੰ ਨੌਜਵਾਨ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਸੀ।