ਚੀਫ ਸੈਕਟਰੀ ਵੱਲੋਂ ਮਿਸ਼ਨ ਫਤਿਹ 2.0 ਨੂੰ ਕਾਮਯਾਬ ਕਰਕੇ ਪਿੰਡਾਂ ਨੂੰ ਕੋਵਿਡ ਮੁਕਤ ਬਣਾਉਣ ਦੇ ਨਿਰਦੇਸ਼

  • ਪਿੰਡਾਂ ਦੇ ਹਸਪਤਾਲਾਂ `ਚ ਆਕਸੀਜਨ ਕੰਸਟਰੇਟਰ ਮੁਹੱਈਆ ਕਰਵਾਉਣ ਦੇ ਹੁਕਮ, ਕੋਵਿਡ ਮਰੀਜ਼ਾਂ ਤੋਂ ਵਾਧੂ ਪੈਸੇ ਵਸੂਲਣ ਵਾਲੇ ਪ੍ਰਾਈਵੇਟ ਹਸਪਤਾਲਾਂ ਖਿਲਾਫ ਸਖਤ ਕਾਰਵਾਈ ਕਰਨ ਲਈ ਕਿਹਾ
  • ਗਰਭਵਤੀ ਔਰਤਾਂ ਲਈ ਟੈਲੀ-ਮਸ਼ਵਰਾ ਕਲੀਨਿਕ ਖੋਲ੍ਹਣ ਦਾ ਐਲਾਨ, ਬਲੈਕ ਫੰਗਸ ਦੇ ਇਲਾਜ ਬਾਰੇ ਪ੍ਰੋਟੋਕੋਲ ਸੂਬੇ ਦੇ ਸਾਰੇ ਹਸਪਤਾਲਾਂ ਨਾਲ ਸਾਂਝਾ ਕਰਨ ਦੇ ਆਦੇਸ਼

ਚੰਡੀਗੜ੍ਹ, 22 ਮਈ 2021 – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿਛਲੇ ਦਿਨੀਂ ਸ਼ੁਰੂ ਕੀਤੇ ਮਿਸ਼ਨ ਫਤਿਹ 2.0 ਨੂੰ ਪੂਰਨ ਕਾਮਯਾਬ ਕਰਨ ਉੱਪਰ ਜ਼ੋਰ ਦਿੰਦਿਆਂ ਮੁੱਖ ਸਕੱਤਰ ਸ੍ਰੀਮਤੀ ਵਿੰਨੀ ਮਹਾਜਨ ਨੇ ਸਿਹਤ ਵਿਭਾਗ ਸਮੇਤ ਹੋਰ ਸਾਰੇ ਵਿਭਾਗਾਂ ਦੇ ਨਾਲ-ਨਾਲ ਜ਼ਿਲ੍ਹਾਂ ਅਧਿਕਾਰੀਆਂ ਨੂੰ ਟੈਸਟਿੰਗ, ਟਰੇਸਿੰਗ, ਇਲਾਜ ਅਤੇ ਟੀਕਾਕਰਨ ਮੁਹਿੰਮ ਨੂੰ ਹਰੇਕ ਪਿੰਡ ਦੇ ਹਰੇਕ ਘਰ ਤੱਕ ਪਹੁੰਚਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਕਰੋਨਾ ਮੁਕਤ ਪਿੰਡ ਮੁਹਿੰਮ ਦੀ ਕਾਮਯਾਬੀ ਲਈ ਸਾਨੂੰ ਉਹ ਸਾਰੇ ਕਦਮ ਚੁੱਕਣੇ ਪੈਣਗੇ ਜਿਸ ਨਾਲ ਪੰਜਾਬ ਦੇ ਪਿੰਡ ਕਰੋਨਾ ਮੁਕਤ ਕੀਤੇ ਜਾ ਸਕਣ।

ਉਨ੍ਹਾਂ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਚੋਣਵੇਂ ਪੇਂਡੂ ਸਰਕਾਰੀ ਹਸਪਤਾਲਾਂ ਵਿਚ ਤੁਰੰਤ ਆਕਸੀਜਨ ਕੰਸਟਰੇਟਰ ਮੁਹੱਈਆ ਕਰਵਾਏ ਜਾਣ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਕਿਹਾ ਕਿ ਜਿਹੜੇ ਵੀ ਪ੍ਰਾਈਵੇਟ ਹਸਪਤਾਲ ਕੋਵਿਡ ਮਰੀਜ਼ਾਂ ਦੀ ਲੁੱਟ ਕਰ ਰਹੇ ਹਨ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਸਿਹਤ ਵਿਭਾਗ ਨੂੰ ਕਾਲੀ ਫਫੂੰਦ (ਬਲੈਕ ਫੰਗਸ) ਦੇ ਇਲਾਜ ਬਾਰੇ ਮਾਹਰਾਂ ਵੱਲੋਂ ਬਣਾਏ ਪ੍ਰੋਟੋਕੋਲ ਤੁਰੰਤ ਰਾਜ ਦੇ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨਾਲ ਸਾਂਝਾ ਕਰਨ ਦੇ ਆਦੇਸ਼ ਵੀ ਦਿੱਤੇ।

ਸੂਬੇ ਵਿਚ ਕੋਵਿਡ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਮੁੱਖ ਸਕੱਤਰ ਨੇ ਸ਼ਨਿਚਰਵਾਰ ਨੂੰ ਪ੍ਰਬੰਧਕੀ ਸਕੱਤਰਾਂ, ਸਿਹਤ ਅਧਿਕਾਰੀਆਂ, ਸਮੂਹ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨਾਲ ਆਨਲਾਈਨ ਮੀਟਿੰਗ ਕੀਤੀ।
ਪ੍ਰਾਈਵੇਟ ਹਸਪਤਾਲਾਂ ਵੱਲੋਂ ਕੋਵਿਡ ਮਰੀਜ਼ਾਂ ਦੇ ਮਹਿੰਗੇ ਇਲਾਜ ਕਰਨ ਸਬੰਧੀ ਆਈਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੱਖ ਸਕੱਤਰ ਨੇ ਅਜਿਹੇ ਹਸਪਤਾਲਾਂ ਖਿਲਾਫ ਸਖਤ ਕਾਰਵਾਈ ਕਰਨ ਲਈ ਕਿਹਾ ਜੋ ਕੋਵਿਡ ਮਰੀਜ਼ਾਂ ਦੀਆਂ ਜੇਬਾਂ `ਤੇ ਡਾਕੇ ਮਾਰ ਰਹੇ ਹਨ।

ਮੁੱਖ ਸਕੱਤਰ ਨੇ ਆਖਿਆ ਕਿ ਇਸ ਦੇਸ਼ ਵਿਆਪੀ ਬਿਪਤਾ ਮੌਕੇ ਕਿਸੇ ਨੂੰ ਵੀ ਮਰੀਜ਼ਾਂ ਦਾ ਸ਼ੋਸ਼ਣ ਕਰਨ ਦੀ ਇਜਾਜ਼ਤ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਨੈਤਿਕ ਪ੍ਰੈਕਟਿਸ ਕਰਨ ਵਾਲੇ ਹਸਪਤਾਲਾਂ ਖਿਲਾਫ ਜੇਕਰ ਲੋੜ ਪਵੇ ਤਾਂ ਐਫਆਈਆਰ ਦਰਜ ਕੀਤੀ ਜਾਵੇ ਅਤੇ ਅਜਿਹੇ ਹਸਪਤਾਲਾਂ ਦੀ ਮਾਨਤਾ ਰੱਦ ਕੀਤੀ ਜਾਵੇ।
ਇਸ ਤੋਂ ਇਲਾਵਾ ਉਨ੍ਹਾਂ ਨੇ ਪੇਂਡੂ ਮਿਸ਼ਨ ਫਤਿਹ ਦੀ ਕਾਮਯਾਬੀ ਲਈ ਪੇਂਡੂ ਖੇਤਰਾਂ ਤੇ ਕਸਬਿਆਂ ਵਿੱਚ ਚੱਲ ਰਹੇ ਕਮਿਊਨਿਟੀ ਸਿਹਤ ਕੇਂਦਰਾਂ ਵਿੱਚ ਕੋਵਿਡ ਦੇ ਮਰੀਜ਼ਾਂ ਨੂੰ ਆਕਸੀਜਨ ਸਹੂਲਤ ਲਈ ਆਕਸੀਜਨ ਕੰਸਟਰੇਟਰ ਮੁਹੱਈਆ ਕਰਾਉਣ ਲਈ ਵੀ ਆਖਿਆ।

ਰਾਜ ਵਿੱਚ ਕੋਵਿਡ ਮਰੀਜ਼ਾਂ ਦੇ ਕਾਲੀ ਫਫੂੰਦ (ਬਲੈਕ ਫੰਗਸ) ਨਾਲ ਪੀੜਤ ਹੋਣ ਦੀਆਂ ਸੂਚਨਾਵਾਂ ਦੇ ਮੱਦੇਨਜ਼ਰ ਮੀਟਿੰਗ ਵਿੱਚ ਹਾਜ਼ਰ ਰਾਜ ਸਰਕਾਰ ਦੇ ਮੈਡੀਕਲ ਸਲਾਹਕਾਰ ਡਾ ਕੇ.ਕੇ. ਤਲਵਾੜ ਨੇ ਦੱਸਿਆ ਕਿ ਇਹ ਬਿਮਾਰੀ ਨਵੀਂ ਨਹੀਂ ਹੈ ਪਰ ਪਿਛਲੇ ਦਿਨਾਂ ਵਿੱਚ ਇਸ ਬੀਮਾਰੀ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ ਕਾਲੀ ਫਫੂੰਦ ਨੂੰ ਬਿਮਾਰੀ ਐਲਾਨ ਦਿੱਤਾ ਹੈ ਅਤੇ ਇਸ ਬਿਮਾਰੀ ਦੇ ਇਲਾਜ ਲਈ ਕੌਮੀ ਪੱਧਰ ਤੇ ਚੋਟੀ ਦੇ ਮਾਹਿਰ ਡਾਕਟਰਾਂ ਦੀ ਸਲਾਹ ਨਾਲ ਇਕ ਮੁਕੰਮਲ ਪ੍ਰੋਟੋਕੋਲ/ਚਾਰਟ ਜਾਰੀ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਦਾ ਮੁੱਖ ਕਾਰਣ ਪਹਿਲਾਂ ਅਤੇ ਜ਼ਿਆਦਾ ਸਟੀਰੌਇਡਜ਼ ਲੈਣੇ ਹਨ, ਜਿਸ ਨਾਲ ਕਿ ਮਰੀਜ਼ ਦਾ ਇਮਊਨਿਟੀ ਸਿਸਟਮ ਕਮਜ਼ੋਰ ਪੈ ਜਾਂਦਾ ਹੈ।

ਕਾਲੀ ਫਫੂੰਦ ਤੋਂ ਪੀੜਤ ਮਰੀਜ਼ਾਂ ਦੇ ਤੁਰੰਤ ਇਲਾਜ ਉਪਰ ਜ਼ੋਰ ਦਿੰਦਿਆਂ ਮੁੱਖ ਸਕੱਤਰ ਨੇ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ ਨੂੰ ਆਖਿਆ ਕਿ ਉਹ ਤੁਰੰਤ ਇਹ ਪ੍ਰੋਟੋਕੋਲ ਰਾਜ ਦੇ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨਾਲ ਸਾਂਝਾ ਕਰਨ ਅਤੇ ਇਸ ਬਿਮਾਰੀ ਦੇ ਇਲਾਜ ਕਰਨ ਵਾਲੇ ਸਮੂਹ ਹਸਪਤਾਲਾਂ ਨੂੰ ਨੋਟੀਫਾਈ ਕਰਕੇ ਸੂਚੀ ਜਾਰੀ ਕਰਨ।

ਇਸ ਤੋਂ ਇਲਾਵਾ ਉਨ੍ਹਾਂ ਡਾ ਕੇ.ਕੇ. ਤਲਵਾੜ ਅਤੇ ਡਾਕਟਰੀ ਸਿੱਖਿਆ ਤੇ ਖੋਜ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ ਨੂੰ ਆਖਿਆ ਕਿ ਉਹ ਰਾਜ ਦੇ ਮੈਡੀਕਲ ਕਾਲਜਾਂ ਵਿਚ ਫੰਗਸ ਟਰੀਟਮੈਂਟ ਦੇ ਇਲਾਜ ਲਈ ਵਿਸ਼ੇਸ਼ ਵਾਰਡ ਸਥਾਪਤ ਕਰਨ।
ਦੇਸ਼ ਦੇ ਕੁਝ ਰਾਜਾਂ ਵਿੱਚ ਕੋਵਿਡ ਮਰੀਜਾਂ ਦੀ ਮੌਤਾਂ ਦੇ ਅੰਕੜੇ ਘੱਟ ਦਰਸਾਏ ਜਾਣ ਦੀ ਚਰਚਾ ਬਾਰੇ ਗੱਲ ਕਰਦਿਆਂ ਮੁੱਖ ਸਕੱਤਰ ਨੇ ਆਖਿਆ ਕਿ ਪੰਜਾਬ ਵਿੱਚ ਕੋਵਿਡ ਮਰੀਜ਼ਾਂ ਦੀ ਮੌਤ ਦੇ ਅੰਕੜੇ ਪੂਰੀ ਇਮਾਨਦਾਰੀ ਤੇ ਸ਼ਿੱਦਤ ਨਾਲ ਹਸਪਤਾਲਾਂ ਵਿੱਚ ਦਰਜ ਕਰਕੇ ਕੇਂਦਰੀ ਪੋਰਟਲ ਉਪਰ ਅਪਲੋਡ ਕੀਤੇ ਜਾਂਦੇ ਹਨ ਅਤੇ ਕਿਸੇ ਵੀ ਜ਼ਿਲ੍ਹੇ ਵਿੱਚ ਅਜਿਹੇ ਅੰਕੜੇ ਦਬਾਏ ਨਹੀਂ ਜਾਂਦੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਅੱਗੋਂ ਵੀ ਸਹੀ ਅੰਕੜੇ ਲੋਕਾਂ ਸਾਹਮਣੇ ਲਿਆਂਦੇ ਜਾਣ।

ਗਰਭਵਤੀ ਪਾਜੇਟਿਵ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਟੈਸਟ, ਟਰੇਸਿੰਗ ਅਤੇ ਮੋਨੀਟਰਿੰਗ ਬਾਬਤ ਮੁੱਖ ਸਕੱਤਰ ਨੂੰ ਦੱਸਿਆ ਗਿਆ ਕਿ ਪਿੰਡਾਂ ਵਿਚ ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ ਅਤੇ ਕਮਿਊਨਿਟੀ ਹੈਲਥ ਅਫਸਰਾਂ ਨੂੰ ਕਿਹਾ ਗਿਆ ਹੈ ਕਿ ਉਹ ਨਿੱਜੀ ਤੌਰ `ਤੇ ਅਜਿਹੇ ਮਰੀਜ਼ਾਂ ਨਾਲ ਸੰਪਰਕ ਕਰਨ। ਇਸੇ ਤਰ੍ਹਾਂ ਸ਼ਹਿਰਾਂ ਵਿਚ ਸਬੰਧਤ ਸਿਵਲ ਸਰਜਨ ਅਤੇ ਸੀਨੀਅਰ ਮੈਡੀਕਲ ਅਫਸਰ ਇਸ ਗੱਲ ਨੂੰ ਸੁਨਿਸ਼ਚਿਤ ਕਰ ਰਹੇ ਹਨ ਕਿ ਉਹ ਅਜਿਹੀਆਂ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਰਾਬਤਾ ਰੱਖਣ। ਇਸ ਤੋਂ ਇਲਾਵਾ ਸਿਹਤ ਵਿਭਾਗ ਪਹਿਲਾਂ ਹੀ ਅਜਿਹੇ ਮਰੀਜ਼ਾਂ ਲਈ ਟੈਲੀ ਮਸ਼ਵਰਾ ਸਹੂਲਤ ਮੁਹੱਈਆ ਕਰਵਾ ਰਿਹਾ ਹੈ।

ਮੁੱਖ ਸਕੱਤਰ ਨੇ 25 ਮਈ ਨੂੰ ਚੰਡੀਗੜ੍ਹ ਵਿਚ ਇਕ ਟੈਲੀ ਮਸ਼ਵਰਾ ਕਲੀਨਿਕ ਖੋਲ੍ਹਣ ਦਾ ਐਲਾਨ ਕੀਤਾ ਜਿਸ ਵਿਚ ਵੱਖ-ਵੱਖ ਖੇਤਰਾਂ ਦੇ ਪੰਜ ਡਾਕਟਰ ਗਰਭਵਤੀ ਔਰਤਾਂ ਨੂੰ ਕੋਵਿਡ ਇਲਾਜ ਸਬੰਧੀ ਮੁਫਤ ਆਨਲਾਈਨ ਮੈਡੀਕਲ ਸਲਾਹ ਦੇਣਗੇ।
ਮਿਸ਼ਨ ਫਤਿਹ 2.0 ਨੂੰ ਜ਼ੋਰਦਾਰ ਢੰਗ ਨਾਲ ਲਾਗੂ ਕਰਨ ਦੇ ਮੰਤਵ ਨਾਲ ਮੁੱਖ ਸਕੱਤਰ ਨੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਘਰ-ਘਰ ਜਾ ਕੇ ਟੈਸਟ ਕਰਨ ਅਤੇ ਪ੍ਰੋਟੋਕੋਲ ਅਨੁਸਾਰ ਇਲਾਜ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਗੈਰ ਸਰਕਾਰੀ ਸੰਸਥਾਵਾਂ, ਵਾਲੰਟੀਅਰਾਂ ਅਤੇ ਹੋਰਨਾਂ ਦੇ ਸਹਿਯੋਗ ਨਾਲ ਸਥਾਨਕ ਪੱਧਰ `ਤੇ ਪਿੰਡਾਂ ਅਤੇ ਕਸਬਿਆਂ ਵਿਚ ਕੋਵਿਡ ਕੇਅਰ ਸੈਂਟਰ (ਐਲ-1) ਸਥਾਪਤ ਕੀਤੇ ਜਾਣ।

ਮੀਟਿੰਗ ਦੌਰਾਨ ਵੇਰਵੇ ਦਿੰਦਿਆਂ ਪ੍ਰਮੁੱਖ ਸਕੱਤਰ ਸਿਹਤ ਸ੍ਰੀ ਹੁਸਨ ਲਾਲ ਨੇ ਦੱਸਿਆ ਕਿ ਹੁਣ ਤੱਕ ਕੁੱਲ 4,95689 ਲੋਕਾਂ ਦੇ ਕੋਵਿਡ ਦੀ ਜਾਂਚ ਲਈ ਨਮੂਨੇ ਲਏ ਗਏ ਜਿਨ੍ਹਾਂ ਵਿੱਚੋਂ ਸਿਰਫ਼ 45 ਹਜ਼ਾਰ 246 ਪਾਜ਼ੇਟਿਵ ਪਾਏ ਗਏ। ਇਸ ਤਰ੍ਹਾਂ ਰਾਜ ਦੀ ਇਹ ਪਾਜ਼ੀਟੀਵਿਟੀ ਦਰ ਸਿਰਫ 9.1 ਫੀਸਦ ਬਣਦੀ ਹੈ।
ਪ੍ਰਾਪਤ ਅੰਕੜਿਆਂ ਅਨੁਸਾਰ 15 ਮਈ ਤੋਂ 21 ਮਈ ਤੱਕ ਦੇ ਹਫ਼ਤੇ ਦੌਰਾਨ ਕੁੱਲ 1413 ਮੌਤਾਂ ਹੋਈਆਂ ਜੋ ਕਿ 3.1 ਫੀਸਦ ਹੈ।

ਹੁਸਨ ਲਾਲ ਨੇ ਇਹ ਵੀ ਦੱਸਿਆ ਕਿ ਰਾਜ ਵਿਚ ਲੈਵਲ ਦੋ ਅਤੇ ਲੈਵਲ ਤਿੰਨ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮਰੀਜ਼ਾਂ ਲਈ ਬਿਸਤਰਿਆਂ ਦੀ ਵੀ ਕੋਈ ਘਾਟ ਨਹੀਂ ਹੈ। ਇਸ ਤੋਂ ਇਲਾਵਾ ਜੂਨ ਮਹੀਨੇ ਲੋੜੀਂਦੇ ਉਮਰ ਵਰਗਾਂ ਤੇ ਤਰਜੀਹੀ ਵਿਅਕਤੀਆਂ ਦੀ ਵੈਕਸੀਨੇਸ਼ਨ ਲਈ ਭਾਰਤ ਸਰਕਾਰ ਤੋਂ ਕੋਵੀਸ਼ੀਲਡ ਅਤੇ ਕੋਵੈਕਸੀਨ ਦਾ ਕੋਟਾ ਵੀ ਲੋੜੀਂਦੀ ਮਾਤਰਾ ਵਿਚ ਪ੍ਰਾਪਤ ਹੋ ਜਾਵੇਗਾ। ਉਨ੍ਹਾਂ ਸਮੂਹ ਸਿਹਤ ਅਧਿਕਾਰੀਆਂ ਨੂੰ ਕੋਵਿਨ ਅਤੇ ਕੋਵਾ ਐਪ ਉੱਪਰ ਵੈਕਸੀਨੇਸ਼ਨ ਦੇ ਅੰਕੜੇ ਤੁਰੰਤ ਪ੍ਰਭਾਵ ਨਾਲ ਅਪਲੋਡ ਕਰਨ ਲਈ ਆਖਿਆ ਅਤੇ ਵੈਕਸੀਨ ਦੀ ਵੇਸਟੇਜ ਇਕ ਫ਼ੀਸਦ ਤੋਂ ਵੀ ਘੱਟ ਕਰਨ ਲਈ ਆਦੇਸ਼ ਵੀ ਦਿੱਤੇ।

ਕੋਵਿਡ ਗਾਈਡਲਾਈਨਜ਼ ਦੀ ਸਹੀ ਤਰੀਕੇ ਨਾਲ ਪਾਲਣਾ ਕਰਾਉਣ ਸਬੰਧੀ ਜਾਣੂ ਕਰਾਉਂਦਿਆਂ ਡੀਜੀਪੀ ਸ੍ਰੀ ਦਿਨਕਰ ਗੁਪਤਾ ਨੇ ਦੱਸਿਆ ਕਿ ਮਾਰਚ ਮਹੀਨੇ ਤੋਂ ਲੈ ਕੇ ਹੁਣ ਤੱਕ ਕਰੀਬ 25 ਲੱਖ ਲੋਕਾਂ ਵਿਰੁੱਧ ਮਾਸਕ ਨਾ ਪਾਉਣ ਬਾਰੇ ਉਲੰਘਣਾ ਕਰਨ ਦੀ ਕਾਰਵਾਈ ਕੀਤੀ ਗਈ ਹੈ ਅਤੇ 1 ਲੱਖ 30 ਹਜਾਰ ਲੋਕਾਂ ਦੇ ਚਲਾਨ ਕਰਕੇ ਹੀ ਕਰੀਬ 12 ਕਰੋੜ ਰੁਪਏ ਦੇ ਜੁਰਮਾਨੇ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਲਾਕਡਾਊਨ ਦੀ ਉਲੰਘਣਾ ਕਰਨ ਵਿਰੁੱਧ 4300 ਮੁਕੱਦਮੇ ਦਰਜ ਕੀਤੇ ਗਏ ਹਨ ਅਤੇ 5,000 ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਕੋਵਿਡ ਦੀ ਬਿਮਾਰੀ ਫੈਲਣ ਤੋਂ ਰੋਕਣ ਲਈ ਰਾਜ ਦੇ ਲਗਪਗ 60 ਫ਼ੀਸਦ ਪਿੰਡਾਂ ਵਿੱਚ ਰਾਤ ਨੂੰ ਠੀਕਰੀ ਪਹਿਰੇ ਲੱਗ ਰਹੇ ਹਨ।

ਕੋਵਿਡ ਤੋਂ ਬਚਾਓ ਲਈ ਵੱਧ ਤੋਂ ਵੱਧ ਵੈਕਸੀਨੇਸ਼ਨ ਕਰਨ ਉਪਰ ਜ਼ੋਰ ਦਿੰਦਿਆਂ ਮੁੱਖ ਸਕੱਤਰ ਨੇ ਰਾਜ ਵਿੱਚ ਦਿਨ-ਬ-ਦਿਨ ਮੌਤਾਂ ਦਾ ਅੰਕੜਾ ਘਟਣ ਅਤੇ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਘਟਣ ਉਤੇ ਤਸੱਲੀ ਪ੍ਰਗਟ ਕਰਦਿਆਂ ਆਖਿਆ ਕਿ ਪਹਿਲਾਂ ਨਾਲੋਂ ਸੀਐਫਆਰ ਦਰ ਵਿੱਚ ਵੀ ਵਾਧਾ ਹੋਇਆ ਹੈ। ਉਨ੍ਹਾਂ ਸਮੂਹ ਡਿਪਟੀ ਕਮਿਸ਼ਨਰਾਂ ਅਤੇ ਸਿਹਤ ਅਧਿਕਾਰੀਆਂ ਨੂੰ ਆਖਿਆ ਕਿ ਉਹ ਕੋਵਿਡ ਤੋਂ ਰੋਕਥਾਮ ਲਈ ਜਾਰੀ ਪ੍ਰੋਟੋਕੋਲ ਉਪਰ ਜ਼ੋਰ ਦਿੰਦਿਆਂ ਪਾਜ਼ਿਟਿਵਿਟੀ ਦਰ ਨੂੰ ਦਸ ਫ਼ੀਸਦ ਤੋਂ ਵੀ ਘੱਟ ਕਰਦੇ ਹੋਏ 5 ਫੀਸਦ ਤੇ ਲਿਆਂਦਾ ਜਾਵੇ।

ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਸ੍ਰੀ ਅਜੋਏ ਸ਼ਰਮਾ ਨੇ ਮੀਟਿੰਗ ਵਿੱਚ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨ ਜਾਰੀ ਕੀਤਾ ਵ੍ਹੱਟਸਐਪ ਚੈਟਬੋਟ ਸਫ਼ਲਤਾਪੂਰਬਕ ਚੱਲ ਰਿਹਾ ਹੈ ਅਤੇ ਹੁਣ ਤੱਕ 3,900 ਤੋਂ ਵੱਧ ਲੋਕਾਂ ਨੇ ਵੱਖ ਵੱਖ ਤਰ੍ਹਾਂ ਨਾਲ ਇਸ ਦਾ ਫ਼ਾਇਦਾ ਵੀ ਉਠਾਇਆ ਹੈ ਅਤੇ ਆਪਣੀਆਂ ਸ਼ਿਕਾਇਤਾਂ ਵੀ ਦਰਜ ਕੀਤੀਆਂ ਹਨ।

ਆਕਸੀਜਨ ਕੰਟਰੋਲ ਰੂਮ ਦੇ ਇੰਚਾਰਜ ਸ੍ਰੀ ਰਾਹੁਲ ਤਿਵਾੜੀ ਨੇ ਦੱਸਿਆ ਕਿ ਰਾਜ ਵਿਚ ਮੈਡੀਕਲ ਆਕਸੀਜਨ ਦੀ ਇਸ ਵੇਲੇ ਕੋਈ ਕਮੀ ਨਹੀਂ ਹੈ। ਉਨ੍ਹਾਂ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਆਖਿਆ ਕਿ ਉਹ ਜ਼ਿਲ੍ਹੇ ਵਿਚ ਹਸਪਤਾਲਾਂ ਨੂੰ ਆਕਸੀਜਨ ਦੀ ਢੁੱਕਵੀਂ ਲੋੜ ਬਾਰੇ ਅਗਲੇ 4 ਦਿਨਾਂ ਦੌਰਾਨ ਲਿਖਤੀ ਜਾਣਕਾਰੀ ਭੇਜਣ ਤਾਂ ਜੋ ਭਵਿੱਖ ਦੀ ਲੋੜ ਮੁਤਾਬਕ ਸਹੀ ਪ੍ਰਬੰਧ ਜੁਟਾਏ ਜਾ ਸਕਣ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਦੇ ਨਹੀਂ ਕਿਹਾ ਕਿ ਪੰਜਾਬ ਦੇ ਪਿੰਡਾਂ ਵਿਚ ਕੋਰੋਨਾ ਦੇ ਫੈਲਾਅ ਦਾ ਕਾਰਨ ਦਿੱਲੀ ਬਾਰਡਰ ਉੱਤੇ ਚੱਲ ਰਿਹਾ ਕਿਸਾਨ ਅੰਦੋਲਨ ਹੈ – ਤ੍ਰਿਪਤ ਬਾਜਵਾ

ਰੰਧਾਵਾ ਨੇ ਅਕਾਲੀਆਂ ਨੂੰ ਉਨ੍ਹਾਂ ‘ਤੇ ਉਂਗਲ ਉਠਾਉਣ ਤੋਂ ਪਹਿਲਾਂ ਆਪਣੇ ਕੀਤੇ ਗੁਨਾਹਾਂ ਦੀ ਪੜਤਾਲ ਕਰਵਾਉਣ ਲਈ ਵੰਗਾਰਿਆ