ਮਲੇਰਕੋਟਲਾ 18 ਫਰਵਰੀ 2021 – ਕਿਸਾਨ ਘੋਲ ਦੇ ਮੁਲਕ-ਵਿਆਪੀ ਉਭਾਰ ਨੂੰ ਮਾਤ ਦੇਣ ਲਈ ਕੇਂਦਰ ਸਰਕਾਰ ਵੱਲੋਂ ਵਰਤੇ ਜਾ ਰਹੇ ਫਾਸ਼ੀ ਹੱਥਕੰਡਿਆਂ, ਜਾਬਰ ਤੇ ਸਾਜਿਸ਼ੀ ਕਦਮਾਂ ਦਾ ਭਾਂਡਾ ਭੰਨਣ ਅਤੇ ਬੀ. ਜੇ. ਪੀ. ਹਕੂਮਤ ਦੇ ਫਿਰਕੂ ਕੌਮ-ਹੰਕਾਰ ਦੇ ਪੱਤੇ ਨੂੰ ਬੇਨਕਾਬ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ 21ਫਰਵਰੀ ਨੂੰ ਬਰਨਾਲਾ ਵਿਖੇ ਕੀਤੀ ਜਾ ਰਹੀ ਕਿਸਾਨ ਮਜ਼ਦੂਰ ਏਕਤਾ ਮਹਾਂ-ਰੈਲੀ ਦੀ ਤਿਆਰੀ ‘ਚ ਅੱਜ ਹਜ਼ਾਰਾਂ ਮਲੇਰਕੋਟਲਾ ਵਾਸੀਆਂ ਅਤੇ ਕਿਸਾਨਾਂ ਮਜ਼ਦੂਰਾਂ ਵੱਲੋਂ ਮਲੇਰਕੋਟਲਾ ਦੇ ਬਜ਼ਾਰਾਂ ‘ਚ ਮੋਟਰਸਾਈਕਲ ਮਾਰਚ ਕੀਤਾ ਗਿਆ।
ਇਸ ਮਾਰਚ ਰਾਹੀਂ ਸ਼ਹਿਰ ਵਾਸੀਆਂ ਨੂੰ 21 ਫਰਵਰੀ ਨੂੰ ਬਰਨਾਲਾ ਵਿਖੇ ਕੀਤੀ ਜਾ ਰਹੀ ਮਹਾਂ ਰੈਲੀ ‘ਚ ਪਰਿਵਾਰਾਂ ਸਮੇਤ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ, ਜਿਸਦਾ ਸ਼ਹਿਰ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਭਰਿਆ ਗਿਆ। ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿੱਚ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਲਿਆਂਦੇ ਖੇਤੀ ਕਾਨੂੰਨ ਕਿਸਾਨਾਂ ਤੇ ਖੇਤ ਮਜ਼ਦੂਰਾਂ ਤੋਂ ਇਲਾਵਾ ਦੁਕਾਨਦਾਰਾਂ ਤੇ ਛੋਟੇ ਕਾਰੋਬਾਰੀਆਂ ਸਮੇਤ ਸਮੂਹ ਲੋਕਾਂ ਦੀ ਜ਼ਿੰਦਗੀ ਚ ਭਿਆਨਕ ਤਬਾਹੀ ਲਿਆਉਣ ਵਾਲੇ ਹਨ। ਉਹਨਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ ਤੇ ਸਾਮਰਾਜੀ ਬਹੁਕੌਮੀ ਕੰਪਨੀਆਂ ਦੇ ਸੁਪਰ ਮੁਨਾਫਿਆਂ ਦੀ ਗਰੰਟੀ ਲਈ ਹੀ ਖੇਤੀ ਕਾਨੂੰਨ ਲਿਆਂਦੇ ਗਏ ਹਨ ਜਿਹੜੇ ਦੇਸ਼ ਅੰਦਰ ਬੇਰੁਜ਼ਗਾਰੀ, ਗ਼ਰੀਬੀ, ਮਹਿੰਗਾਈ ਤੇ ਕਾਲਾਬਜ਼ਾਰੀ ਵਰਗੀਆਂ ਅਲਾਮਤਾਂ ਹੋਰ ਜ਼ਿਆਦਾ ਵਧਾਉਣਗੇ।
ਉਹਨਾਂ ਕਿਹਾ ਕਿ ਕਿਸਾਨ ਘੋਲ਼ ਨੂੰ ਫੇਲ੍ਹ ਕਰਨ ਲਈ ਮੋਦੀ ਸਰਕਾਰ ਤੇ ਆਰ ਐਸ ਐਸ ਵੱਲੋਂ ਕਿਸਾਨਾਂ ਉੱਤੇ ਦੇਸ਼-ਧ੍ਰੋਹੀ ਵਰਗੇ ਇਲਜ਼ਾਮ ਲਾਏ ਜਾ ਰਹੇ ਹਨ ਜਦੋਂ ਕਿ ਇਹ ਸਰਕਾਰ ਖੁਦ ਖੇਤੀ ਖੇਤਰ ਸਮੇਤ ਬਿਜਲੀ, ਰੇਲਵੇ ਤੇ ਹਵਾਬਾਜ਼ੀ ਵਰਗੇ ਖੇਤਰਾਂ ਨੂੰ ਅਡਾਨੀਆਂ ,ਅੰਬਾਨੀਆਂ ਤੇ ਸਾਮਰਾਜੀ ਕੰਪਨੀਆਂ ਕੋਲ ਕੌਡੀਆਂ ਦੇ ਭਾਅ ਵੇਚਕੇ ਦੇਸ਼ ਨਾਲ਼ ਧ੍ਰੋਹ ਕਮਾ ਰਹੀ ਹੈ। ਉਹਨਾਂ ਕਿਹਾ ਕਿ 21 ਫਰਵਰੀ ਦੀ ਬਰਨਾਲਾ ਮਹਾਂ ਰੈਲੀ ਦੌਰਾਨ ਮੋਦੀ ਹਕੂਮਤ ਵੱਲੋਂ ਨਕਲੀ ਦੇਸ਼ ਭਗਤੀ ਉਹਲੇ ’ਚ ਲਾਗੂ ਕੀਤੀ ਜਾ ਰਹੀ ਕਾਰਪੋਰੇਟ ਭਗਤੀ ਅਤੇ ਸਾਮਰਾਜ ਭਗਤੀ ਦਾ ਪਰਦਾਫਾਸ਼ ਕੀਤਾ ਜਾਵੇਗਾ।ਇਸ ਮੌਕੇ ਮੁਸਲਿਮ ਭਾਈਚਾਰੇ ਦੇ ਆਗੂ ਡਾਕਟਰ ਇਰਸ਼ਾਦ ਤੇ ਇਸ਼ਤਾਕ ਰਸੀਦ ਨੇ ਮਲੇਰਕੋਟਲਾ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ 21ਫਰਵਰੀ ਨੂੰ ਘਰਾਂ ਨੂੰ ਜਿੰਦਰੇ ਲਾਕੇ ਪਰਿਵਾਰਾਂ ਸਮੇਤ ਬਰਨਾਲਾ ਦੀ ਕਿਸਾਨ ਮਜ਼ਦੂਰ ਏਕਤਾ ਮਹਾਂ ਰੈਲੀ ‘ਚ ਉਸੇ ਤਰ੍ਹਾਂ ਵਹੀਰਾਂ ਘੱਤ ਕੇ ਪਹੁੰਚਣ ਜਿਸ ਤਰ੍ਹਾਂ ਉਹ ਪਿਛਲੇ ਵਰ੍ਹੇ ਐਨ ਆਰ ਸੀ ਤੇ ਸੀ ਏ ਏ ਦੇ ਖਿਲਾਫ ਮਲੇਰਕੋਟਲਾ ਵਿਖੇ ਕੀਤੀ ਰੈਲੀ ‘ਚ ਪਹੁੰਚੇ ਸਨ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਨਿਰਮਲ ਸਿੰਘ ਅਲੀਪੁਰ ਨੇ ਮਾਰਚ ਤੋਂ ਪਹਿਲਾਂ ਦਾਣਾ ਮੰਡੀ ਚ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਘੋਲ ਦੇ ਪਲੇਟਫਾਰਮ ਨੂੰ ਧਰਮ-ਨਿਰਲੇਪ ਅਤੇ ਪਾਰਟੀ ਰਹਿਤ ਖਾਸਾ ਬਣਾਈ ਰੱਖਣ ਦੇ ਮਹੱਤਵ ਉਤੇ ਜ਼ੋਰ ਦਿੱਤਾ। ਇਸ ਮੌਕੇ ਕਿਸਾਨ ਆਗੂ ਕੁਲਵਿੰਦਰ ਸਿੰਘ ਭੂਦਣ, ਮੇਜ਼ਰ ਸਿੰਘ ਕਲੇਰਾਂ ਤੇ ਗੁਰਪ੍ਰੀਤ ਸਿੰਘ ਹਥਨ ਨੇ 18ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਮੁਲਕ ਭਰ ਵਿੱਚ ਕੀਤੇ ਜਾ ਰਹੇ ਰੇਲ ਜਾਮ ਨੂੰ ਸਫ਼ਲ ਬਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਕਿਸਾਨ ਆਗੂ ਨਾਹਰ ਸਿੰਘ ਹਥਨ ,ਕਿ੍ਸ਼ਨ ਕੁਠਾਲਾ, ਕੁਲਜੀਤ ਸਿੰਘ ਤੇ ਨਰਿੰਦਰ ਸਿੰਘ ਤੋਂ ਇਲਾਵਾ ਮੁਸਲਮ ਭਾਈਚਾਰੇ ਦੇ ਆਗੂ ਕਰਮਦੀਨ ਤੇ ਸਾਬਕਾ ਪ੍ਰਿੰਸੀਪਲ ਮਹੁੰਮਦ ਅਸਰਾਰ ਸਮੇਤ ਹੋਰ ਵੀ ਕਈ ਆਗੂ ਮੌਜੂਦ ਸਨ।