ਚੰਡੀਗੜ੍ਹ, 4 ਮਾਰਚ 2021 – ਮੌਸਮ ਵਿਭਾਗ ਵੱਲੋਂ ਆਉਣ ਵਾਲੇ ਕੁੱਝ ਦਿਨਾਂ ਦੌਰਾਨ ਪੰਜਾਬ ‘ਚ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਅਤੇ ਨਾਲ ਹੀ ਕਿਹਾ ਗਿਆ ਹੈ ਕਿ ਪੰਜਾਬ ਵਿਚ ਮਾਰਚ ਅਤੇ ਅਪਰੈਲ ਦੇ ਮਹੀਨੇ ਤਾਪਮਾਨ ਗਰਮ ਰਹੇਗਾ। ਮੌਸਮ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ 7 ਮਾਰਚ ਪੰਜਾਬ ਦੇ ਕੁੱਝ ਹਿੱਸਿਆਂ ‘ਚ ਮੀਂਹ ਪੈ ਸਕਦਾ ਹੈ ਅਤੇ ਲੋਕਾਂ ਨੂੰ ਵਧ ਰਹੀ ਗਰਮੀ ਤੋਂ ਥੋੜ੍ਹੀ ਰਾਹਤ ਮਿਲ ਸਕਦੀ ਹੈ।
ਮੌਸਮ ਵਿਭਾਗ ਅਨੁਸਾਰ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਰੂਪਨਗਰ, ਫਤਹਿਗੜ੍ਹ ਸਾਹਿਬ, ਚੰਡੀਗੜ੍ਹ, ਸਮੇਤ ਪੰਚਕੂਲਾ ‘ਚ ਵੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਜਦਕਿ ਬਾਕੀ ਥਾਂਵਾਂ ‘ਤੇ ਬੱਦਲਵਾਈ ਦੀ ਸੰਭਾਵਨਾ ਹੈ।
ਉਧਰ ਮੌਸਮ ਵਿਭਾਗ ਦੀ ਮਨੀਏ ਤਾਂ ਪੱਛਮੀ ਹਿਮਾਲਿਆਈ ਖੇਤਰ ਵਿੱਚ ਇੱਕ ਹੋਰ ਪੱਛਮੀ ਗੜਬੜੀ ਹੋ ਰਹੀ ਹੈ। ਇਹ 5 ਮਾਰਚ ਤੋਂ ਅਸਰ ਪਾਉਣਾ ਸ਼ੁਰੂ ਕਰੇਗੀ। ਇਸ ਦੇ ਪ੍ਰਭਾਵ ਕਰਕੇ ਇਸ ਖੇਤਰ ਵਿੱਚ 6 ਤੋਂ 8 ਮਾਰਚ ਤੱਕ ਭਾਰੀ ਬਾਰਸ਼ ਅਤੇ ਬਰਫਬਾਰੀ ਹੋ ਸਕਦੀ ਹੈ।