… ਹੋਰਨਾਂ ਸੂਬਿਆਂ ਤੋਂ ਕਣਕ ਦੀ ਪੰਜਾਬ ਵੱਲ ਤਸਕਰੀ ਦੇ ਗੋਰਖ ਧੰਦੇ ਵਿੱਚ ਕਾਂਗਰਸ ਪਾਰਟੀ ਦੇ ਆਗੂ ਸ਼ਾਮਲ
… ਕਿਸਾਨ ਕੇਂਦਰ ਦੇ ਕਾਲੇ ਕਾਨੂੰਨਾਂ ਨਾਲ ਨਾਲ ਪੰਜਾਬ ਸਰਕਾਰ ਵਿਰੁੱਧ ਵੀ ਸੜਕਾਂ ‘ਤੇ ਧਰਨੇ ਲਾਉਣ ਲਈ ਮਜ਼ਬੂਰ ਹੋਏ
… ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਤੁਰੰਤ ਕੈਬਨਿਟ ਤੋਂ ਬਾਹਰ ਕਰਨ
ਚੰਡੀਗੜ੍ਹ, 23 ਅਪ੍ਰੈਲ 2021 – ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਮੰਡੀਆਂ ਵਿੱਚੋਂ ਕਣਕ ਦੀ ਚੁਕਾਈ ਅਤੇ ਹੋਰਨਾਂ ਰਾਜਾਂ ਤੋਂ ਕਣਕ ਦੀ ਤਸਕਰੀ ਰੋਕਣ ਵਿੱਚ ਅਸਫ਼ਲ ਹੋਏ ਸੂਬੇ ਦੇ ਸਿਵਲ ਸਪਲਾਈ ਤੇ ਖ਼ੁਰਾਕ ਮੰਤਰੀ ਭਾਰਤ ਭੂਸ਼ਨ ਆਸ਼ੂ ਤੁਰੰਤ ਅਸਤੀਫ਼ਾ ਦੇਣ ਦੀ ਮੰਗ ਕੀਤੀ ਹੈ। ਇਹ ਮੰਗ ਕਰਦਿਆਂ ਆਪ ਦੇ ਕਿਸਾਨ ਵਿੰਗ ਦੇ ਸੂਬਾਈ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਦੋਸ਼ ਲਾਇਆ ਕਿ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਆਪਣੀਆਂ ਵਿਭਾਗ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਅਸਫ਼ਲ ਹੋਏ ਹਨ, ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਅਸਫ਼ਲ ਸਿੱਧ ਹੋਏ ਵਿਅਕਤੀ ਨੂੰ ਮੰਤਰੀ ਦੇ ਅਹੁਤੋਂ ਬਰਖ਼ਾਸਤ ਕੀਤਾ ਜਾਵੇ।
ਪਾਰਟੀ ਦੇ ਮੁੱਖ ਦਫ਼ਤਰ ਤੋਂ ਬਿਆਨ ਜਾਰੀ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਦੁਨੀਆਂ ਜਾਣਦੀ ਹੈ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਛੇ ਮਹੀਨਿਆਂ ਬਾਅਦ ਸੂਬੇ ਦੀਆਂ ਮੰਡੀਆਂ ਵਿੱਚ ਕਿਸਾਨ ਆਪਣੀਆਂ ਫ਼ਸਲਾਂ ਵੇਚਣ ਲਈ ਆਉਂਦੇ ਹਨ। ਮੰਡੀਆਂ ਵਿੱਚ ਆਈ ਫ਼ਸਲ ਦੀ ਸਮੇਂ ਸਿਰ ਅਤੇ ਸੁਚੱਜੇ ਢੰਗ ਨਾਲ ਖ਼ਰੀਦ ਤੇ ਅਦਾਇਗੀ ਦਾ ਪ੍ਰਬੰਧ ਕਰਨਾ ਪੰਜਾਬ ਦੇ ਸਿਵਲ ਸਪਲਾਈ ਤੇ ਖ਼ੁਰਾਕ ਵਿਭਾਗ ਦੀ ਜ਼ਿੰਮੇਵਾਰੀ ਹੈ। ਵਿਧਾਇਕ ਸੰਧਵਾਂ ਨੇ ਕਿਹਾ ਕਿ ਸੂਬੇ ਦੀਆਂ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਸ਼ੁਰੂ ਹੋਣ ਤੋਂ ਅਜੇ ਕਰੀਬ 50 ਫੀਸ਼ਦੀ ਫ਼ਸਲ ਹੀ ਮੰਡੀਆਂ ਵਿੱਚ ਪਹੁੰਚੀ ਹੈ, ਜਿਸ ਵਿੱਚ ਕਰੀਬ 60 ਫ਼ੀਸਦੀ ਫ਼ਸਲ ਮੰਡੀਆਂ ਵਿੱਚ ਹੀ ਪਈ ਹੈ, ਕਿਉਂਕਿ ਇੱਕ ਤਾਂ ਮੰਡੀਆਂ ਵਿੱਚ ਕਣਕ ਦੀ ਭਰਾਈ ਲਈ ਬਾਰਦਾਨਾ ਹੀ ਨਹੀਂ ਪਹੁੰਚ ਰਿਹਾ, ਦੂਜਾ ਜਿਹੜੀ ਕਣਕ ਖ਼ਰੀਦੀ ਗਈ ਉਸ ਦੀ ਚੁਕਾਈ ਨਹੀਂ ਹੋ ਰਹੀ ਹੈ।
ਜਿਸ ਕਾਰਨ ਸੂਬੇ ਦੀਆਂ ਮੰਡੀਆਂ ਵਿੱਚ ਕਣਕ ਦੇ ਅੰਬਾਰ ਲੱਗੇ ਹੋਏ ਹਨ ਅਤੇ ਕਣਕ ਦੀ ਆਮਦ ਤੇ ਤੁਲਾਈ ਦਾ ਕੰਮ ਬੰਦ ਹੋ ਕੇ ਰਹਿ ਗਿਆ ਹੈ। ਉਨਾਂ ਦੋਸ਼ ਲਾਇਆ ਕਿ ਬਾਰਦਾਨੇ ਦੀ ਘਾਟ ਵੀ ਕਾਂਗਰਸੀਆਂ ਫੈਕਟਰੀਆਂ ਤੋਂ ਥੈਲੇ ਖ਼ਰੀਦਣ ਦਾ ਹੀ ਨਾਟਕ ਪ੍ਰਤੀਤ ਹੋ ਰਿਹਾ ਹੈ। ਮੌਸਮ ਦੀ ਬੇਦਰਦੀ ਨੇ ਕਿਸਾਨਾਂ ਦੀਆਂ ਚਿੰਤਾਵਾਂ ‘ਚ ਹੋਰ ਵਾਧਾ ਕਰ ਦਿੱਤਾ ਹੈ। ਸੂਬੇ ਵਿੱਚ ਕਈ ਥਾਂਈ ਮੀਂਹ ਪੈਣ ਕਾਰਨ ਮੰਡੀਆਂ ਵਿੱਚ ਪਾਣੀ ਖੜ ਗਿਆ ਅਤੇ ਕਿਸਾਨਾਂ ਦੀ ਕਣਕ ਪਾਣੀ ਨਾਲ ਖ਼ਰਾਬ ਹੋ ਗਈ। ਉਨਾਂ ਕਿਹਾ ਕਿ ਸੂਬੇ ਦੇ ਮੰਤਰੀ ਦੀ ਜ਼ਿੰਮੇਵਾਰੀ ਸੀ ਕਿ ਉਹ ਕਣਕ ਦੀ ਆਮਦ ਤੋਂ ਪਹਿਲਾਂ ਮੰਡੀਆਂ ਵਿੱਚ ਲੋੜੀਂਦਾ ਬਾਰਦਾਨਾ ਅਤੇ ਹੋਰ ਸਹੂਲਤਾਂ ਦਾ ਪ੍ਰਬੰਧ ਕਰਦੇ, ਜੋ ਉਨਾਂ ਨਹੀਂ ਕੀਤਾ।
ਕੁਲਤਾਰ ਸਿੰਘ ਸੰਧਵਾਂ ਨੇ ਦੋਸ਼ ਲਾਇਆ ਕਿ ਹੋਰਨਾਂ ਸੂਬਿਆਂ ਤੋਂ ਕਣਕ ਦੀ ਪੰਜਾਬ ਵੱਲ ਤਸਕਰੀ ਲਗਾਤਾਰ ਜਾਰੀ ਹੈ ਕਿਉਂਕਿ ਇਸ ਤਸਕਰੀ ਦੇ ਗੋਰਖ ਧੰਦੇ ਵਿੱਚ ਕਾਂਗਰਸ ਪਾਰਟੀ ਦੇ ਆਗੂ ਸ਼ਾਮਲ ਹਨ। ਪੰਜਾਬ ਸਰਕਾਰ ਦੇ ਕੀਤੇ ਹੁਕਮਾਂ ਦੇ ਬਾਵਜੂਦ ਹਰ ਰੋਜ ਕਣਕ ਭਰੇ ਟਰੱਕ ਪੰਜਾਬ ਵੱਲ ਆ ਰਹੇ ਹਨ, ਜਿਸ ਨਾਲ ਕਣਕ ਦੇ ਸਮੱਗਲਰ ਆਪਣੀਆਂ ਜੇਬਾਂ ਭਰ ਰਹੇ ਹਨ ਅਤੇ ਪੰਜਾਬ ਦੇ ਕਿਸਾਨਾਂ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ।
ਉਨਾਂ ਕਿਹਾ ਕਿ ਸੂਬੇ ਦੀਆਂ ਮੰਡੀਆਂ ਵਿੱਚ ਪ੍ਰੇਸ਼ਾਨੀਆਂ ਝੱਲ ਰਹੇ ਕਿਸਾਨ ਜਿਥੇ ਇੱਕ ਪਾਸੇ ਕੇਂਦਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਜੰਗ ਲੜ ਰਹੇ ਹਨ, ਉਥੇ ਉਹ ਪੰਜਾਬ ਸਰਕਾਰ ਵਿਰੁੱਧ ਵੀ ਸੜਕਾਂ ‘ਤੇ ਧਰਨੇ ਲਾਉਣ ਲਈ ਮਜ਼ਬੂਰ ਹੋਏ ਹਨ। ਅੱਜ ਆਲਮ ਇਹ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਕਿਸਾਨਾਂ ਨੂੰ ਸੜਕਾਂ ‘ਤੇ ਰੁਲ਼ਣ ਲਈ ਮਜ਼ਬੂਰ ਕਰ ਰਹੀਆਂ ਹਨ। ਸੰਧਵਾਂ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਰੁਲ਼ਣ ਲਈ ਮਜ਼ਬੂਰ ਕਰਨ ਵਾਲੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਤੁਰੰਤ ਕੈਬਨਿਟ ਤੋਂ ਬਾਹਰ ਕੀਤਾ ਜਾਵੇ।