… ਕਣਕ ਦੀ ਅਦਾਇਗੀ ਸਬੰਧੀ ਖ਼ਦਸ਼ਿਆਂ ਨੂੰ ਦੂਰ ਕਰਕੇ ਸਥਿਤੀ ਸਪੱਸ਼ਟ ਕਰੇ ਕੈਪਟਨ ਸਰਕਾਰ
… ਕਣਕ ਦੀ ਖਰੀਦ ਨੂੰ ਲੈ ਕੇ ਅਜੇ ਤੱਕ ਮੰਡੀਆਂ ਵਿਚ ਨਹੀਂ ਕੀਤਾ ਗਿਆ ਕੋਈ ਪ੍ਰਬੰਧ
ਚੰਡੀਗੜ੍ਹ, 4 ਅਪ੍ਰੈਲ 2021 – ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਹਾੜ੍ਹੀ ਦੀ ਫਸਲ ਦੇ ਖਰੀਦ ਨੂੰ ਲੈ ਕੇ ਸਰਕਾਰ ਵੱਲੋਂ ਮੰਡੀਆਂ ਵਿੱਚ ਕੋਈ ਪ੍ਰਬੰਧ ਨਾ ਕਰਨ ਨੂੰ ਲੈ ਕੇ ਆਲੋਚਨਾ ਕੀਤੀ ਗਈ ਹੈ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਵਿੱਚ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਵਿੱਚ 10 ਅਪ੍ਰੈਲ ਤੋਂ ਮੰਡੀਆਂ ਵਿੱਚ ਸ਼ੁਰੂ ਹੋ ਰਹੀ ਕਣਕ ਦੀ ਖਰੀਦ ਸਬੰਧੀ ਅਜੇ ਤੱਕ ਕੋਈ ਪ੍ਰਬੰਧ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਖਰੀਦ ਸ਼ੁਰੂ ਹੋਣ ਵਿੱਚ ਕੁਝ ਦਿਨ ਹੀ ਬਾਕੀ ਹਨ ਪਰ ਅਜੇ ਤੱਕ ਬਾਰਦਾਨਾ ਨਹੀਂ ਪਹੁੰਚਿਆ।
ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਰਲਕੇ ਕਿਸਾਨਾਂ ਦੇ ਨਾਲ ਖੇਡਾਂ ਖੇਡ ਰਹੀਆਂ ਹਨ। ਕਿਸਾਨਾਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਦੇ ਚਲਦਿਆਂ ਹੁਣ ਦੋਵੇਂ ਸਰਕਾਰਾਂ ਕਿਸਾਨਾਂ ਦੀ ਬਾਂਹ ਮਰੋੜਨ ਦਾ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅਜੇ ਤੱਕ ਸਰਕਾਰਾਂ ਨੇ ਕਣਕ ਦੀ ਅਦਾਇਗੀ ਨੂੰ ਲੈ ਕੇ ਹੀ ਚੱਕਰਾਂ ਵਿੱਚ ਪਾਇਆ ਹੋਇਆ ਹੈ। ਸਰਕਾਰ ਵੱਲੋਂ ਅੱਜ ਤੱਕ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਕਿਸਾਨਾਂ ਨੂੰ ਕਿਸ ਤਰ੍ਹਾਂ ਅਦਾਇਗੀ ਕੀਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਪੱਤਰ ਕਿ ਆੜਤੀਆਂ ਰਾਹੀਂ ਅਦਾਇਗੀ ਕੀਤੀ ਜਾਵੇਗੀ, ਪਰ ਅਜੇ ਵੀ ਇਸ ਉਤੇ ਆਪਣੀ ਪੂਰੀ ਤਰ੍ਹਾਂ ਸਪੱਸ਼ਟਤਾ ਨਹੀਂ ਦਿੱਤੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਹ ਸਪੱਸ਼ਟ ਕਰੇ ਕਿ ਉਹ ਹਾੜੀ ਦੀ ਫਸਲ ਲਈ ਕਿਸ ਤਰ੍ਹਾਂ ਕਿਸਾਨਾਂ ਨੂੰ ਅਦਾਇਗੀ ਕਰੇਗੀ। ਉਨ੍ਹਾਂ ਕਿਹਾ ਕਿ ਦੋਵੇਂ ਸਰਕਾਰਾਂ ਇਕ ਸਾਂਝੀ ਸਲਾਹ ਮੁਤਾਬਕ ਹੀ ਕਿਸਾਨਾਂ ਤੋਂ ਕਿਸੇ ਨਾ ਕਿਸੇ ਢੰਗ ਨਾਲ ਬਦਲਾ ਲੈਣ ਲਈ ਕੰਮ ਕਰ ਰਹੀਆਂ ਹਨ। ਇਸ ਬਦਲੇ ਦੀ ਭਾਵਨਾ ਦੇ ਚਲਦਿਆਂ ਹੀ ਕਿਸਾਨਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਵਿੱਚ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਮੋਦੀ ਸਰਕਾਰ ਦਾ ਸਾਥ ਛੱਡਕੇ ਕਿਸਾਨਾਂ ਨੂੰ ਖੱਜਲ ਖੁਆਰ ਕਰਨ ਦੀ ਬਜਾਏ ਕੈਪਟਨ ਅਮਰਿੰਦਰ ਸਿੰਘ ਖੇਤੀ ਪ੍ਰਧਾਨ ਸੂਬੇ ਦੇ ਮੁੱਖ ਮੰਤਰੀ ਹੁੰਦੇ ਹੋਏ ਆਪਣੇ ਕਿਸਾਨਾਂ ਦੀ ਬਾਂਹ ਫੜ੍ਹਨ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਖੜ੍ਹੀ ਹੋਈ ਹੈ, ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸਕਲ ਸਮੇਂ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜਕੇ ਖੜ੍ਹਦੀ ਆਈ ਹੈ ਅਤੇ ਅੱਗੇ ਤੋਂ ਵੀ ਖੜ੍ਹੇਗੀ। ਉਨ੍ਹਾਂ ਕਿਹਾ ਕਿ ਹਾੜੀ ਦੀ ਫਸਲ ਖਰੀਦ ਸਬੰਧੀ ਜੇਕਰ ਸਰਕਾਰਾਂ ਨਿਕਾਮੀਆਂ ਕਾਰਨ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਹੋਈ ਤਾਂ ਆਮ ਆਦਮੀ ਪਾਰਟੀ ਸਰਕਾਰ ਵਿਰੁੱਧ ਸੰਘਰਸ਼ ਕਰੇਗੀ।