ਕਿਸਾਨ ਅੰਦੋਲਨ ਤੋਂ ਘਬਰਾਈ ਮੋਦੀ ਸਰਕਾਰ ਨੇ ਨਨਕਾਣਾ ਸਾਹਿਬ ਲਈ ਜੱਥੇ ਨੂੰ ਪ੍ਰਵਾਨਗੀ ਨਾ ਦੇ ਕੇ ਆਪਣੀ ਫਿਰਕੂ ਸੋਚ ਪ੍ਰਗਟ ਕੀਤੀ – ਸੁਨੀਲ ਜਾਖੜ

  • ਸੂਬਾ ਕਾਂਗਰਸ ਪ੍ਰਧਾਨ ਵੱਲੋਂ ਲੋਕਲ ਬਾਡੀ ਚੋਣਾਂ ਵਿਚ ਅਹਿਮ ਭੁਮਿਕਾ ਨਿਭਾਉਣ ਵਾਲੀ ਸਟੇਟ ਸਿਲੈਕਸ਼ਨ ਕਮੇਟੀ ਅਤੇ ਚੋਣ ਆਬਜਰਵਰਾਂ ਨਾਲ ਬੈਠਕ

ਚੰਡੀਗੜ੍ਹ, 22 ਫਰਵਰੀ 2021 – ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਜਿੱਤ ਵਿਚ ਅਹਿਮ ਭੁਮਿਕਾ ਨਿਭਾਉਣ ਵਾਲੀ ਸਟੇਟ ਉਮੀਦਵਾਰ ਚੋਣ ਕਮੇਟੀ ਅਤੇ ਵੱਖ ਵੱਖ ਜ਼ਿਲਿਆਂ ਵਿਚ ਤਾਇਨਾਤ ਪਾਰਟੀ ਆਬਜਰਵਰਾਂ ਨਾਲ ਇਕ ਬੈਠਕ ਕਰਕੇ ਸੂਬਾ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਉਨਾਂ ਨੂੰ ਚੋਣਾਂ ਦੌਰਾਨ ਸਖ਼ਤ ਮਿਹਨਤ ਕਰਕੇ ਜਿੱਤ ਪ੍ਰਾਪਤ ਕਰਨ ਲਈ ਵਧਾਈ ਦਿੱਤੀ। ਇਸ ਮੌਕੇ ਕਾਂਗਰਸ ਦੇ ਸੂਬਾ ਇੰਜਾਰਜ ਸ੍ਰੀ ਹਰੀਸ਼ ਰਾਵਤ ਵੀ ਵਿਸੇਸ਼ ਤੌਰ ਤੇ ਹਾਜਰ ਹੋਏ ਜਿੰਨਾਂ ਨੇ ਇਸ ਜਿੱਤ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਪਾਰਟੀ ਕੇਡਰ ਨੂੰ ਹੋਰ ਮਿਹਨਤ ਨਾਲ ਅਗਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਆਰੰਭਨ ਲਈ ਕਿਹਾ।

ਇਸ ਮੌਕੇ ਆਪਣੇ ਸੰਬੋਧਨ ਵਿਚ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਸ੍ਰੀ ਲਾਲ ਸਿੰਘ ਦੀ ਅਗਵਾਈ ਵਾਲੀ ਸਟੇਟ ਸਿਲੈਕਸ਼ਨ ਕਮੇਟੀ ਵੱਲੋਂ ਚੰਗੇ ਉਮੀਦਵਾਰਾਂ ਦੀ ਚੋਣ ਅਤੇ ਆਬਜਰਵਰਾਂ ਵੱਲੋਂ ਬਰੀਕੀ ਨਾਲ ਚੋਣ ਮੁਹਿੰਮ ਨੂੰ ਚਲਾਉਣ ਦਾ ਹੀ ਨਤੀਜਾ ਹੈ ਕਿ ਪੰਜਾਬ ਦੇ ਲੋਕਾਂ ਨੇ ਪਾਰਟੀ ਵਿਚ ਵਿਸਵਾਸ਼ ਜਤਾਇਆ ਹੈ ਅਤੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ ਪਾਰਟੀ ਨੂੰ ਵੱਡਾ ਮਾਣ ਬਖ਼ਸਿਆ ਹੈ।

ਸੁਨੀਲ ਜਾਖੜ ਨੇ ਕਿਹਾ ਕਿ ਬੇਸ਼ਕ ਪਾਰਟੀ ਇਸ ਜਿੱਤ ਨਾਲ ਆਪਣੇ ਕੰਮ ਕਰਨ ਦੀ ਰਫ਼ਤਾਰ ਘੱਟ ਕਰਨ ਦੀ ਬਜਾਏ ਹੋਰ ਤੇਜ ਕਰੇਗੀ ਕਿਉਂਕਿ ਇਸ ਜਿੱਤ ਨਾਲ ਪਾਰਟੀ ਦੀ ਆਪਣੇ ਲੋਕਾਂ ਪ੍ਰਤੀ ਜਿੰਮੇਵਾਰੀ ਹੋਰ ਵੱਧ ਗਈ ਹੈ। ਉਨਾਂ ਨੇ ਕਿਹਾ ਕਿ ਹੁਣ ਪਾਰਟੀ ‘2022 ਲਈ ਕੈਪਟਨ’ ਦੇ ਨਾਅਰੇ ਨੂੰ ਸੱਚ ਕਰਨ ਲਈ ਪੰਜਾਬ ਸਰਕਾਰ ਦੀਆਂ ਸਕੀਮਾਂ, ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਘਰ ਘਰ ਤੱਕ ਲੈ ਕੇ ਜਾਵੇਗੀ। ਉਨਾਂ ਨੇ ਇਸ ਮੌਕੇ ਇਹ ਵੀ ਕਿਹਾ ਕਿ ਇੰਨਾਂ ਚੋਣਾਂ ਵਿਚ ਪਾਰਟੀ ਦੇ ਉਲਟ ਜਾ ਕੇ ਕੰਮ ਕਰਨ ਵਾਲਿਆਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।

ਸੂਬਾ ਕਾਂਗਰਸ ਪ੍ਰਧਾਨ ਨੇ ਇਸ ਮੌਕੇ ਵਿਰੋਧੀ ਪਾਰਟੀਆਂ ਦੀ ਗੱਲ ਕਰਦਿਆਂ ਕਿਹਾ ਕਿ ਉਨਾਂ ਵੱਲੋਂ ਅਤੀਤ ਵਿਚ ਨਿਭਾਈ ਪੰਜਾਬ ਵਿਰੋਧੀ ਭੁਮਿਕਾ ਕਾਰਨ ਹੀ ਉਨਾਂ ਨੂੰ ਮੂੰਹ ਦੀ ਖਾਣੀ ਪਈ ਹੈ। ਉਨਾਂ ਨੇ ਕਿਹਾ ਕਿ ਭਾਜਪਾ ਨੇ ਮਹਿੰਗਾਈ ਤੇ ਕਿਸਾਨੀ ਦੇ ਮੁੱਦੇ ਤੇ ਆਮ ਲੋਕਾਂ ਨੂੰ ਪੂਰੀ ਤਰਾਂ ਨਾਲ ਵਿਸਾਰ ਦਿੱਤਾ ਹੈ ਅਤੇ ਸਿਰਫ ਕਾਰਪੋਰੇਟਾਂ ਲਈ ਕੰਮ ਕਰ ਰਹੀ ਹੈ। ਇਸੇ ਤਰਾਂ ਆਪ ਪਾਰਟੀ ਜਿਸ ਕੋਲ ਨਾ ਤਾਂ ਕੋਈ ਆਗੂ ਹੈ ਅਤੇ ਨਾ ਹੀ ਪੰਜਾਬ ਲਈ ਕੋਈ ਨੀਤੀ ਹੈ ਅਤੇ ਇਹ ਪਾਰਟੀ ਪੰਜਾਬ ਵਿਚ ਭਾਜਪਾ ਦੀ ਬੀ ਟੀਮ ਵਜੋਂ ਹੀ ਵਿਚਰ ਰਹੀ ਹੈ।

ਅਕਾਲੀ ਦਲ ਦੀ ਗੱਲ ਕਰਦਿਆਂ ਉਨਾਂ ਨੇ ਕਿਹਾ ਕਿ ਇਸ ਪਾਰਟੀ ਦੀ 10 ਸਾਲ ਭਾਜਪਾ ਦੀ ਭਾਈਵਾਲੀ ਨਾਲ ਰਾਜ ਵਿਚ ਸਰਕਾਰ ਰਹੀ ਪਰ ਇਹ ਸਰਕਾਰ ਲੋਕਾਂ ਨਾਲੋਂ ਟੁੱਟੀ ਰਹੀ ਇਸੇ ਕਾਰਨ ਅੱਜ ਇਸ ਪਾਰਟੀ ਨਾਲੋਂ ਲੋਕ ਟੁੱਟ ਗਏ ਹਨ। ਉਨਾਂ ਨੇ ਕਿਹਾ ਕਿ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ, ਆਰਥਿਕ ਮੰਦੀ ਅਤੇ ਕੇਂਦਰ ਦੇ ਪੰਜਾਬ ਪ੍ਰਤੀ ਮਤਰੇਈ ਮਾਂ ਵਾਲੇ ਸਲੂਕ ਦੌਰਾਨ ਵੀ ਸੂਬੇ ਦੇ ਵਿਕਾਸ ਦੀ ਗਤੀ ਘੱਟਣ ਨਹੀਂ ਦਿੱਤੀ ਹੈ। ਉਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਜਾਣਦੇ ਹਨ ਕਿ ਇਸ ਮੁਸਕਿਲ ਦੌਰ ਵਿਚ ਕੈਪਟਨ ਅਮਰਿੰਦਰ ਸਿੰਘ ਵਰਗਾ ਸਮੱਰਥ ਆਗੂ ਹੀ ਰਾਜ ਨੂੰ ਸਹੀ ਅਗਵਾਈ ਦੇ ਸਕਦਾ ਹੈ ਇਸੇ ਲਈ ਉਨਾਂ ਨੇ ਕਾਂਗਰਸ ਦੇ ਹੱਕ ਵਿਚ ਫਤਵਾ ਦਿੱਤਾ ਹੈ।

ਇਸ ਮੌਕੇ ਸ੍ਰੀ ਸੁਨੀਲ ਜਾਖੜ ਨੇ ਕੇਂਦਰ ਸਰਕਾਰ ਦੇ ਅੜੀਅਲ ਰਵਈਏ ਦੀ ਗੱਲ ਕਰਦਿਆਂ ਕਿਹਾ ਕਿ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਕੇਂਦਰ ਸਰਕਾਰ ਨੇ ਨਨਕਾਣਾ ਸਾਹਿਬ ਜਾਣ ਲਈ ਸਿੱਖ ਜੱਥੇ ਨੂੰ ਆਗਿਆ ਨਾ ਦੇ ਕੇ ਆਪਣੀ ਫਿਰਕੂ ਸੋਚ ਦਾ ਹੀ ਪ੍ਰਗਟਾਵਾ ਕੀਤਾ ਹੈ। ਉਨਾਂ ਨੇ ਕਿਹਾ ਕਿ ਮੋਦੀ ਸਰਕਾਰ ਪੰਜਾਬ ਨੂੰ ਦਬਾਉਣ ਲਈ ਹਰ ਹੀਲਾ ਵਰਤ ਰਹੀ ਹੈ ਪਰ ਪੰਜਾਬ ਲੋਕਤਾਂਤਰਿਕ ਤਰੀਕੇ ਨਾਲ ਆਪਣਾ ਸੰਘਰਸ਼ ਜਾਰੀ ਰੱਖੇਗਾ।
ਇਸ ਮੌਕੇ ਸ੍ਰੀ ਲਾਲ ਸਿੰਘ ਚੇਅਰਮੈਨ ਪੰਜਾਬ ਮੰਡੀ ਬੋਰਡ, ਕੈਪਟਨ ਸੰਦੀਪ ਸੰਧੂ, ਯੂਥ ਕਾਂਗਰਸ ਪ੍ਰਧਾਨ ਸ੍ਰੀ ਬਰਿੰਦਰ ਸਿੰਘ ਢਿੱਲੋਂ ਆਦਿ ਵੀ ਹਾਜਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਪਟਨ ਵੱਲੋਂ ਸਮਾਰਟ ਸਿਟੀ ਤੇ ਅਮਰੁਤ ਸਕੀਮਾਂ ਤਹਿਤ 1087 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਵਰਚੁਅਲ ਤੌਰ ‘ਤੇ ਆਗਾਜ਼

‘ਆਪ’ ਦੇ ਸੂਬਾ ਆਗੂਆਂ ਨੇ ਪਾਰਟੀ ਦੇ ਅਹੁਦੇਦਾਰਾਂ, ਆਗੂਆਂ ਅਤੇ ਐਮਸੀ ਉਮੀਦਵਾਰਾਂ ਨਾਲ ਕੀਤੀ ਮੀਟਿੰਗ