ਲੁਧਿਆਣਾ, 15 ਜੂਨ 2021 – ਪੰਜਾਬ ਵਿੱਚ ਮੌਨਸੂਨ ਨੇ ਬੀਤੇ ਸਾਲਾਂ ਨਾਲੋਂ ਇਸ ਸਾਲ ਕਾਫੀ ਪਹਿਲਾਂ ਦਸਤਕ ਦੇ ਦਿੱਤੀ ਹੈ। ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ ਮੌਨਸੂਨ ਅੰਮ੍ਰਿਤਸਰ ਤੋਂ ਦਾਖ਼ਲ ਹੋ ਚੁੱਕਾ ਹੈ ਅਤੇ 20 ਸਾਲ ਬਾਅਦ ਅਜਿਹਾ ਹੋਇਆ ਹੈ ਕਿ 18 ਦਿਨ ਪਹਿਲਾਂ ਹੀ ਮੌਨਸੂਨ ਆ ਗਿਆ ਹੋਵੇ। ਇਸ ਤੋਂ ਪਹਿਲਾਂ ਸਾਲ 2008 ਦੇਸ਼ ਵਿੱਚ ਮੌਨਸੂਨ 16 ਜੂਨ ਨੂੰ ਆ ਗਿਆ ਸੀ। ਪਰ ਇਸ ਸਾਲ 14 ਜੂਨ ਨੂੰ ਹੀ ਮੌਨਸੂਨ ਨੇ ਦਸਤਕ ਦਿੱਤੀ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਮੌਨਸੂਨ ਦੀ ਆਮਦ ਪਹਿਲਾਂ ਹੋਣੀ ਕੋਈ ਬਹੁਤੀ ਚੰਗੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਦੇ ਵਿੱਚ ਮੌਨਸੂਨ ਦਾ ਸਮਾਂ ਵਧਦਾ ਜਾ ਰਿਹਾ ਹੈ ਹਾਲਾਂਕਿ ਮੌਨਸੂਨ ਵੱਧ ਸਮਾਂ ਪੰਜਾਬ ‘ਚ ਰਹਿੰਦਾ ਹੈ। ਪਰ ਬਰਸਾਤ ਲੋੜ ਮੁਤਾਬਿਕ ਨਹੀਂ ਹੁੰਦੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ ਪ੍ਰਭਜੋਤ ਕੌਰ ਨੇ ਕਿਹਾ ਹੈ ਕਿ ਇਸ ਸਾਲ ਮੌਸਮ ਦੀ ਪਹਿਲੀ ਆਮਦ ਹੋਣ ਕਰਕੇ ਕਈ ਇਲਾਕਿਆਂ ਵਿਚ ਬਾਰਿਸ਼ ਪੈ ਰਹੀ ਹੈ। ਪਰ ਇਹ ਬਾਰਿਸ਼ ਪੂਰੇ ਪੰਜਾਬ ਦੇ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਆਉਂਦੇ ਦੋ ਦਿਨ ਤੱਕ ਇਕ ਵੈਸਟਰਨ ਡਿਸਟਰਬੈਂਸ ਵੀ ਆ ਰਹੀ ਹੈ। ਜਿਸ ਨਾਲ ਦੋਵਾਂ ਵਿਚਕਾਰ ਟਕਰਾਅ ਹੋਣ ਨਾਲ ਬਾਰਿਸ਼ ਪੈਣ ਦੀ ਚੰਗੀ ਸੰਭਾਵਨਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਮੌਨਸੂਨ ਦੇ ਵਿੱਚ ਜੋ ਵੱਡੀ ਤਬਦੀਲੀ ਆਈ ਹੈ ਉਸ ਦਾ ਅਸਰ ਹੁਣ ਵਿਖਾਈ ਦੇਣ ਲੱਗਾ ਹੈ।
ਉਨ੍ਹਾਂ ਕਿਹਾ ਕਿ ਬਾਰਿਸ ਕਿਸਾਨਾਂ ਲਈ ਲਾਹੇਵੰਦ ਹੈ। ਪਰ ਆਮ ਨਾਲੋਂ ਪੰਜਾਬ ਵਿੱਚ ਹੁਣ ਘੱਟ ਬਾਰਿਸ਼ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੌਨਸੂਨ ਦਾ ਸਮਾਂ ਵਧਦਾ ਜਾ ਰਿਹਾ ਹੈ ਜਿਸ ਕਰਕੇ ਪੰਜਾਬ ਦੇ ਵਿੱਚ ਮੌਨਸੂਨ ਦਾ ਜ਼ਿਆਦਾ ਸਮਾਂ ਠਹਿਰਦਾ ਹੈ। ਪਰ ਬਰਸਾਤ ਘੱਟ ਹੁੰਦੀ ਹੈ ਜਦੋਂ ਕਿ ਧਰਤੀ ਹੇਠਲੇ ਪਾਣੀ ਲਗਾਤਾਰ ਡੂੰਘੇ ਹੁੰਦੇ ਜਾ ਰਹੇ ਨੇ। ਜਿਨ੍ਹਾਂ ਨੂੰ ਬਰਸਾਤ ਦੀ ਬੇਹੱਦ ਜ਼ਰੂਰਤ ਹੈ ਡਾ ਪ੍ਰਭਜੋਤ ਨੇ ਕਿਹਾ ਕਿ ਮੌਨਸੂਨ ਇਸ ਸਾਲ ਬੀਤੇ ਸਾਲਾਂ ਨਾਲੋਂ ਕਾਫੀ ਪਹਿਲਾਂ ਹੀ ਆ ਗਿਆ ਹੈ।