ਨਵੀਂ ਦਿੱਲੀ, 12 ਦਸੰਬਰ 2020 – ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਕਾਰ ਜਲਦ ਹੀ ਮੁੜ ਤੋਂ ਗੱਲਬਾਤ ਲਈ ਮੀਟਿੰਗ ਹੋ ਸਕਦੀ ਹੈ। ਇਹ ਖਬਰ ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆ ਰਹੀ ਹੈ। ਤਹਾਨੂੰ ਦੱਸ ਦੇਈਏ ਕਿ ਪੰਜਵੇਂ ਗੇੜ ਦੀ ਬੇਸਿੱਟਾ ਰਹੀ ਮੀਟਿੰਗ ਤੋਂ ਬਾਅਦ ਕਿਸਾਨ ਲਗਾਤਾਰ ਕਾਫਲੇ ਬਣਾ ਕੇ ਦਿੱਲੀ ਦੇ ਬਾਰਡਰਾਂ ਵੱਲ ਆ ਰਹੇ ਹਨ, ਜਿਸ ਕਾਰਨ ਕੇਂਦਰ ਸਰਕਾਰ ਦੀਆਂ ਚਿੰਤਾਵਾਂ ਵਧ ਗਈਆਂ ਹਨ। ਜਿਸ ਨੂੰ ਲੈ ਕੇ ਕੇਂਦਰ ਸਰਕਾਰ ਗੰਭੀਰ ਹੋ ਗਈ ਹੈ ਅਤੇ ਮੀਟਿੰਗ ਲਈ ਸਰਕਾਰ ਕਿਸਾਨਾਂ ਨਾਲ ਸੰਪਰਕ ਕਰ ਰਹੀ ਹੈ ਅਤੇ ਇਹ ਮੀਟਿੰਗ 15 ਦਸੰਬਰ ਨੂੰ ਹੋ ਸਕਦੀ ਹੈ।
ਹੁਣ ਤੱਕ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਕਾਰ 5 ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਸਾਰੀਆਂ ਹੀ ਬੇ-ਸਿੱਟਾਂ ਰਹੀਆਂ ਹਨ। ਕੇਂਦਰ ਸਰਕਾਰ ਕਿਸਾਨਾਂ ਨੂੰ ਕਾਨੂੰਨਾਂ ਦੇ ਫਾਇਦੇ ਦੱਸ ਰਹੀ ਹੈ ਜਦੋਂ ਕਿ ਕਿਸਾਨ ਇਨ੍ਹਾਂ ਕਾਨੂੰਨਾਂ ਨੂੰ ਕਿਸਾਨ ਮਾਰੂ ਦੱਸ ਕੇ ਰੱਦ ਕਰਾਉਣਾ ਚਾਹੁੰਦੇ ਹਨ।
ਉਧਰ, ਕੁਝ ਕਿਸਾਨ ਜਥੇਬੰਦੀਆਂ ਦਾ ਵੀ ਕਹਿਣਾ ਹੈ ਕਿ ਜੇਕਰ ਕੇਂਦਰ ਗੱਲਬਾਤ ਲਈ ਸੱਦਾ ਭੇਜਦਾ ਹੈ ਤਾਂ ਉਹ ਤਿਆਰ ਹਨ, ਪਰ ਉਹ ਕਾਨੂੰਨਾਂ ਨੂੰ ਰੱਦ ਕਰਨ ਦੇ ਮਸਲੇ ਉਤੇ ਹੀ ਗੱਲਬਾਤ ਕਰਨਗੇ ਤੇ ਉਹ ਕਾਨੂੰਨਾਂ ਨੂੰ ਰੱਦ ਕਰਾਉਣ ਤੋਂ ਬਿਨਾਂ ਹੋਰ ਕੋਈ ਵੀ ਗੱਲਬਾਤ ਨਹੀਂ ਕਰਨਗੇ।