ਹਿਸਾਰ, 13 ਦਸੰਬਰ 2020 – ਅੱਜ ਫੇਰ ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਪੰਜਾਬ ਤੋਂ ਜਾ ਰਹੇ ਕਿਸਾਨ ਅਤੇ ਕਿਸਾਨ ਹਿਤੈਸ਼ੀ ਲੋਕਾਂ ਨੂੰ ਰਾਹ ‘ਚ ਡੱਕਣ ਲਈ ਹਿਸਾਰ-ਦਿੱਲੀ ਨੈਸ਼ਨਲ ਹਾਈਵੇ ਉੱਪਰ ਜ਼ਿਲ੍ਹਾ ਹਾਂਸੀ ਦੇ ਪਿੰਡ ਪਿਪਲਾ ਕੋਲ ਬਹੁਤ ਵੱਡੇ ਪੁਲਾਂ ਵਾਲੇ ਪੱਥਰਾਂ ਨੂੰ ਸੀਮੇਂਟ ਅਤੇ ਕਰੈਸ਼ਰ ਨਾਲ ਜੋੜ ਕੇ ਬੈਰੀਕੇਡਿੰਗ ਕੀਤੀ ਗਈ। ਜਿਕਰਯੋਗ ਹੈ ਕਿ ਅੱਜ ਇਸੇ ਰਸਤੇ ਰਾਹੀਂ 700 ਕੰਬਾਈਨਾਂ ਦਾ ਕਾਫਿਲਾ ਅਤੇ ਅਮ੍ਰਿਤਸਰ ਇਲਾਕੇ ਤੋਂ 1000 ਟਰੈਕਟਰਾਂ ਦਾ ਕਾਫਲਾ ਦਿੱਲੀ ਅੱਪੜਨਾ ਹੈ। ਜਿਸ ਨੂੰ ਲੈ ਕੇ ਹਰਿਆਣਾ ਸਰਕਾਰ ਵੱਲੋਂ ਇਹ ਬੈਰੀਕੇਡਿੰਗ ਕੀਤੀ ਗਈ।
ਪਰ 25 ਨਵੰਬਰ ਦਾ ਇਤਿਹਾਸ ਦੁਹਰਾਉਂਦਿਆਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੌਜਵਾਨਾਂ ਨੇ ਮਿਲਕੇ ਪੱਥਰਾਂ ਨੂੰ ਟਰੈਕਟਰਾਂ ਮਗਰ ਪਾ ਕੇ ਗਾਜਰਾਂ ਮੂਲ਼ੀਆਂ ਵਾਂਗ ਵਗਾਹ ਪਰ੍ਹੇ ਮਾਰਿਆ। ਸਰਕਾਰ ਦੁਆਰਾ ਲਗਾਈ ਗਈ ਇਸ ਰੋਕ ਕਰਕੇ ਇਸ ਜਗ੍ਹਾ ਲਗਭਗ 5 ਕਿਲੋਮੀਟਰ ਲੰਬਾ ਜਾਮ ਵੀ ਲੱਗ ਗਿਆ ਸੀ। ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਸਰਕਾਰ ਜੋ ਮਰਜੀ ਕਰ ਲਵੇ ਹੁਣ ਇਹ ਸਾਨੂੰ ਦਿੱਲੀ ਪਹੁੰਚਣੋਂ ਰੋਕ ਨਹੀਂ ਸਕਦੀ ਅਤੇ ਹੁਣ ਅਸੀਂ ਕਾਲੇ ਕਾਨੂੰਨ ਵਾਪਸ ਕਰਵਾ ਕੇ ਹੀ ਘਰ ਪਰਤਾਂਗੇ।