ਤੇਲੰਗਾਨਾ, 25 ਜਨਵਰੀ 2024 – ਤੇਲੰਗਾਨਾ ਵਿੱਚ ਭ੍ਰਿਸ਼ਟਾਚਾਰ ਰੋਕੂ ਬਿਊਰੋ (ਏਸੀਬੀ) ਨੇ ਇੱਕ ਅਧਿਕਾਰੀ ਦੇ ਠਿਕਾਣਿਆਂ ਤੋਂ 100 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਹੈ। ਬੁੱਧਵਾਰ (24 ਜਨਵਰੀ) ਨੂੰ ACB ਨੇ ਤੇਲੰਗਾਨਾ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ (TSRERA) ਦੇ ਸਕੱਤਰ ਸ਼ਿਵ ਬਾਲਕ੍ਰਿਸ਼ਨ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਘਰਾਂ ਅਤੇ ਦਫਤਰਾਂ ਸਮੇਤ 20 ਥਾਵਾਂ ‘ਤੇ ਛਾਪੇਮਾਰੀ ਕੀਤੀ।
ਇਸ ਦੌਰਾਨ ਉਨ੍ਹਾਂ ਕੋਲੋਂ 40 ਲੱਖ ਰੁਪਏ ਨਕਦ, 2 ਕਿਲੋ ਸੋਨਾ, 60 ਮਹਿੰਗੀਆਂ ਘੜੀਆਂ, 14 ਸਮਾਰਟ ਫ਼ੋਨ, 10 ਲੈਪਟਾਪ ਅਤੇ ਅਚੱਲ ਜਾਇਦਾਦ ਨਾਲ ਸਬੰਧਤ ਕਈ ਦਸਤਾਵੇਜ਼ ਬਰਾਮਦ ਹੋਏ। ਇਨ੍ਹਾਂ ਦੀ ਕੀਮਤ 100 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਬਾਲਕ੍ਰਿਸ਼ਨ ਦੇ ਘਰੋਂ ਨੋਟ ਗਿਣਨ ਵਾਲੀ ਮਸ਼ੀਨ ਵੀ ਜ਼ਬਤ ਕੀਤੀ ਗਈ ਹੈ।
ਮੀਡੀਆ ਰਿਪੋਰਟਾਂ ਮੁਤਾਬਕ ACB ਨੇ ਬਾਲਕ੍ਰਿਸ਼ਨ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਵਿਰੁੱਧ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਬਾਲਕ੍ਰਿਸ਼ਨ ਹੈਦਰਾਬਾਦ ਮੈਟਰੋਪੋਲੀਟਨ ਵਿਕਾਸ ਅਥਾਰਟੀ ਦੇ ਸਾਬਕਾ ਡਾਇਰੈਕਟਰ ਵੀ ਰਹਿ ਚੁੱਕੇ ਹਨ। ACB ਦਾ ਇਲਜ਼ਾਮ ਹੈ ਕਿ ਬਾਲਾਕ੍ਰਿਸ਼ਨ ਨੇ ਇਸ ਅਹੁਦੇ ‘ਤੇ ਰਹਿੰਦਿਆਂ ਵੱਡੀ ਜਾਇਦਾਦ ਹਾਸਲ ਕੀਤੀ। ਉਸਨੇ ਕਈ ਰੀਅਲ ਅਸਟੇਟ ਕੰਪਨੀਆਂ ਨੂੰ ਪਰਮਿਟ ਸੁਵਿਧਾਵਾਂ ਦੇ ਕੇ ਕਰੋੜਾਂ ਰੁਪਏ ਕਮਾਏ ਹਨ।
ਰਿਪੋਰਟਾਂ ਮੁਤਾਬਕ ACB ਅਧਿਕਾਰੀਆਂ ਨੂੰ ਬਾਲਕ੍ਰਿਸ਼ਨ ਤੋਂ ਹੋਰ ਪੈਸੇ ਅਤੇ ਜਾਇਦਾਦ ਮਿਲਣ ਦੀ ਉਮੀਦ ਹੈ। ਉਸ ਦੇ ਘਰ ਦੀ ਤਲਾਸ਼ੀ ਪੂਰੀ ਹੋ ਗਈ ਹੈ ਪਰ ਚਾਰ ਥਾਵਾਂ ‘ਤੇ ਜਾਂਚ ਜਾਰੀ ਹੈ।
ਉਸ ਦੇ ਨਾਂ ‘ਤੇ 4 ਬੈਂਕਾਂ ‘ਚ ਲਾਕਰ ਮਿਲੇ ਹਨ, ਜਿਨ੍ਹਾਂ ਨੂੰ ਖੋਲ੍ਹਿਆ ਜਾਵੇਗਾ। ਏਸੀਬੀ ਨੇ ਕਿਹਾ ਹੈ ਕਿ ਉਹ ਬਾਲਕ੍ਰਿਸ਼ਨ ਨਾਲ ਜੁੜੇ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਕਰਨਗੇ।