ਤਾਮਿਲਨਾਡੂ, 3 ਦਸੰਬਰ 2024 – ਬੰਗਾਲ ਦੀ ਖਾੜੀ ਤੋਂ ਉੱਠੇ ਫੇਂਗਲ ਤੂਫਾਨ ਦੇ ਪ੍ਰਭਾਵ ਕਾਰਨ ਤਾਮਿਲਨਾਡੂ ਵਿੱਚ 12 ਮੌਤਾਂ ਹੋਈਆਂ ਹਨ। ਮੁੱਖ ਮੰਤਰੀ ਸਟਾਲਿਨ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੇ ਪੱਤਰ ‘ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ- ਸਾਡੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਸਭ ਕੁਝ ਬਰਬਾਦ ਹੋ ਗਿਆ।
ਮੁੱਖ ਮੰਤਰੀ ਨੇ ਕਿਹਾ ਕਿ, “ਤੂਫਾਨ ਨਾਲ 69 ਲੱਖ ਪਰਿਵਾਰਾਂ ਦੇ 1.5 ਕਰੋੜ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਵਿਲੁਪੁਰਮ, ਤਿਰੂਵੰਨਾਮਲਾਈ ਅਤੇ ਕਾਲਾਕੁਰੀਚੀ ਵਿੱਚ ਇੱਕ ਦਿਨ ਵਿੱਚ ਪੂਰੇ ਸੀਜ਼ਨ ਜਿੰਨੀ ਬਰਸਾਤ (50 ਸੈਂਟੀਮੀਟਰ ਤੋਂ ਵੱਧ) ਹੋਈ, ਜਿਸ ਨਾਲ ਹੜ੍ਹ ਆ ਗਏ। 2,416 ਝੌਂਪੜੀਆਂ ਤੇ 721 ਘਰ ਤਬਾਹ ਹੋਏ, 963 ਪਸ਼ੂ ਮਰੇ, 2 ਲੱਖ ਹੈਕਟੇਅਰ ਜ਼ਮੀਨ ਤਬਾਹ ਹੋਈ, 9,000 ਕਿਲੋਮੀਟਰ ਸੜਕਾਂ, 1,936 ਸਕੂਲ ਤਬਾਹ ਹੋ ਗਏ। ਸਭ ਕੁਝ ਅਸਥਾਈ ਤੌਰ ‘ਤੇ ਠੀਕ ਕਰਨ ਲਈ 2,475 ਕਰੋੜ ਰੁਪਏ ਦੀ ਲੋੜ ਹੋਵੇਗੀ। NDRF ਫੰਡ ਰਾਹੀਂ 2 ਹਜ਼ਾਰ ਕਰੋੜ ਰੁਪਏ ਦੀ ਤੁਰੰਤ ਮਦਦ ਪ੍ਰਦਾਨ ਕਰੋ।
ਦਰਅਸਲ, ਫੇਂਗਲ ਤੂਫਾਨ 30 ਨਵੰਬਰ ਦੀ ਸ਼ਾਮ 7:30 ਵਜੇ ਪੁਡੂਚੇਰੀ ਦੇ ਕਰਾਈਕਲ ਅਤੇ ਤਾਮਿਲਨਾਡੂ ਦੇ ਮਹਾਬਲੀਪੁਰਮ ਦੇ ਵਿਚਕਾਰ ਤੱਟ ਨਾਲ ਟਕਰਾ ਗਿਆ। ਕਮਜ਼ੋਰ ਹੋਣ ਤੋਂ ਬਾਅਦ ਇਹ ਤੂਫਾਨ 2 ਦਸੰਬਰ ਨੂੰ ਕੇਰਲ, ਕਰਨਾਟਕ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਪਹੁੰਚ ਗਿਆ। ਇਨ੍ਹਾਂ ਰਾਜਾਂ ਵਿੱਚ ਵੀ ਲਗਾਤਾਰ ਮੀਂਹ ਪੈ ਰਿਹਾ ਹੈ।
ਤੂਫਾਨ ਦੇ ਉਤਰਨ ਸਮੇਂ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਚੱਲੀ। ਚੇਨਈ, ਤਿਰੂਵੱਲੁਰ, ਕਾਂਚੀਪੁਰਮ, ਚੇਂਗਲਪੱਟੂ ਅਤੇ ਵਿੱਲੂਪੁਰਮ ਵਿੱਚ ਭਾਰੀ ਮੀਂਹ ਪਿਆ। ਕਾਲਾਕੁਰੀਚੀ, ਕੁੱਡਲੋਰ ਅਤੇ ਤਿਰੂਵੰਨਮਲਾਈ ਵਿੱਚ ਸੜਕਾਂ ਅਤੇ ਬਿਜਲੀ ਦੀਆਂ ਲਾਈਨਾਂ ਨੂੰ ਨੁਕਸਾਨ ਪਹੁੰਚਿਆ। ਹੜ੍ਹ ਨੇ ਲੋਕਾਂ ਦੀ ਰੋਜ਼ੀ-ਰੋਟੀ ‘ਤੇ ਗੰਭੀਰ ਪ੍ਰਭਾਵ ਪਾਇਆ ਹੈ।
ਅਸੀਂ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਹੈ। NDRF ਦੀਆਂ 9 ਟੀਮਾਂ ਅਤੇ SDRF ਦੀਆਂ 9 ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ। 38,000 ਸਰਕਾਰੀ ਅਧਿਕਾਰੀ ਅਤੇ 1 ਲੱਖ ਸਿੱਖਿਅਤ ਫਸਟ ਰਿਸਪਾਂਡਰ ਵੀ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ। ਰਾਹਤ ਕੈਂਪ ਅਤੇ ਸਾਂਝੀ ਰਸੋਈ ਸ਼ੁਰੂ ਕੀਤੀ ਗਈ ਹੈ।
ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਪਾਣੀ ਕੱਢਣ ਲਈ 12 ਹਜ਼ਾਰ ਮੋਟਰ ਪੰਪ ਭੇਜੇ ਗਏ ਹਨ। NDRF ਫੰਡਾਂ ਤੋਂ ਇਲਾਵਾ, ਇੱਕ ਕੇਂਦਰੀ ਟੀਮ ਨੂੰ ਵੀ ਨੁਕਸਾਨ ਦਾ ਜਾਇਜ਼ਾ ਲੈਣ ਲਈ ਭੇਜਿਆ ਜਾ ਸਕਦਾ ਹੈ, ਜਿਸ ਤੋਂ ਬਾਅਦ ਪੂਰੇ ਰਾਜ ਨੂੰ ਬਹਾਲ ਕਰਨ ਲਈ ਹੋਰ ਫੰਡਾਂ ਦੀ ਮੰਗ ਕੀਤੀ ਜਾ ਸਕਦੀ ਹੈ।