ਨਵੀਂ ਦਿੱਲੀ, 15 ਦਸੰਬਰ 2023 – ਲੋਕ ਸਭਾ ਅਤੇ ਰਾਜ ਸਭਾ ‘ਚ ਸੰਸਦ ‘ਚ ਸੁਰੱਖਿਆ ‘ਚ ਕੁਤਾਹੀ ਨੂੰ ਲੈ ਕੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਹੰਗਾਮਾ ਕੀਤਾ। ਦੋਵਾਂ ਸਦਨਾਂ ਦੀ ਕਾਰਵਾਈ ਕਈ ਵਾਰ ਰੋਕਣੀ ਪਈ। ਸਪੀਕਰ ਦੀ ਚੇਤਾਵਨੀ ਤੋਂ ਬਾਅਦ ਵੀ ਸੰਸਦ ਮੈਂਬਰ ਨਹੀਂ ਮੰਨੇ। ਇਸ ਤੋਂ ਬਾਅਦ ਲੋਕ ਸਭਾ ਦੇ 13 ਅਤੇ ਰਾਜ ਸਭਾ ਦੇ ਇੱਕ ਸੰਸਦ ਮੈਂਬਰ ਨੂੰ ਪੂਰੇ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ ਹੈ।
ਕਾਂਗਰਸ ਦੇ 9, ਸੀਪੀਆਈ (ਐਮ) ਦੇ 2, ਡੀਐਮਕੇ ਅਤੇ ਸੀਪੀਆਈ ਦੇ ਇੱਕ-ਇੱਕ ਨੇਤਾ ਨੂੰ ਲੋਕ ਸਭਾ ਤੋਂ ਮੁਅੱਤਲ ਕੀਤਾ ਗਿਆ ਹੈ। ਕਾਂਗਰਸ ਦੇ ਸੰਸਦ ਮੈਂਬਰ ਟੀਐਨ ਪ੍ਰਥਾਪਨ, ਹਿਬੀ ਈਡਨ, ਜੋਤਿਮਣੀ, ਰਾਮਿਆ ਹਰੀਦਾਸ, ਡੀਨ ਕੁਰਿਆਕੋਸ, ਮਾਨਿਕਮ ਟੈਗੋਰ, ਐਮਡੀ ਜਾਵੇਦ, ਵੀਕੇ ਸ੍ਰੀਕੰਦਨ ਅਤੇ ਬੈਨੀ ਬੇਹਾਨਨ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਟੀਐਮਸੀ ਦੇ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਨੂੰ ਰਾਜ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।
ਜਿਵੇਂ ਹੀ ਵੀਰਵਾਰ ਨੂੰ 11 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਈ ਅਤੇ ਜਿਵੇਂ ਹੀ ਸਪੀਕਰ ਓਮ ਬਿਰਲਾ ਲੋਕ ਸਭਾ ਪਹੁੰਚੇ ਤਾਂ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸੰਸਦ ਦੀ ਸੁਰੱਖਿਆ ਨੂੰ ਲੈ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਕੀਤੀ। ਓਮ ਬਿਰਲਾ ਨੇ ਸਾਰਿਆਂ ਨੂੰ ਸ਼ਾਂਤੀ ਬਣਾਈ ਰੱਖਣ ਲਈ ਕਿਹਾ। ਉਨ੍ਹਾਂ ਕਿਹਾ ਕਿ ਕੱਲ੍ਹ ਵਾਪਰੀ ਘਟਨਾ ਨੂੰ ਲੈ ਕੇ ਹਰ ਕੋਈ ਚਿੰਤਤ ਹੈ, ਇਹ ਘਟਨਾ ਮੰਦਭਾਗੀ ਸੀ ਅਤੇ ਇਸ ‘ਤੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਸਾਰਿਆਂ ਨੂੰ ਭਰੋਸਾ ਦਿਵਾਇਆ ਕਿ ਲੋਕ ਸਭਾ ਦੇ ਸਪੀਕਰ ਹੋਣ ਦੇ ਨਾਤੇ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਹਰ ਕਿਸੇ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਇਸ ਦੇ ਨਾਲ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ ‘ਚ ਕਿਹਾ ਕਿ ਕੱਲ੍ਹ ਦੀ ਘਟਨਾ ਦੀ ਸਾਰਿਆਂ ਨੇ ਨਿੰਦਾ ਕੀਤੀ ਹੈ। ਸਪੀਕਰ ਨੇ ਇਸ ਮਾਮਲੇ ਦਾ ਨੋਟਿਸ ਲਿਆ ਹੈ। ਸਾਨੂੰ ਸਾਵਧਾਨ ਰਹਿਣਾ ਹੋਵੇਗਾ ਕਿ ਅਸੀਂ ਸੰਸਦ ਵਿੱਚ ਦਾਖਲ ਹੋਣ ਲਈ ਕਿਸ ਨੂੰ ਪਾਸ ਪ੍ਰਦਾਨ ਕਰਦੇ ਹਾਂ। ਸੰਸਦ ਮੈਂਬਰਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਅਜਿਹੇ ਲੋਕਾਂ ਨੂੰ ਪਾਸ ਨਾ ਦਿੱਤੇ ਜਾਣ ਜੋ ਅਰਾਜਕਤਾ ਦਾ ਮਾਹੌਲ ਪੈਦਾ ਕਰ ਸਕਦੇ ਹਨ। ਭਵਿੱਖ ਵਿੱਚ ਸਾਰੀਆਂ ਸਾਵਧਾਨੀਆਂ ਵਰਤੀਆਂ ਜਾਣਗੀਆਂ।