ਝਾਰਖੰਡ, 1 ਫਰਵਰੀ 2023 – ਝਾਰਖੰਡ ਦੇ ਧਨਬਾਦ ‘ਚ ਲੱਗੀ ਅੱਗ ਦੀ ਘਟਨਾ ਵਿੱਚ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਾਰੇ ਮ੍ਰਿਤਕ ਇੱਕੋ ਪਰਿਵਾਰ ਨਾਲ ਸਬੰਧਤ ਹਨ। ਇਸ ਵਿੱਚ 10 ਔਰਤਾਂ, 3 ਬੱਚੇ ਅਤੇ ਇੱਕ ਬਜ਼ੁਰਗ ਸ਼ਾਮਲ ਹੈ। 35 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਹੈ। ਇਨ੍ਹਾਂ ‘ਚੋਂ ਕਈ ਗੰਭੀਰ ਹਨ। ਸਾਰਿਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਮੰਗਲਵਾਰ ਸ਼ਾਮ 6.30 ਵਜੇ ਜੌੜਾ ਫਾਟਕ ਸਥਿਤ ਦਸ ਮੰਜ਼ਿਲਾ ਆਸ਼ੀਰਵਾਦ ਟਵਿਨ ਟਾਵਰ ਦੀ ਤੀਜੀ ਮੰਜ਼ਿਲ ‘ਤੇ ਇਕ ਫਲੈਟ ‘ਚ ਅੱਗ ਲੱਗ ਗਈ। ਬੱਚੇ ਨੇ ਪੂਜਾ ਲਈ ਲਗਾਇਆ ਦੀਵਾ ਸੁੱਟ ਦਿੱਤਾ। ਅੱਗ ਕਾਰਪੇਟ ਤੋਂ ਸ਼ੁਰੂ ਹੋਈ ਅਤੇ ਪੂਰੇ ਫਲੈਟ ਵਿੱਚ ਫੈਲ ਗਈ। ਸਿਲੰਡਰ ਕਾਰਨ ਅੱਗ ਭੜਕ ਗਈ।
ਆਸ਼ੀਰਵਾਦ ਟਵਿਨ ਟਾਵਰ ‘ਚ ਜਿਸ ਘਰ ‘ਚ ਅੱਗ ਲੱਗੀ ਸੀ, ਉੱਥੇ ਬੇਟੀ ਦਾ ਵਿਆਹ ਸੀ। ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਘਰ ਤੋਂ 500 ਮੀਟਰ ਦੀ ਦੂਰੀ ‘ਤੇ ਸਥਿਤ ਸਿੱਧੀ ਵਿਨਾਇਕ ਮੈਰਿਜ ਹਾਲ ‘ਚ ਇਸੇ ਪਰਿਵਾਰ ਦੀ ਬੇਟੀ ਸਵਾਤੀ ਦੇ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸਨ। ਧੀ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਉਸਦੀ ਮਾਂ, ਭਰਾ, ਦਾਦੀ-ਦਾਦੀ ਸਣੇ ਹੋਰ ਰਿਸ਼ਤੇਦਾਰ ਇਸ ਦੁਨੀਆ ‘ਚ ਨਹੀਂ ਰਹੇ। ਸੋਚ ਕਿ ਵੀ ਰੂਹ ਕੰਬ ਜਾਂਦੀ ਹੈ। ਜਿਸ ਪਰਿਵਾਰ ਨਾਲ ਬੀਤ ਰਹੀ ਹੈ ਉਸਦਾ ਕੀ ਹਾਲ ਹੋ ਰਿਹਾ ਹੋਵੇਗਾ। ਵਿਆਹ ਦੀਆਂ ਖੁਸ਼ੀਆਂ ਮਾਤਮ ‘ਚ ਬਦਲ ਗਈਆਂ। ਘਰ ਤੇ ਮੈਰਿਜ ਹਾਲ ‘ਚ ਕੀ ਹਾਲ ਹੋ ਰਿਹਾ ਹੋਵੇਗਾ ਇਸਦਾ ਸਾਡੇ ‘ਚੋਂ ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦਾ।
ਵਿਆਹ ਵਾਲੇ ਮੰਡਪ ‘ਚ ਇਕ ਧੀ ਨੂੰ ਹੁੰਦਾ ਹੈ ਕਿ ਉਸਦੇ ਮਾਪੇ ਤੇ ਭੈਣ ਭਰਾ ਹੋਣ ਪਰ ਸਵਾਤੀ ਨੂੰ ਉਸਦੇ ਘਰ ਦੇ ਲੋਕ ਨਜ਼ਰ ਨਹੀਂ ਆ ਰਹੇ ਸਨ। ਵਿਆਹ ਦੀਆਂ ਰਸਮਾਂ ਵਿਚਾਲੇ ਮੰਡਪ ਤੋਂ ਉੱਠਣਾ ਵੀ ਨਾਮੁਮਕਿਨ ਸੀ। ਪਰਿਵਾਰ ਦੇ ਲੋਕ ਕੋਈ ਨਾ ਕੋਈ ਬਹਾਨਾ ਬਣਾ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਹ ‘ਤੇ ਇਕ ਧੀ ਹੈ ਨਾ ਕਿਵੇਂ ਪਰਿਵਾਰ ਦਾ ਦੁੱਖ ਨਹੀਂ ਸਮਝਦੀ। ਉਸਨੂੰ ਇਹਸਾਸ ਹੋਇਆ ਕਿ ਕੁੱਝ ‘ਤੇ ਜ਼ਰੂਰ ਹੈ ਜੋ ਉਸ ਤੋਂ ਲੁਕਾਇਆ ਜਾ ਰਿਹਾ ਹੈ ਪਰ ਪਰਿਵਾਰ ਦੀ ਇੱਜ਼ਤ ਖਾਤਰ ਉਹ ਮੰਡਪ ‘ਚ ਬੈਠੀ ਰਹੀ।
ਸਵਾਤੀ ਦੇ ਪਿਤਾ ਵੀ ਬੇਟੀ ਦੇ ਵਿਆਹ ਦੀ ਖੁਸ਼ੀ ਮਨਾਉਣ ਦੀ ਥਾਂ ਪੂਰੀ ਤਰ੍ਹਾਂ ਟੁੱਟ ਗਏ। ਪਤਨੀ ਤੇ ਪੁੱਤ ਦੀ ਮੌਤ ਤੇ ਦੂਜੇ ਪਾਸੇ ਧੀ ਦੀਆਂ ਖੁਸ਼ੀਆਂ। ਉਹ ਕੁੱਝ ਕਹਿਣ ਸੁਣਨ ਦੀ ਹਾਲਤ ‘ਚ ਨਹੀਂ ਸਨ ਤੇ ਇਕ ਪਾਸੇ ਕੁਰਸੀ ‘ਤੇ ਬੈਠੇ ਰਹੇ। ਧੀ ਦਾ ਕੰਨਿਆਦਾਨ ਕਰਨ ਦੀ ਵੀ ਹਿੰਮਤ ਉਨ੍ਹਾਂ ਤੋਂ ਨਹੀਂ ਹੋਈ। ਜਦੋਂ ਸਵਾਤੀ ਦੇ ਮਾਪਿਆਂ ਨੂੰ ਕੰਨਿਆਦਾਨ ਲਈ ਮੰਡਪ ‘ਚ ਬੁਲਾਇਆ ਗਿਆ ਤਾਂ ਉਨ੍ਹਾਂ ਦੀ ਥਾਂ ਉਸਦੇ ਇਕ ਦੂਰ ਦੇ ਭਰਾ ਨੇ ਉਸਦਾ ਕੰਨਿਆਦਾਨ ਕੀਤਾ। ਜਿਸ ਨੇ ਸਵਾਤੀ ਦੇ ਮਨ ‘ਚ ਕਈ ਤਰ੍ਹਾਂ ਦੇ ਸਵਾਲ ਪੈਦਾ ਕਰ ਦਿੱਤੇ।
ਆਖਿਰਕਾਰ ਵਿਆਹ ਦੀਆਂ ਰਸਮਾਂ ਹੋਇਆ ਤੇ ਹੁਣ ਸਮਾਂ ਆਇਆ ਵਿਦਾਈ ਦਾ ਸਵੇਰ ਦੇ 5 ਵਜੇ ਕੁੜੀ ਦੀ ਵਿਦਾਈ ਕਰਵਾਈ ਗਈ ਉੱਥੇ ਵੀ ਉਸਦੇ ਪਰਿਵਾਰ ਵਾਲੇ ਉਸ ਕੋਲ ਨਹੀਂ ਸਨ ਪਰ ਹੈ ਤਾਂ ਧੀ ਨਾ ਪ੍ਰੇਸ਼ਾਨੀ ‘ਚ ਵੀ ਕਿਵੇਂ ਮਾਪਿਆਂ ਦਾ ਸਰ ਥੱਲੇ ਲੱਗਣ ਦਿੰਦੀ ਚੁੱਪਚਾਪ ਤਕਲੀਫ਼ਾਂ ਦਿਲ ‘ਚ ਲੈ ਤੁਰ ਗਈ। ਹਾਲਾਂਕਿ ਵਿਦਾਈ ਤੋਂ ਬਾਅਦ ਸਵਾਤੀ ਨੂੰ ਸਾਰੀ ਗੱਲ ਦਾ ਪਤਾ ਲਗਿਆ ਜਿਸ ਤੋਂ ਬਾਅਦ ਉਸਦਾ ਜੋ ਹਾਲ ਹੋਇਆ ਉਸਨੂੰ ਅਸੀਂ ਸੋਚ ਵੀ ਨਹੀਂ ਸਕਦੇ। ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੁੰਦੀਆਂ ਹੀ ਸਬ ਕੁੱਝ ਖਤਮ ਹੋ ਗਿਆ। ਉਧਰ ਕੁੜੀ ਦੇ ਪਰਿਵਾਰ ਦਾ ਵੀ ਕਾਫੀ ਬੁਰਾ ਹਾਲ ਹੋ ਰਿਹਾ ਹੈ। ਧੀ ਅੱਗੇ ਆਪਣਾ ਦੁੱਖ ਲੁਕਾਏ ਬੈਠਾ ਪਿਤਾ ਬਾਅਦ ‘ਚ ਧਾਹਾਂ ਮਾਰ-ਮਾਰ ਰੋਇਆ। ਬਹਿਰਹਾਲ ਹੁਣ ਸਾਰੀਆਂ ਦਾ ਅੰਤਿਮ ਸਸਕਾਰ ਕੀਤਾ ਜਾਣਾ ਹੈ। ਉੱਥੇ ਹੀ ਘਟਨਾ ਨੂੰ ਲੈ ਕੇ ਮੁੱਖ ਮੰਤਰੀ ਸਣੇ ਹੋਰ ਮੰਤਰੀਆਂ ਨੇ ਦੁਖ ਪ੍ਰਗਟ ਕੀਤਾ ਹੈ।