ਨਵੀਂ ਦਿੱਲੀ, 9 ਜੁਲਾਈ 2022 – ਬਾਬਾ ਅਮਰਨਾਥ ਗੁਫਾ ਨੇੜੇ ਬੱਦਲ ਫਟਣ ਕਾਰਨ ਪੈਦਾ ਹੋਈ ਸਥਿਤੀ ਤੋਂ ਬਾਅਦ ਸੂਬਾ ਪ੍ਰਸ਼ਾਸਨ ਵੱਲੋਂ ਬਚਾਅ ਅਤੇ ਰਾਹਤ ਕਾਰਜ ਕੀਤੇ ਜਾ ਰਹੇ ਹਨ। NDRF, SDRF ਅਤੇ ITBP ਦੀਆਂ ਟੀਮਾਂ ਰਾਹਤ ਅਤੇ ਬਚਾਅ ਕਾਰਜ ‘ਚ ਲੱਗੀਆਂ ਹੋਈਆਂ ਹਨ। ਇਸ ਹਾਦਸੇ ‘ਚ ਹੁਣ ਤੱਕ 16 ਸ਼ਰਧਾਲੂਆਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ, ਜਦੋਂ ਕਿ 48 ਦੇ ਕਰੀਬ ਸ਼ਰਧਾਲੂ ਅਜੇ ਵੀ ਲਾਪਤਾ ਹਨ ਜਦੋਂ ਕਿ 45 ਤੋਂ ਵੱਧ ਲੋਕ ਜ਼ਖਮੀ ਹੋਏ ਹਨ।
ਰਾਸ਼ਟਰੀ ਆਫ਼ਤ ਰਿਸਪਾਂਸ ਫੋਰਸ ਦੀਆਂ ਤਿੰਨ ਟੀਮਾਂ (ਇੱਕ ਟੀਮ ਵਿੱਚ 30 ਜਵਾਨ) ਤੋਂ ਇਲਾਵਾ ਫ਼ੌਜ ਦੀਆਂ 10 ਬਚਾਅ ਟੀਮਾਂ ਪਵਿੱਤਰ ਗੁਫ਼ਾ ਤੋਂ ਲੈ ਕੇ ਯਾਤਰਾ ਮਾਰਗ ਤੱਕ ਤਾਇਨਾਤ ਹਨ। ਬੀਐਸਐਫ ਦੇ ਐਮਆਈ 17 ਹੈਲੀਕਾਪਟਰ ਨੂੰ ਹਵਾਈ ਆਵਾਜਾਈ ਵਿੱਚ ਤਾਇਨਾਤ ਕੀਤਾ ਗਿਆ ਹੈ। ਇਹ ਹੈਲੀਕਾਪਟਰ ਜ਼ਖਮੀਆਂ ਅਤੇ ਲਾਸ਼ਾਂ ਦੇ ਨਾਲ-ਨਾਲ ਲੋਕਾਂ ਨੂੰ ਨੀਲਗੜ੍ਹ ਹੈਲੀਪੈਡ/ਬਾਲਟਾਲ ਤੋਂ ਬੀ.ਐੱਸ.ਐੱਫ. ਕੈਂਪ ਸ਼੍ਰੀਨਗਰ ਤੱਕ ਲਿਜਾ ਰਿਹਾ ਹੈ।