ਹਿਮਾਚਲ ਪ੍ਰਦੇਸ਼, 1 ਮਈ 2024 – ਹਿਮਾਚਲ ਪ੍ਰਦੇਸ਼ ਸਰਕਾਰ ਨੇ 1991 ਬੈਚ ਦੇ ਆਈਪੀਐਸ ਅਧਿਕਾਰੀ ਡਾ: ਅਤੁਲ ਵਰਮਾ ਨੂੰ ਹਿਮਾਚਲ ਪੁਲਿਸ ਦਾ ਨਵਾਂ ਮੁਖੀ ਨਿਯੁਕਤ ਕੀਤਾ ਹੈ। ਚੋਣ ਵਿਭਾਗ ਦੀ ਮਨਜ਼ੂਰੀ ਤੋਂ ਬਾਅਦ ਸਰਕਾਰ ਨੇ ਬੁੱਧਵਾਰ ਨੂੰ ਅਤੁਲ ਵਰਮਾ ਨੂੰ ਹਿਮਾਚਲ ਪੁਲਿਸ ਦਾ ਡਾਇਰੈਕਟਰ ਜਨਰਲ (ਡੀਜੀਪੀ) ਨਿਯੁਕਤ ਕੀਤਾ ਹੈ। ਮੁੱਖ ਸਕੱਤਰ ਪ੍ਰਬੋਧ ਸਕਸੈਨਾ ਨੇ ਬੁੱਧਵਾਰ ਨੂੰ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ।
ਅਤੁਲ ਵਰਮਾ ਮੂਲ ਰੂਪ ਤੋਂ ਝਾਰਖੰਡ ਦਾ ਰਹਿਣ ਵਾਲਾ ਹੈ। ਉਹ ਦੋ ਮਹੀਨੇ ਪਹਿਲਾਂ ਹੀ ਕੇਂਦਰੀ ਡੈਪੂਟੇਸ਼ਨ ਤੋਂ ਹਿਮਾਚਲ ਪਰਤੇ ਸਨ। ਦਿੱਲੀ ਵਿੱਚ ਅਤੁਲ ਵਰਮਾ ਕੇਂਦਰ ਸਰਕਾਰ ਵਿੱਚ ਡੀਜੀਪੀ ਕੰਪੀਟੀਸ਼ਨ ਕਮਿਸ਼ਨ ਆਫ਼ ਇੰਡੀਆ ਵਜੋਂ ਤਾਇਨਾਤ ਸਨ। 1 ਮਾਰਚ ਨੂੰ ਰਾਜ ਸਰਕਾਰ ਨੇ ਉਨ੍ਹਾਂ ਨੂੰ ਸੀਆਈਡੀ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਸੀ। ਅਤੁਲ ਵਰਮਾ 31 ਮਈ 2025 ਨੂੰ ਸੇਵਾਮੁਕਤ ਹੋ ਜਾਣਗੇ।
ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਅਤੁਲ ਵਰਮਾ ਦੀ ਤਾਜਪੋਸ਼ੀ ਲਈ 2 ਸੀਨੀਅਰ ਆਈ.ਪੀ.ਐਸ. ਨੂੰ ਸੁਪਰਸੀਡ ਕੀਤਾ ਹੈ। ਅਤੁਲ ਵਰਮਾ ਤੋਂ ਸੀਨੀਅਰ 1989 ਬੈਚ ਦੇ ਆਈਪੀਐਸ ਐਸਆਰ ਓਝਾ ਅਤੇ 1990 ਬੈਚ ਦੇ ਆਈਪੀਐਸ ਸ਼ਿਆਮ ਭਗਤ ਨੇਗੀ ਨੂੰ ਸੁਪਰਸੀਡ ਕੀਤਾ ਗਿਆ ਹੈ। ਐੱਸ.ਆਰ.ਓਝਾ ਇਸ ਸਮੇਂ ਡੀਜੀ ਜੇਲ੍ਹ ਹਨ, ਜਦੋਂ ਕਿ ਸ਼ਿਆਮ ਭਗਤ ਨੇਗੀ ਸੈਂਟਰ ਡੈਪੂਟੇਸ਼ਨ ‘ਤੇ ਹਨ।
ਦਰਅਸਲ, ਹਿਮਾਚਲ ਦੇ ਸਾਬਕਾ ਡੀਜੀਪੀ ਸੰਜੇ ਕੁੰਡੂ 35 ਸਾਲ ਦੀ ਸੇਵਾ ਤੋਂ ਬਾਅਦ ਕੱਲ੍ਹ ਸੇਵਾਮੁਕਤ ਹੋ ਗਏ ਸਨ। ਇਸ ਲਈ ਸਰਕਾਰ ਨੇ ਅੱਜ ਨਵੇਂ ਡੀ.ਜੀ.ਪੀ. ਦੀ ਤਾਜਪੋਸ਼ੀ ਕਰ ਦਿੱਤੀ ਹੈ। ਤਿੰਨ ਸੀਨੀਅਰ ਆਈਪੀਐਸ ਦਾ ਇੱਕ ਪੈਨਲ ਹਿਮਾਚਲ ਤੋਂ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐਸਸੀ) ਨੂੰ ਭੇਜਿਆ ਗਿਆ ਸੀ। ਇਸ ਵਿੱਚ ਤਿੰਨ ਨਾਂ ਸ਼ਾਮਲ ਸਨ: ਐਸ.ਆਰ.ਓਝਾ, ਸ਼ਿਆਮ ਭਗਤ ਨੇਗੀ ਅਤੇ ਅਤੁਲ ਵਰਮਾ।
ਯੂਪੀਐਸਸੀ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਸਰਕਾਰ ਨੇ ਡੀਜੀਪੀ ਦੀ ਤਾਇਨਾਤੀ ਲਈ ਚੋਣ ਕਮਿਸ਼ਨ ਤੋਂ ਮਨਜ਼ੂਰੀ ਮੰਗੀ ਸੀ ਕਿਉਂਕਿ ਲੋਕ ਸਭਾ ਚੋਣਾਂ ਕਾਰਨ ਚੋਣ ਜ਼ਾਬਤਾ ਲਾਗੂ ਹੈ। ਚੋਣ ਕਮਿਸ਼ਨ ਦੀ ਮਨਜ਼ੂਰੀ ਤੋਂ ਬਾਅਦ ਡੀ.ਜੀ.ਪੀ. ਦੀ ਤੈਨਾਤੀ ਕੀਤੀ ਗਈ ਹੈ।