ਨਵੀਂ ਦਿੱਲੀ, 25 ਮਈ 2025 – ਪਿਛਲੇ 24 ਘੰਟਿਆਂ ਵਿੱਚ, ਦੇਸ਼ ਵਿੱਚ ਕੋਰੋਨਾ ਦੇ ਨਵੇਂ ਰੂਪ ਕਾਰਨ 2 ਮਰੀਜ਼ਾਂ ਦੀ ਮੌਤ ਹੋ ਗਈ ਹੈ। ਸਿਹਤ ਵਿਭਾਗ ਦੇ ਅਨੁਸਾਰ, ਬੈਂਗਲੁਰੂ ਵਿੱਚ ਕੋਰੋਨਾ ਤੋਂ ਪੀੜਤ ਇੱਕ 84 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਤੋਂ ਪਹਿਲਾਂ ਠਾਣੇ ਵਿੱਚ ਇੱਕ 21 ਸਾਲਾ ਨੌਜਵਾਨ ਦੀ ਮੌਤ ਹੋ ਗਈ ਸੀ।
ਬੀਤੇ ਦਿਨ ਸ਼ਨੀਵਾਰ ਨੂੰ 23 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਸਨ। ਮਹਾਰਾਸ਼ਟਰ ਦੇ ਠਾਣੇ ਤੋਂ 8, ਰਾਜਸਥਾਨ ਅਤੇ ਕਰਨਾਟਕ ਤੋਂ 5-5, ਉੱਤਰਾਖੰਡ ਅਤੇ ਹਰਿਆਣਾ ਤੋਂ 3-3, ਮੱਧ ਪ੍ਰਦੇਸ਼ ਦੇ ਇੰਦੌਰ ਤੋਂ 2 ਅਤੇ ਯੂਪੀ ਦੇ ਨੋਇਡਾ ਤੋਂ 1 ਕੇਸ ਸਾਹਮਣੇ ਆਇਆ ਹੈ। ਸਰਗਰਮ ਮਾਮਲਿਆਂ ਦੀ ਕੁੱਲ ਗਿਣਤੀ 363 ਤੱਕ ਪਹੁੰਚ ਗਈ ਹੈ।
ਦੇਸ਼ ਭਰ ਵਿੱਚ ਵੱਧ ਰਹੇ ਮਾਮਲਿਆਂ ਦੇ ਵਿਚਕਾਰ, ਕੇਂਦਰੀ ਸਿਹਤ ਸਕੱਤਰ ਨੇ ਸ਼ਨੀਵਾਰ ਨੂੰ ਇੱਕ ਸਮੀਖਿਆ ਮੀਟਿੰਗ ਕੀਤੀ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR), ਡਿਪਾਰਟਮੈਂਟ ਆਫ਼ ਹੈਲਥ ਰਿਸਰਚ (DHR), ਡਾਇਰੈਕਟਰ ਜਨਰਲ ਹੈਲਥ ਸਰਵਿਸਿਜ਼ (DGHS) ਅਤੇ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (NCDC) ਦੇ ਅਧਿਕਾਰੀ ਮੀਟਿੰਗ ਵਿੱਚ ਸ਼ਾਮਲ ਹੋਏ।

ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੇਰਲ, ਤਾਮਿਲਨਾਡੂ, ਮਹਾਰਾਸ਼ਟਰ ਅਤੇ ਕਰਨਾਟਕ ਵਰਗੇ ਰਾਜਾਂ ਤੋਂ ਕੋਵਿਡ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ, ਜ਼ਿਆਦਾਤਰ ਮਾਮਲੇ ਹਲਕੇ ਹਨ ਅਤੇ ਮਰੀਜ਼ ਘਰੇਲੂ ਇਕਾਂਤਵਾਸ ਵਿੱਚ ਠੀਕ ਹੋ ਰਹੇ ਹਨ।
