- ਇੱਕ ਵਾਰ ਵਿੱਚ ₹ 20000 ਤੱਕ ਹੀ ਐਕਸਚੇਂਜ ਕੀਤੇ ਜਾ ਸਕਦੇ ਨੇ ਨੋਟ
- ਬੈਂਕਾਂ ਨੇ ਨੋਟ ਬਦਲਣ ਦੀਆਂ ਪੂਰੀਆਂ ਕੀਤੀਆਂ ਤਿਆਰੀਆਂ
- RBI ਨੇ 2000 ਦੇ ਨੋਟ ਬੰਦ ਕਰਨ ਦਾ ਕੀਤਾ ਹੈ ਫੈਸਲਾ
ਨਵੀਂ ਦਿੱਲੀ, 23 ਮਈ 2023 – ਅੱਜ ਤੋਂ ਪੂਰੇ ਭਾਰਤ ‘ਚ 2000 ਰੁਪਏ ਦੇ ਨੋਟ ਬਦਲੇ ਜਾਣੇ ਸ਼ੁਰੂ ਹੋ ਜਾਣਗੇ। ਬੈਂਕ ਖੁੱਲ੍ਹਦੇ ਹੀ ਲੋਕ ਬੈਂਕਾਂ ਦੀ ਸ਼ਾਖਾ ‘ਚ ਜਾ ਕੇ ਆਪਣੇ ਕੋਲ ਮੌਜੂਦ 2000 ਰੁਪਏ ਦੇ ਨੋਟ ਬਦਲਵਾ ਸਕਣਗੇ। ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਨੋਟਾਂ ਨੂੰ ਬਦਲਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। 20,000 ਰੁਪਏ ਤੱਕ ਦੇ 2000 ਦੇ ਨੋਟ ਬੈਂਕਾਂ ਵਿੱਚ ਇੱਕ ਵਾਰ ਵਿੱਚ ਆਸਾਨੀ ਨਾਲ ਬਦਲੇ ਜਾ ਸਕਦੇ ਹਨ। ਇਸ ਦੇ ਨਾਲ ਹੀ ਬੈਂਕ ਖਾਤੇ ‘ਚ 2,000 ਰੁਪਏ ਦੇ ਨੋਟ ਜਮ੍ਹਾ ਕਰਵਾਉਣ ਦੀ ਕੋਈ ਸੀਮਾ ਨਹੀਂ ਹੈ। ਪਰ ਇਸਦੇ ਲਈ ਬੈਂਕ ਦੇ ਡਿਪਾਜ਼ਿਟ ਦੇ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ।
ਰਿਜ਼ਰਵ ਬੈਂਕ ਨੇ ਸਪੱਸ਼ਟ ਕਿਹਾ ਹੈ ਕਿ 2000 ਰੁਪਏ ਦੇ ਨੋਟਾਂ ਨੂੰ ਬਦਲਣ ਲਈ ਨਾ ਤਾਂ ਬੈਂਕ ਵਿੱਚ ਕੋਈ ਫਾਰਮ ਭਰਨਾ ਹੋਵੇਗਾ ਅਤੇ ਨਾ ਹੀ ਕਿਸੇ ਪਛਾਣ ਪੱਤਰ ਦੀ ਲੋੜ ਹੋਵੇਗੀ। ਤੁਸੀਂ ਇੱਕ ਵਾਰ ਵਿੱਚ 2000 ਰੁਪਏ ਦੇ 10 ਨੋਟ ਬਦਲ ਸਕਦੇ ਹੋ। 2000 ਰੁਪਏ ਦੇ ਨੋਟ 30 ਸਤੰਬਰ 2023 ਤੱਕ ਬਦਲੇ ਜਾ ਸਕਦੇ ਹਨ। ਨੋਟ ਬਦਲਣ ਦੀ ਪ੍ਰਕਿਰਿਆ ਨੂੰ ਲੈ ਕੇ ਆਰਬੀਆਈ ਦੀਆਂ ਹਦਾਇਤਾਂ ਅਨੁਸਾਰ ਸਾਰੇ ਬੈਂਕਾਂ ਨੇ ਆਪਣੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।
ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨੋਟ ਬਦਲਣ ਨੂੰ ਲੈ ਕੇ ਬਿਲਕੁਲ ਨਾ ਘਬਰਾਉਣ। ਲੋਕਾਂ ਕੋਲ 4 ਮਹੀਨਿਆਂ ਤੋਂ ਵੱਧ ਦਾ ਸਮਾਂ ਹੈ, ਉਹ ਆਸਾਨੀ ਨਾਲ ਕਿਸੇ ਵੀ ਬ੍ਰਾਂਚ ਵਿੱਚ ਜਾ ਕੇ 2000 ਦੇ ਨੋਟ ਬਦਲਵਾ ਸਕਦੇ ਹਨ। ਭਾਰਤੀ ਰਿਜ਼ਰਵ ਬੈਂਕ ਨੇ ‘ਕਲੀਨ ਨੋਟ ਪਾਲਿਸੀ’ ਤਹਿਤ 2000 ਰੁਪਏ ਦੇ ਨੋਟ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਨੀਤੀ ਦੇ ਤਹਿਤ, ਆਰਬੀਆਈ ਹੌਲੀ-ਹੌਲੀ 2000 ਦੇ ਨੋਟ ਬਾਜ਼ਾਰ ਤੋਂ ਵਾਪਸ ਲੈ ਲਵੇਗਾ।