ਨਵੀਂ ਦਿੱਲੀ, 23 ਫਰਵਰੀ, 2025: ਪਾਕਿਸਤਾਨੀ ਅਧਿਕਾਰੀਆਂ ਨੇ ਕਰਾਚੀ ਦੀ ਮਾਲੀਰ ਜੇਲ੍ਹ ਤੋਂ 22 ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਸ਼ਨੀਵਾਰ ਯਾਨੀ ਅੱਜ ਭਾਰਤ ਨੂੰ ਸੌਂਪੇ ਜਾਣ ਦੀ ਸੰਭਾਵਨਾ ਹੈ। ਐਕਸਪ੍ਰੈਸ ਟ੍ਰਿਬਿਊਨ ਅਖਬਾਰ ਨੇ ਮਾਲੀਰ ਜੇਲ੍ਹ ਸੁਪਰਡੈਂਟ ਅਰਸ਼ਦ ਸ਼ਾਹ ਦੇ ਹਵਾਲੇ ਨਾਲ ਕਿਹਾ ਕਿ ਮਛੇਰਿਆਂ ਨੂੰ ਉਨ੍ਹਾਂ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ‘ਈਧੀ ਫਾਊਂਡੇਸ਼ਨ’ ਦੇ ਚੇਅਰਮੈਨ ਫੈਸਲ ਈਧੀ ਨੇ ਮਛੇਰਿਆਂ ਨੂੰ ਲਾਹੌਰ ਲਿਜਾਣ ਦਾ ਪ੍ਰਬੰਧ ਕੀਤਾ, ਜਿੱਥੋਂ ਉਹ ਭਾਰਤ ਵਾਪਸੀ ਦੀ ਯਾਤਰਾ ਜਾਰੀ ਰੱਖਣਗੇ। ਉਨ੍ਹਾਂ ਨੇ ਲੰਬੀ ਮਿਆਦ ਤੱਕ ਜੇਲ੍ਹ ਵਿਚ ਰਹਿਣ ਦੌਰਾਨ ਮਛੇਰਿਆਂ ਦੇ ਪਰਿਵਾਰਾਂ ਨੂੰ ਦਰਪੇਸ਼ ਦੁੱਖਾਂ ਨੂੰ ਉਜਾਗਰ ਕੀਤਾ ਅਤੇ ਸਜ਼ਾ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਦੀ ਤੁਰੰਤ ਰਿਹਾਈ ਅਤੇ ਜਲਦੀ ਵਾਪਸੀ ਦਾ ਸੱਦਾ ਦਿੱਤਾ।
ਪਾਕਿਸਤਾਨੀ ਅਧਿਕਾਰੀ ਭਾਰਤੀ ਮਛੇਰਿਆਂ ਨੂੰ ਵਾਹਗਾ ਸਰਹੱਦ ‘ਤੇ ਲੈ ਜਾਂਦੇ ਹਨ, ਜਿੱਥੇ ਭਾਰਤੀ ਅਧਿਕਾਰੀ ਰਸਮੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਉਨ੍ਹਾਂ ਦੀ ਵਾਪਸੀ ਦਾ ਪ੍ਰਬੰਧ ਕਰਦੇ ਹਨ। ਦਰਅਸਲ, ਦੋਵਾਂ ਦੇਸ਼ਾਂ ਦੇ ਮਛੇਰੇ, ਮੱਛੀਆਂ ਫੜਦੇ ਸਮੇਂ ਸਮੁੰਦਰੀ ਸਰਹੱਦਾਂ ਪਾਰ ਕਰ ਇਕ-ਦੂਜੇ ਦੇ ਜਲ ਖੇਤਰ ਵਿੱਚ ਦਾਖਲ ਹੋ ਜਾਂਦੇ ਹਨ, ਜਿੱਥੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। 1 ਜਨਵਰੀ ਨੂੰ ਦੋਵਾਂ ਦੇਸ਼ਾਂ ਵਿਚਕਾਰ ਕੈਦੀਆਂ ਦੀ ਅਦਲਾ-ਬਦਲੀ ਦੀ ਸੂਚੀ ਦੇ ਅਨੁਸਾਰ, ਪਾਕਿਸਤਾਨ ਵਿੱਚ 266 ਭਾਰਤੀ ਕੈਦੀ ਹਨ, ਜਿਨ੍ਹਾਂ ਵਿੱਚ 217 ਮਛੇਰੇ ਵੀ ਸ਼ਾਮਲ ਹਨ। ਭਾਰਤ ਵੱਲੋਂ ਸਾਂਝੀ ਕੀਤੀ ਗਈ ਸੂਚੀ ਦੇ ਅਨੁਸਾਰ, ਭਾਰਤੀ ਜੇਲ੍ਹਾਂ ਵਿੱਚ ਕੁੱਲ 462 ਪਾਕਿਸਤਾਨੀ ਕੈਦੀ ਹਨ, ਜਿਨ੍ਹਾਂ ਵਿੱਚ 81 ਮਛੇਰੇ ਹਨ।

